ਕੈਨੇਡਾ 'ਚ ਪਾਕਿ ਮੂਲ ਦੇ ਸ਼ਖਸ 'ਤੇ ਚਾਕੂ ਨਾਲ ਹਮਲਾ, ਕੱਟੀ ਦਾੜ੍ਹੀ
Wednesday, Jun 30, 2021 - 10:44 AM (IST)
ਟੋਰਾਂਟੋ (ਬਿਊਰੋ): ਕੈਨੇਡਾ ਵਿਚ ਇਕ ਮੁਸਲਿਮ ਪਰਿਵਾਰ ਨੂੰ ਟਰੱਕ ਹੇਠਾਂ ਕੁਚਲੇ ਜਾਣ ਦੇ ਕੁਝ ਹਫ਼ਤੇ ਬਾਅਦ ਹੀ ਫਿਰ 'ਨਫਰਤੀ ਅਪਰਾਧ' ਦੀ ਘਟਨਾ ਸਾਹਮਣੇ ਆਈ ਹੈ। ਇਸ ਵਾਰ ਪਾਕਿਸਤਾਨ ਮੂਲ ਦੇ ਇਕ ਸ਼ਖਸ 'ਤੇ ਦੋ ਅਣਪਛਾਤੇ ਹਮਲਾਵਰਾਂ ਨੇ ਚਾਕੂ ਨਾਲ ਹਮਲਾ ਕੀਤਾ। ਕੈਨੇਡਾ ਦੇ ਸਥਾਨਕ ਮੀਡੀਆ ਦੀ ਰਿਪੋਰਟ ਮੁਤਾਬਕ ਇਹ ਘਟਨਾ ਸਸਕੈਚਵਾਨ ਸੂਬੇ ਦੇ ਸੇਸਕਾਟੂਨ ਸ਼ਹਿਰ ਵਿਚ ਵਾਪਰੀ। ਜਿਹੜੇ ਸ਼ਖਸ 'ਤੇ ਹਮਲਾ ਹੋਇਆ ਉਸ ਦੀ ਪਛਾਣ 32 ਸਾਲ ਦੇ ਮੁਹੰਮਦ ਕਾਸ਼ਿਫ ਦੇ ਤੌਰ 'ਤੇ ਹੋਈ ਹੈ।
ਮੁਹੰਮਦ ਕਾਸ਼ਿਫ ਨੇ ਰਵਾਇਤੀ ਇਸਲਾਮੀ ਪਹਿਰਾਵਾ ਪਾਇਆ ਹੋਇਆ ਸੀ। ਪਾਕਿਸਤਾਨੀ ਮੂਲ ਦੇ ਕਾਸ਼ਿਫ ਸ਼ੁੱਕਰਵਾਰ ਸ਼ਾਮ ਨੂੰ ਘਰ ਪਰਤ ਰਹੇ ਸਨ ਉਦੋਂ ਉਹਨਾਂ 'ਤੇ ਹਮਲਾ ਹੋਇਆ। ਸਟਾਰਫੀਨਿਕਸ ਡੇਲੀ ਰਿਪੋਰਟ ਮੁਤਾਬਕ ਕਾਸ਼ਿਫ ਨੇ ਦੱਸਿਆ ਕਿ ਦੋ ਅਣਪਛਾਤੇ ਹਮਲਾਵਰਾਂ ਨੇ ਪਿੱਛੋਂ ਦੀ ਆ ਕੇ ਹਮਲਾ ਕੀਤਾ। ਉਸ ਸਮੇਂ ਹਮਲਾਵਰ ਉੱਚੀ ਬੋਲ ਰਹੇ ਸਨ,''ਤੁਸੀਂ ਇਹ ਪਹਿਰਾਵਾ ਕਿਉਂ ਪਾਇਆ ਹੋਇਆ ਹੈ। ਤੁਸੀਂ ਆਪਣੇ ਦੇਸ਼ ਪਰਤ ਜਾਓ। ਮੈਂ ਮੁਸਲਮਾਨਾਂ ਨਾਲ ਨਫਰਤ ਕਰਦਾ ਹਾਂ।''
ਹਮਲਾਵਰਾਂ ਨੇ ਕਾਸ਼ਿਫ ਦੀ ਦਾੜ੍ਹੀ ਦਾ ਕੁਝ ਹਿੱਸਾ ਵੀ ਕੱਟ ਦਿੱਤਾ। ਨਾਲ ਹੀ ਉਹ ਕਹਿ ਰਹੇ ਸਨ ਕਿ ਤੁਸੀਂ ਇਹ ਦਾੜ੍ਹੀ ਕਿਉਂ ਰੱਖੀ ਹੋਈ ਹੈ। ਕਾਸ਼ਿਫ ਦੀ ਬਾਂਹ 'ਤੇ ਚਾਕੂ ਨਾਲ ਹਮਲਾ ਕੀਤਾ ਗਿਆ, ਜਿਸ ਕਾਰਨ ਉਹਨਾਂ ਦੇ 14 ਟਾਂਕੇ ਲਗਾਉਣੇ ਪਏ।ਕਾਸ਼ਿਫ ਦਾ ਕਹਿਣਾ ਹੈ ਕਿ ਇਕ ਤੀਜਾ ਸ਼ਖਸ ਵੀ ਸੰਭਵ ਤੌਰ 'ਤੇ ਇਹਨਾਂ ਦੋਹਾਂ ਹਮਲਾਵਰਾਂ ਦੇ ਨਾਲ ਸੀ ਅਤੇ ਉਹ ਨੇੜੇ ਖੜ੍ਹੀ ਹਰੇ ਰੰਗ ਦੀ ਕਾਰ ਵਿਚ ਉਹਨਾਂ ਦਾ ਇੰਤਜ਼ਾਰ ਕਰ ਰਿਹਾ ਸੀ। ਪੁਲਸ ਕੇਸ ਦਰਜ ਕਰ ਕੇ ਮਾਮਲੇ ਦੀ ਜਾਂਚ ਵਿਚ ਜੁੱਟ ਗਈ ਹੈ।
ਪੜ੍ਹੋ ਇਹ ਅਹਿਮ ਖਬਰ- ਪਾਕਿ : ਜ਼ਮੀਨ ਵਿਵਾਦ 'ਚ ਚੱਲੀਆਂ ਗੋਲੀਆਂ, 5 ਲੋਕਾਂ ਦੀ ਮੌਤ
ਰੋਸਕਾਟੂਨ ਮੇਅਰ ਚਾਰਲੀ ਕਲਾਰਕ ਨੇ ਇਕ ਬਿਆਨ ਵਿਚ ਕਿਹਾ ਕਿ ਮੈਂ ਇਸ ਘਟਨਾ ਤੋਂ ਦੁਖੀ ਹਾਂ। ਅਜਿਹੇ ਗਰੁੱਪ ਜਿਹੜੇ ਵ੍ਹਾਈਟ ਸੁਪਰੀਮੇਸੀ, ਇਸਲਾਮੋਫੋਬੀਆ ਅਤੇ ਵਿਤਕਰੇ ਨਾਲ ਸਬੰਧਤ ਕਿਸੇ ਵੀ ਗੱਲ ਨੂੰ ਫੈਲਾ ਰਹੇ ਹਨ ਉਹਨਾਂ ਦੀ ਸਹੀ ਢੰਗ ਨਾਲ ਜਾਂਚ ਕਰ ਕੇ ਉਹਨਾਂ ਨੂੰ ਜਵਾਬਦੇਹ ਠਹਿਰਾਇਆ ਜਾਣਾ ਚਾਹੀਦਾ ਹੈ। ਸਾਨੂੰ ਨਸਲਵਾਦ ਅਤੇ ਵਿਤਕਰੇ ਨਾਲ ਜੁੜੇ ਅਜਿਹੇ ਕੰਮਾਂ ਨੂੰ ਸਖ਼ਤੀ ਨਾਲ ਰੋਕਣਾ ਚਾਹੀਦਾ ਹੈ।
ਕਾਸ਼ਿਫ 20 ਸਾਲ ਪਹਿਲਾਂ ਪਾਕਿਸਤਾਨ ਤੋਂ ਕੈਨੇਡਾ ਆਇਆ ਸੀ। ਕਾਸ਼ਿਫ ਮੁਤਾਬਕ ਉਹ ਆਪਣੀ ਪਤਨੀ ਅਤੇ ਤਿੰਨ ਬੱਚਿਆਂ ਦੀ ਸੁਰੱਖਿਆ ਪ੍ਰਤੀ ਚਿੰਤਤ ਹੈ, ਜਿਹਨਾਂ ਦੀ ਉਮਰ 3 ਤੋਂ 8 ਸਾਲ ਦੇ ਵਿਚਕਾਰ ਹੈ। ਇੱਥੇ ਦੱਸ ਦਈਏ ਕਿ 6 ਜੂਨ, 2021 ਨੂੰ ਓਂਟਾਰੀਓ ਦੇ ਲੰਡਨ ਸ਼ਹਿਰ ਵਿਚ 20 ਸਾਲ ਦੇ ਇਕ ਸ਼ਖਸ ਨੇ ਪਾਕਿਸਤਾਨ ਮੂਲ ਦੇ ਹੀ ਇਕ ਪਰਿਰਵਾਰ 'ਤੇ ਟਰੱਕ ਚੜ੍ਹਾ ਦਿੱਤਾ ਸੀ। ਇਸ ਹਮਲੇ ਵਿਚ 4 ਲੋਕਾਂ ਦੀ ਮੌਤ ਹੋ ਗਈ ਸੀ ਅਤੇ 9 ਸਾਲ ਦੇ ਇਕ ਮੁੰਡੇ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਲਿਜਾਇਆ ਗਿਆ ਸੀ। ਪੁਲਸ ਨੇ ਉਸ ਘਟਨਾ ਦੇ ਪਿੱਛੇ ਨਫਰਤੀ ਸੋਚ ਨੂੰ ਜ਼ਿੰਮੇਵਾਰ ਦੱਸਿਆ ਸੀ। ਨਾਲ ਹੀ ਕਿਹਾ ਸੀ ਕਿ ਦੋਸ਼ੀਆਂ ਨੇ ਨਿਯੋਜਿਤ ਯੋਜਨਾ ਨਾਲ ਘਟਨਾ ਨੂੰ ਅੰਜਾਮ ਦਿੱਤਾ ਸੀ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀ ਇਸ ਘਟਨਾ ਨੂੰ ਅੱਤਵਾਦੀ ਕਾਰਵਾਈ ਕਰਾਰ ਦਿੱਤਾ ਸੀ ਅਤੇ ਕਿਹਾ ਸੀ ਕਿ ਇਸਲਾਮੋਫੋਬੀਆ ਲਈ ਸਮਾਜ ਵਿਚ ਕੋਈ ਥਾਂ ਨਹੀਂ ਹੈ।
ਨੋਟ- ਕੈਨੇਡਾ 'ਚ ਪਾਕਿ ਮੂਲ ਦੇ ਸ਼ਖਸ 'ਤੇ ਚਾਕੂ ਨਾਲ ਹਮਲਾ, ਕੱਟੀ ਦਾੜ੍ਹੀ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।