ਇਟਲੀ ਵਿਚ ਪੰਜਾਬਣ ਨੇ ਪੜ੍ਹਾਈ ਵਿਚ ਗੱਡੇ ਝੰਡੇ, ਮਾਪਿਆਂ ਦਾ ਨਾਂ ਕੀਤਾ ਰੌਸ਼ਨ

Tuesday, Jul 11, 2017 - 04:01 PM (IST)

ਵੈਨਿਸ— ਵਿਦੇਸ਼ਾਂ 'ਚ ਰਹਿੰਦੇ ਪੰਜਾਬੀਆਂ ਦੇ ਬੱਚੇ ਜਦੋਂ ਕੁਝ ਵੱਖਰਾ ਕਰਦੇ ਹਨ ਤਾਂ ਉਹ ਇਕੱਲੇ ਆਪਣੇ ਮਾਂ-ਬਾਪ ਦਾ ਹੀ ਨਹੀਂ ਸਗੋਂ ਭਾਰਤ ਦੇਸ਼ ਦਾ ਨਾਂ ਵੀ ਚਮਕਾਉਂਦੇ ਹਨ। ਕੁਝ ਅਜਿਹਾ ਹੀ ਕੀਤਾ ਹੈ ਇਟਲੀ ਵਿਚ ਰਹਿ ਰਹੀ ਪੰਜਾਬਣ ਵਿਦਿਆਰਥਣ ਨੇ, ਇਸ ਵਿਦਿਆਰਥਣ ਦਾ ਨਾਂ ਹੈ ਗੁਰਪ੍ਰੀਤ ਕੌਰ ਜੋ ਕਿ ਪੰਜਾਬ ਦੇ ਬੰਗਾ ਸ਼ਹਿਰ ਨਾਲ ਸੰਬੰਧ ਰੱਖਦੀ ਹੈ। ਇਟਲੀ 'ਚ ਇਸ ਵਿਦਿਆਰਥਣ ਨੇ ਆਪਣੀ ਮਿਹਨਤ ਅਤੇ ਲਗਨ ਸਦਕਾ ਗਰੈਜੂਏਸ਼ਨ ਦੀ ਪ੍ਰੀਖਿਆ ਵਿਚੋਂ 99 ਫੀਸਦੀ ਅੰਕ ਹਾਸਲ ਕਰ ਕੇ ਮਾਪਿਆਂ ਅਤੇ ਭਾਰਤ ਦਾ ਨਾਂ ਚਮਕਾਇਆ ਹੈ। 
ਇਟਲੀ ਦੇ ਸ਼ਹਿਰ ਵਿਰੋਨਾ ਨੇੜੇ ਸਨਬੋਨੀਫਾਚੋ ਵਿਖੇ ਗਰੈਜੂਏਸ਼ਨ ਦੀ ਪੜ੍ਹਾਈ ਦੇ ਆਖਰੀ ਸਾਲ ਦੀ ਪ੍ਰੀਖਿਆ ਦੌਰਾਨ ਇਸ ਹੋਣਹਾਰ ਲੜਕੀ ਨੇ ਇਕਨਾਮਿਕਸ ਵਿਸ਼ੇ ਸਮੇਤ ਬਾਕੀ ਸਾਰੇ ਵਿਸ਼ਿਆਂ ਵਿਚ ਚੰਗੇ ਨੰਬਰ ਹਾਸਲ ਕਰ ਕੇ ਅੱਵਲ ਦਰਜੇ 'ਤੇ ਰਹਿਣ ਦਾ ਮਾਣ ਹਾਸਲ ਕੀਤਾ ਹੈ। ਸ. ਬਹਾਦਰ ਸਿੰਘ ਦੀ ਸਪੁੱਤਰੀ ਗੁਰਪ੍ਰੀਤ ਕੌਰ ਦੀ ਇਸ ਵਿੱਦਿਅਕ ਪ੍ਰਾਪਤੀ ਲਈ ਕਾਲਜ ਦੇ ਸਟਾਫ ਵਲੋਂ ਮਿਹਨਤ ਅਤੇ ਲਗਨ ਦੀ ਸ਼ਲਾਘਾ ਕੀਤੀ ਗਈ ਹੈ। ਗੁਰਪ੍ਰੀਤ ਕੌਰ ਨੂੰ ਗੁਰਦੁਆਰਾ ਸ੍ਰੀ ਗੁਰੂ ਨਾਨਕ ਮਿਸ਼ਨ ਸਨਬੋਨੀਫਾਚੋ ਵਿਖੇ ਵਿਸ਼ੇਸ਼ ਤੌਰ 'ਤੇ ਸਨਮਾਨਤ ਵੀ ਕੀਤਾ ਗਿਆ। ਗੁਰਪ੍ਰੀਤ ਨੇ ਦੱਸਿਆ ਕਿ ਉਸ ਨੇ ਪੜ੍ਹਾਈ 'ਚ ਸਖਤ ਮਿਹਨਤ ਕੀਤੀ, ਜਿਸ ਸਦਕਾ ਉਸ ਨੇ ਇਹ ਚੰਗੇ ਨੰਬਰ ਹਾਸਲ ਕੀਤੇ। ਉਹ ਹੁਣ ਅਗਲੇਰੀ ਪੜ੍ਹਾਈ ਲਈ ਇਟਾਲੀਅਨ ਯੂਨੀਵਰਸਿਟੀ ਵਿਚ ਦਾਖਲਾ ਲਵੇਗੀ ਅਤੇ ਇਕਨਾਮਿਕਸ ਵਿਸ਼ੇ ਵਿਚ ਮਾਸਟਰ ਡਿਗਰੀ ਕਰੇਗੀ।


Related News