ਗਿਲਾਨੀ ਦੇ ਦੇਹਾਂਤ 'ਤੇ ਇਮਰਾਨ ਖਾਨ ਨੇ ਜਤਾਇਆ ਦੁੱਖ, ਅੱਧਾ ਝੁਕਵਾਇਆ ਪਾਕਿ ਦਾ ਝੰਡਾ
Thursday, Sep 02, 2021 - 12:15 PM (IST)
ਇਸਲਾਮਾਬਾਦ (ਬਿਊਰੋ): ਜੰਮੂ-ਕਸ਼ਮੀਰ ਦੇ ਵੱਖਵਾਦੀ ਨੇਤਾ ਅਤੇ ਆਲ ਪਾਰਟੀਜ਼ ਹੁਰੀਅਤ ਕਾਨਫਰੰਸ (ਏ.ਪੀ.ਐੱਚ.ਸੀ.) ਦੇ ਸਾਬਕਾ ਪ੍ਰਮੁੱਖ ਸੈਯਦ ਅਲੀ ਸ਼ਾਹ ਗਿਲਾਨੀ ਦਾ 92 ਸਾਲ ਦੀ ਉਮਰ ਵਿਚ ਬੁੱਧਵਾਰ ਨੂੰ ਦੇਹਾਂਤ ਹੋ ਗਿਆ। ਗਿਲਾਨੀ ਕਾਫੀ ਲੰਬੇ ਸਮੇਂ ਤੋਂ ਬੀਮਾਰ ਚੱਲ ਰਹੇ ਸਨ।ਗਿਲਾਨੀ ਦੇ ਦੇਹਾਂਤ 'ਤੇ ਵੀ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਭੜਕਾਊ ਬਿਆਨ ਦੇਣ ਤੋਂ ਬਾਜ ਨਹੀਂ ਆਏ। ਇਮਰਾਨ ਖਾਨ ਨੇ ਭਾਰਤ 'ਤੇ ਨਿਸ਼ਾਨਾ ਵਿੰਨ੍ਹਿਆ ਅਤੇ ਗਿਲਾਨੀ ਨੂੰ 'ਪਾਕਿਸਤਾਨੀ' ਦੱਸਦਿਆਂ ਦੇਸ਼ ਦੇ ਝੰਡੇ ਨੂੰ ਅੱਧਾ ਝੁਕਾਉਣ ਦਾ ਐਲਾਨ ਕੀਤਾ। ਇਹੀ ਨਹੀਂ ਇਮਰਾਨ ਵਿਚ ਇਕ ਦਿਨ ਦੇ ਰਾਸ਼ਟਰੀ ਸੋਗ ਦਾ ਵੀ ਐਲਾਨ ਕੀਤਾ ਹੈ।
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਟਵੀਟ ਕਰ ਕੇ ਕਿਹਾ ਕਿ ਕਸ਼ਮੀਰੀ ਨੇਤਾ ਸੈਯਦ ਅਲੀ ਸ਼ਾਹ ਗਿਲਾਨੀ ਦੇ ਦੇਹਾਂਤ ਦੀ ਖ਼ਬਰ ਸੁਣ ਕੇ ਬਹੁਤ ਦੁਖੀ ਹਾਂ। ਗਿਲਾਨੀ ਜੀਵਨ ਭਰ ਆਪਣੇ ਲੋਕਾਂ ਅਤੇ ਉਹਨਾਂ ਦੇ ਸਵੈ-ਨਿਰਣੇ ਦੇ ਅਧਿਕਾਰ ਲਈ ਲੜਦੇ ਰਹੇ। ਇਮਰਾਨ ਨੇ ਕਿਹਾ ਕਿ ਭਾਰਤ ਨੇ ਉਹਨਾਂ ਨੂੰ ਕੈਦ ਕਰਕੇ ਰੱਖਿਆ ਅਤੇ ਪਰੇਸ਼ਾਨ ਕੀਤਾ। ਇਮਰਾਨ ਨੇ ਕਿਹਾ,''ਅਸੀਂ ਪਾਕਿਸਤਾਨ ਵਿਚ ਉਹਨਾਂ ਦੇ ਸੰਘਰਸ਼ ਨੂੰ ਸਲਾਮ ਕਰਦੇ ਹਾਂ ਅਤੇ ਉਹਨਾਂ ਦੇ ਸ਼ਬਦਾਂ ਨੂੰ ਯਾਦ ਕਰਦੇ ਹਾਂ ਕਿ 'ਅਸੀਂ ਪਾਕਿਸਤਾਨੀ ਹਾਂ ਅਤੇ ਪਾਕਿਸਤਾਨ ਸਾਡਾ ਹੈ।' ਉਹਨਾਂ ਦੇ ਸਨਮਾਨ ਵਿਚ ਪਾਕਿਸਤਾਨ ਦਾ ਝੰਡਾ ਅੱਧਾ ਝੁੱਕਿਆ ਰਹੇਗਾ ਅਤੇ ਅਸੀਂ ਇਕ ਦਿਨ ਦਾ ਸਰਕਾਰੀ ਸੋਗ ਮਨਾਵਾਂਗੇ।
ਪੜ੍ਹੋ ਇਹ ਅਹਿਮ ਖਬਰ- ਅਮਰੀਕਾ : ਭਾਰਤੀ ਕਾਰੋਬਾਰੀ 2021 ਨੋਬਲ ਸ਼ਾਂਤੀ ਪੁਰਸਕਾਰ ਲਈ ਨਾਮਜ਼ਦ
ਬਾਜਵਾ ਅਤੇ ਕੁਰੈਸ਼ੀ ਨੇ ਵੀ ਭਾਰਤ 'ਤੇ ਲਗਾਏ ਦੋਸ਼
ਗਿਲਾਨੀ ਦੇ ਦੇਹਾਂਤ ਨਾਲ ਪਾਕਿਸਤਾਨੀ ਫ਼ੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨੂੰ ਵੀ ਝਟਕਾ ਲੱਗਾ ਹੈ। ਬਾਜਵਾ ਨੇ ਕਿਹਾ ਕਿ ਗਿਲਾਨੀ ਦੇ ਦੇਹਾਂਤ 'ਤੇ ਉਹਨਾਂ ਨੂੰ ਦੁੱਖ ਹੈ। ਉਹ ਕਸ਼ਮੀਰ ਦੇ ਆਜ਼ਾਦੀ ਅੰਦੋਲਨ ਦੇ ਆਗੂ ਸਨ। ਬਾਜਵਾ ਨੇ ਭਾਰਤ 'ਤੇ ਵੀ ਦੋਸ਼ ਲਗਾਏ। ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਵੀ ਭੜਕਾਊ ਬਿਆਨ ਦਿੱਤੇ। ਕੁਰੈਸ਼ੀ ਨੇ ਗਿਲਾਨੀ ਨੂੰ ਕਸ਼ਮੀਰੀ ਅੰਦੋਲਨ ਦਾ ਗਾਈਡ ਦੱਸਿਆ ਅਤੇ ਕਿਹਾ ਕਿ ਉਹ ਨਜ਼ਰਬੰਦੀ ਦੇ ਬਾਅਦ ਵੀ ਆਖਰੀ ਸਾਹ ਤੱਕ ਸੰਘਰਸ਼ ਕਰਦੇ ਰਹੇ। ਜ਼ਿਕਰਯੋਗ ਹੈ ਕਿ ਭਾਰਤ ਵਿਰੋਧੀ ਬਿਆਨਾਂ ਲਈ ਮਸ਼ਹੂਰ ਰਹੇ ਗਿਲਾਨੀ ਨੂੰ ਗੁਆਂਢੀ ਦੇਸ਼ ਪਾਕਿਸਤਾਨ ਨੇ ਆਪਣੇ ਸਰਬ ਉੱਚ ਨਾਗਰਿਕ ਸਨਮਾਨ ਨਾਲ ਸਨਮਾਨਿਤ ਕੀਤਾ ਸੀ। ਇਸ ਤੋਂ ਪਹਿਲਾਂ । ਕਸ਼ਮੀਰ ਵਿਚ ਗਿਲਾਨੀ ਦੇ ਪ੍ਰਭਾਵ ਦਾ ਅੰਦਾਜਾ ਇਸ ਗੱਲ ਨਾਲ ਵੀ ਲਗਾਇਆ ਜਾ ਸਕਦਾ ਹੈ ਕਿ ਉਹਨਾਂ ਦੀ ਇਕ ਆਵਾਜ਼ 'ਤੇ ਕਸ਼ਮੀਰ ਬੰਦ ਹੋ ਜਾਂਦਾ ਸੀ। ਭਾਵੇਂਕਿ ਅਜਿਹੇ ਮੌਕੇ ਵੀ ਆਏ ਹਨ ਜਦੋਂ ਕਸ਼ਮੀਰੀ ਲੋਕਾਂ ਨੇ ਇਕ ਤਰ੍ਹਾਂ ਨਾਲ ਗਿਲਾਨੀ ਦਾ ਬਾਈਕਾਟ ਵੀ ਕਰ ਦਿੱਤਾ ਸੀ।