ਹਮਲੇ ਤੋਂ ਬਾਅਦ ਇਮਰਾਨ ਖਾਨ ਦੀ ਪ੍ਰੈੱਸ ਕਾਨਫਰੰਸ, ਕਿਹਾ-ਮੈਨੂੰ ਪਤਾ ਸੀ ਕਿ ਹਮਲਾ ਹੋਵੇਗਾ
Saturday, Nov 05, 2022 - 03:17 AM (IST)
ਨੈਸ਼ਨਲ ਡੈਸਕ—ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਵੀਰਵਾਰ ਨੂੰ ਹੋਏ ਜਾਨਲੇਵਾ ਹਮਲੇ ’ਚ ਉਨ੍ਹਾਂ ਦੇ ਸੱਜੇ ਪੈਰ ’ਚ ਚਾਰ ਗੋਲੀਆਂ ਲੱਗੀਆਂ ਹਨ। ਖਾਨ ਆਪਣੇ ‘ਹਕੀਕੀ ਆਜ਼ਾਦੀ ਮਾਰਚ’ ਤਹਿਤ ਪੰਜਾਬ ਸੂਬੇ ਦੇ ਵਜ਼ੀਰਾਬਾਦ ’ਚ ਸਨ, ਜਦੋਂ ਉਨ੍ਹਾਂ ’ਤੇ ਇਹ ਜਾਨਲੇਵਾ ਹਮਲਾ ਹੋਇਆ। ਜਾਨਲੇਵਾ ਹਮਲੇ ਤੋਂ ਸ਼ੌਕਤ ਖਾਨਮ ਹਸਪਤਾਲ ਤੋਂ ਦੋਸ਼ ਨੂੰ ਸੰਬੋਧਿਤ ਕਰਦਿਆਂ ਖਾਨ ਨੇ ਕਿਹਾ ਕਿ ਉਨ੍ਹਾਂ ਜਾਨ ਤੋਂ ਮਾਰਨ ਦੀ ਸਾਜ਼ਿਸ਼ ਬਾਰੇ ਪਤਾ ਸੀ। ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਟੀ ਦੇ 70 ਸਾਲਾ ਮੁਖੀ ਨੇ ਦਾਅਵਾ ਕੀਤਾ, ‘‘ਮੈਂ ਹਮਲੇ ਬਾਰੇ ਬਾਅਦ ’ਚ ਵਿਸਥਾਰ ਨਾਲ ਗੱਲ ਕਰਾਂਗਾ। ਮੈਨੂੰ (ਹਮਲੇ ਤੋਂ) ਇਕ ਦਿਨ ਪਹਿਲਾਂ ਹੀ ਪਤਾ ਲੱਗ ਗਿਆ ਸੀ ਕਿ ਉਨ੍ਹਾਂ ਦੀ ਯੋਜਨਾ (ਪੰਜਾਬ ਸੂਬੇ ਦੇ) ਵਜ਼ੀਰਾਬਾਦ ਜਾਂ ਗੁਜਰਾਤ ’ਚ ਮੇਰਾ ਕਤਲ ਕਰਨ ਦੀ ਸੀ।’’ ਖਾਨ ਨੇ ਕਿਹਾ, ‘‘ਮੈਨੂੰ ਚਾਰ ਗੋਲ਼ੀਆਂ ਲੱਗੀਆਂ।’’ ਕ੍ਰਿਕਟ ਤੋਂ ਰਾਜਨੀਤੀ ’ਚ ਆਏ ਖ਼ਾਨ ਦਾ ਇਲਾਜ ਕਰ ਰਹੇ ਡਾਕਟਰ ਫੈਸਲ ਸੁਲਤਾਨ ਦਾ ਕਹਿਣਾ ਹੈ ਕਿ ਖਾਨ ਦੀ ਸੱਜੀ ਲੱਤ ਦੀ ਹੱਡੀ ਟੁੱਟ ਗਈ ਹੈ।
ਇਹ ਖ਼ਬਰ ਵੀ ਪੜ੍ਹੋ : ਕੈਲੀਫੋਰਨੀਆ ਦੀ ਖਾੜੀ ’ਚ ਲੱਗੇ ਭੂਚਾਲ ਦੇ ਤੇਜ਼ ਝਟਕੇ, ਰਿਕਟਰ ਪੈਮਾਨੇ ’ਤੇ 6.1 ਮਾਪੀ ਗਈ ਤੀਬਰਤਾ
ਸੁਲਤਾਨ ਨੇ ਕਿਹਾ, ‘‘ਸਕੈਨ (ਐਕਸ-ਰੇ) ’ਚ ਤੁਹਾਨੂੰ ਸੱਜੀ ਲੱਤ ’ਚ ਜੋ ਲਾਈਨ ਨਜ਼ਰ ਆ ਰਹੀ ਹੈ, ਉਹ ਮੁੱਖ ਧਮਣੀ (ਖੂਨ ਦੀ ਨਲੀ) ਹੈ। ਗੋਲ਼ੀ ਦਾ ਛੱਰਾ ਉਸ ਦੇ ਬਹੁਤ ਨੇੜੇ ਸੀ।’’ ਦੇਸ਼ ਦੀ ਸ਼ਾਹਬਾਜ਼ ਸ਼ਰੀਫ਼ ਦੀ ਅਗਵਾਈ ਵਾਲੀ ਸਰਕਾਰ ਦੇ ਖ਼ਿਲਾਫ਼ ਮਾਰਚ ਕੱਢ ਰਹੇ ਖਾਨ ਦਾ ਕਾਫਿਲਾ ਵੀਰਵਾਰ ਨੂੰ ਜਦੋਂ ਪੰਜਾਬ ਦੇ ਵਜ਼ੀਰਾਬਾਦ ਜ਼ਿਲ੍ਹੇ ’ਚ ਪਹੁੰਚਿਆ ਤਾਂ ਉਨ੍ਹਾਂ ਦੇ ਕੰਟੇਨਰ ’ਤੇ ਗੋਲ਼ੀਬਾਰੀ ਹੋਈ। ਹਮਲੇ ’ਚ ਖਾਨ ਦੇ ਸੱਜੇ ਪੈਰ ’ਚ ਗੋਲ਼ੀ ਲੱਗੀ।