ਕੈਨੇਡਾ 'ਚ ਬਿਨਾਂ ਮਨਜ਼ੂਰੀ ਦੇ ਹਸਪਤਾਲ ਨੇ ਬਜ਼ੁਰਗ ਸਿੱਖ ਦੀ ਕੱਟ ਦਿੱਤੀ ਦਾੜ੍ਹੀ, ਭਖਿਆ ਮਾਮਲਾ

Friday, Sep 13, 2024 - 03:23 PM (IST)

ਕੈਨੇਡਾ 'ਚ ਬਿਨਾਂ ਮਨਜ਼ੂਰੀ ਦੇ ਹਸਪਤਾਲ ਨੇ ਬਜ਼ੁਰਗ ਸਿੱਖ ਦੀ ਕੱਟ ਦਿੱਤੀ ਦਾੜ੍ਹੀ, ਭਖਿਆ ਮਾਮਲਾ

ਬਰੈਂਪਟਨ : ਕੈਨੇਡਾ ਦੇ ਇਕ ਹਸਪਤਾਲ ਵਿਚ ਦਾਖਲ ਬਜ਼ੁਰਗ ਸਿੱਖ ਦੀ ਦਾੜ੍ਹੀ ਉਸ ਦੀ ਮਰਜ਼ੀ ਤੋਂ ਬਗੈਰ ਸ਼ੇਵ ਕਰਨ ਦਾ ਚਿੰਤਾਜਨਕ ਮਾਮਲਾ ਸਾਹਮਣੇ ਆਇਆ ਹੈ। ਵਰਲਡ ਸਿੱਖ ਆਰਗੇਨਾਈਜ਼ੇਸ਼ਨ ਨੇ ਦਾਅਵਾ ਕੀਤਾ ਹੈ ਕਿ ਬਰੈਂਪਟਨ ਸਿਵਿਕ ਹਸਪਤਾਲ ਵਿਚ ਇਲਾਜ ਦੌਰਾਨ 85 ਸਾਲ ਦੇ ਜੋਗਿੰਦਰ ਸਿੰਘ ਕਲੇਰ ਦੀ ਦਾੜ੍ਹੀ ਸ਼ੇਵ ਕੀਤੀ ਗਈ ਜੋ ਧਾਰਮਿਕ ਹੱਕਾਂ ਅਤੇ ਨਿਜੀ ਸਤਿਕਾਰ ਦੀ ਸਰਾਸਰ ਉਲੰਘਣਾ ਬਣਦੀ ਹੈ। ਸਿੱਖ ਜਥੇਬੰਦੀ ਨੇ ਕਿਹਾ ਕਿ ਇਲਾਜ ਦੌਰਾਨ ਜੋਗਿੰਦਰ ਸਿੰਘ ਕਲੇਰ ਬੇਹੋਸ਼ ਸਨ, ਜਿਸ ਦੇ ਮੱਦੇਨਜ਼ਰ ਹਸਪਤਾਲ ਵਾਲਿਆਂ ਨੇ ਉਨ੍ਹਾਂ ਦੇ ਪਰਿਵਾਰ ਨਾਲ ਸੰਪਰਕ ਕਰਦਿਆਂ ਦਾੜ੍ਹੀ ਸ਼ੇਵ ਕਰਨ ਦੀ ਇਜਾਜ਼ਤ ਮੰਗੀ ਪਰ ਪਰਿਵਾਰ ਨੇ ਇਸ ਤੋਂ ਇਨਕਾਰ ਕਰ ਦਿੱਤਾ। 

ਹਸਪਤਾਲ ਵਿਚ ਦਾੜ੍ਹੀ ਕਰ ਦਿੱਤੀ ਸ਼ੇਵ 

ਡਬਲਿਊ.ਐਸ.ਓ. ਦੇ ਪ੍ਰਧਾਨ ਦਾਨਿਸ਼ ਸਿੰਘ ਨੇ ਕਿਹਾ ਕਿ ਜੋਗਿੰਦਰ ਸਿੰਘ ਕਲੇਰ ਨਾਲ ਵਾਪਰੀ ਘਟਨਾ ਜਿਥੇ ਸਿੱਖ ਮਨਾਂ ਵਿਚ ਰੋਸ ਪੈਦਾ ਕਰਦੀ ਹੈ, ਉਥੇ ਹੀ ਇਕ ਵੱਡਾ ਝਟਕਾ ਵੀ ਹੈ। ਹਸਪਤਾਲ ਦੀ ਇਸ ਹਰਕਤ ਕਾਰਨ ਪਰਿਵਾਰ ਦੇ ਜਜ਼ਬਾਤਾਂ ਨੂੰ ਵੱਡੀ ਢਾਹ ਲੱਗੀ ਹੈ। ਸਿੱਖ ਜਥੇਬੰਦੀ ਵੱਲੋਂ ਭਵਿੱਖ ਵਿਚ ਅਜਿਹੀਆਂ ਘਟਨਾਵਾਂ ਰੋਕਣ ਲਈ ਹੈਲਥ ਕੇਅਰ ਸਟਾਫ ਨੂੰ ਟ੍ਰੇਨਿੰਗ ਦੇਣ ਦੀ ਪੇਸ਼ਕਸ਼ ਕੀਤੀ ਗਈ ਹੈ। ਇਸੇ ਦੌਰਾਨ ਜੋਗਿੰਦਰ ਸਿੰਘ ਕਲੇਰ ਦੇ ਜਵਾਈ ਜਸਜੀਤ ਧਾਲੀਵਾਲ ਨੇ ਦੱਸਿਆ ਕਿ ਉਨ੍ਹਾਂ ਦੇ ਸਹੁਰਾ ਸਾਹਿਬ 26 ਜੁਲਾਈ ਨੂੰ ਪੌੜੀਆਂ ਤੋਂ ਡਿੱਗ ਕੇ ਬੇਹੋਸ਼ ਹੋ ਗਏ, ਜਿਸ ਮਗਰੋਂ ਉਨ੍ਹਾਂ ਨੂੰ ਬਰੈਂਪਟਨ ਸਿਵਿਕ ਹਸਪਤਾਲ ਲਿਜਾਇਆ ਗਿਆ। ਜੋਗਿੰਦਰ ਸਿੰਘ ਕਲੇਰ ਦੇ ਸਿਰ ਵਿਚ ਅੰਦਰੂਨੀ ਖੂਨ ਦਾ ਰਿਸਾਅ ਹੋ ਰਿਹਾਅ ਸੀ ਅਤੇ ਜਬਾੜੇ ਸਣੇ ਬਾਂਹ ਵਿਚ ਵੀ ਫਰੈਕਚਰ ਆਇਆ। ਸੇਂਟ ਮਾਈਕਲਜ਼ ਹਸਪਤਾਲ ਵਿਖੇ ਜਬਾੜੇ ਦੀ ਸਰਜਰੀ ਕੀਤੀ ਗਈ ਅਤੇ ਵਾਪਸ ਬਰੈਂਪਟਨ ਸਿਵਿਕ ਹਸਪਤਾਲ ਲਿਆਂਦਾ ਗਿਆ। ਸੇਂਟ ਮਾਈਕਲਜ਼ ਹਸਪਤਾਲ ਦੇ ਸਟਾਫ ਨੇ ਵੀ ਦਾੜ੍ਹੀ ਸ਼ੇਵ ਕਰਨ ਦੀ ਇਜਾਜ਼ਤ ਮੰਗੀ ਸੀ ਪਰ ਪਰਿਵਾਰ ਨੇ ਨਾਂਹ ਕਰ ਦਿੱਤੀ। 

ਪੜ੍ਹੋ ਇਹ ਅਹਿਮ ਖ਼ਬਰ-ਤਾਨਾਸ਼ਾਹ ਕਿਮ ਨੇ ਪਹਿਲੀ ਵਾਰ ਦਿਖਾਇਆ ਯੂਰੇਨੀਅਮ ਦਾ ਭੰਡਾਰ (ਤਸਵੀਰਾਂ)

ਹਸਪਤਾਲ ਵੱਲੋਂ ਮੁਆਫ਼ੀ ਨਾ ਮੰਗਣ ’ਤੇ ਪਰਿਵਾਰ ਵਿਚ ਰੋਸ 

ਇਸੇ ਦੌਰਾਨ ਬਰੈਂਪਟਨ ਸਿਵਿਕ ਹਸਪਤਾਲ ਤੋਂ ਦਾੜ੍ਹੀ ਸ਼ੇਵ ਕਰਨ ਦੀ ਇਜਾਜ਼ਤ ਬਾਰੇ ਫੋਨ ਆਇਆ ਅਤੇ ਪਰਿਵਾਰ ਨੇ ਸਿੱਖੀ ਸਿਧਾਂਤਾਂ ਦੀ ਮਿਸਾਲ ਦਿੰਦਿਆਂ ਨਾਂਹ ਕਰ ਦਿੱਤੀ ਪਰ ਅਗਲੇ ਦਿਨ ਜਦੋਂ ਇਕ ਪਰਿਵਾਰਕ ਮੈਂਬਰ ਹਸਪਤਾਲ ਪੁੱਜਾ ਤਾਂ ਜੋਗਿੰਦਰ ਸਿੰਘ ਕਲੇਰ ਦੀ ਦਾੜ੍ਹੀ ਸ਼ੇਵ ਕੀਤੀ ਹੋਈ ਸੀ। ਜਦੋਂ ਇਸ ਬਾਰੇ ਡਾਕਟਰ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਇਹ ਮਸਲਾ ਨਰਸਾਂ ਨਾਲ ਸਬੰਧਤ ਹੈ। ਜਸਜੀਤ ਧਾਲੀਵਾਲ ਮੁਤਾਬਕ ਹਸਪਤਾਲ ਨੇ ਕੋਈ ਮੁਆਫ਼ੀ ਵੀ ਨਾ ਮੰਗੀ ਜਿਸ ਮਗਰੋਂ ਡਬਲਿਊ.ਐਸ.ਓ. ਨਾਲ ਸੰਪਰਕ ਕੀਤਾ ਗਿਆ। ਦੂਜੇ ਪਾਸੇ ਵਿਲੀਅਮ ਓਸਲਰ ਹੈਲਥ ਸਿਸਟਮ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਹਾਲਾਤ ਦੀ ਨਜ਼ਾਕਤ ਨੂੰ ਵੇਖਦਿਆਂ ਹਰ ਮਰੀਜ਼ ਨੂੰ ਬਿਹਤਰ ਇਲਾਜ ਸਹੂਲਤਾਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ। ਵਿਲੀਅਮ ਓਸਲਰ ਦੇ ਬੁਲਾਰੇ ਦਾ ਕਹਿਣਾ ਸੀ ਕਿ ਹਰ ਕੈਨੇਡੀਅਨ ਦੇ ਧਾਰਮਿਕ ਹੱਕਾਂ ਦਾ ਸਤਿਕਾਰ ਕੀਤਾ ਜਾਂਦਾ ਹੈ। ਬੁਲਾਰੇ ਨੇ ਅੱਗੇ ਕਿਹਾ ਕਿ ਮਰੀਜ਼ ਦੇ ਪ੍ਰਾਈਵੇਸੀ ਨੂੰ ਧਿਆਨ ਵਿਚ ਰਖਦਿਆਂ ਵਧੇਰੇ ਟਿੱਪਣੀ ਨਹੀਂ ਕੀਤੀ ਜਾ ਸਕਦੀ ਪਰ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ। ਮਾਮਲਾ ਸਾਹਮਣੇ ਆਉਣ ਮਗਰੋਂ ਯੂਨੀਵਰਸਿਟੀ ਆਫ ਟੋਰਾਂਟੋ ਵਿਚ ਬਾਇਓਐਥਿਕਸ ਦੇ ਪ੍ਰੋਫੈਸਰ ਕੈਰੀ ਬੋਅਮੈਨ ਨੇ ਜੋਗਿੰਦਰ ਸਿੰਘ ਕਲੇਰ ਨਾਲ ਵਾਪਰੀ ਘਟਨਾ ਨੂੰ ਗੰਭੀਰ ਧਾਰਮਿਕ ਉਲੰਘਣਾ ਕਰਾਰ ਦਿੱਤਾ ਅਤੇ ਕਿਹਾ ਕਿ ਵੱਡੀ ਗਿਣਤੀ ਵਿਚ ਹਸਪਤਾਲਾਂ ਨੂੰ ਸਭਿਆਚਾਰਕ ਰਵਾਇਤਾਂ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ ਅਤੇ ਇਸ ਦੇ ਬਾਵਜੂਦ ਵਾਪਰੀ ਘਟਨਾ ਡੂੰਘੀਆਂ ਚਿੰਤਾਵਾਂ ਪੈਦਾ ਕਰਦੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News