ਜਬਰ-ਜ਼ਿਨਾਹ ’ਤੇ ਬਿਆਨ ਦੇ ਕੇ ਕਸੂਤਾ ਫਸੇ ਇਮਰਾਨ ਖਾਨ, ਸਾਬਕਾ ਪਤਨੀ ਨੇ ਪਾਈ ਝਾੜ

4/8/2021 1:24:13 PM

ਇਸਲਾਮਾਬਾਦ :  ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਜਬਰ-ਜ਼ਿਨਾਹ ’ਤੇ ਬਿਆਨ ਦੇ ਕੇ ਬੁਰੀ ਤਰ੍ਹਾਂ ਫਸ ਗਏ ਹਨ। ਦੁਨੀਆ ’ਚ ਹੋ ਰਹੀਆਂ ਆਲੋਚਨਾਵਾਂ ਦਰਮਿਆਨ ਹੁਣ ਇਮਰਾਨ ਖਾਨ ਦੀ ਸਾਬਕਾ ਪਤਨੀ ਜੇਮਿਮਾ ਗੋਲਡ ਸਮਿਥ ਨੇ ਵੀ ਉਨ੍ਹਾਂ ਨੂੰ ਝਾੜ ਪਾਈ ਹੈ। ਜੇਮਿਮਾ ਨੇ ਕੁਰਾਨ ਦਾ ਹਵਾਲਾ ਦੇ ਕੇ ਕਿਹਾ ਕਿ ਮਰਦਾਂ ਦੀਆਂ ਅੱਖਾਂ ’ਤੇ ਪਰਦਾ ਕਰਨ ਲਈ ਕਿਹਾ ਗਿਆ ਹੈ, ਨਾ ਕਿ ਔਰਤਾਂ ਨੂੰ ਪਰਦਾ ਕਰਨ ਲਈ। ਉਥੇ ਹੀ ਇਮਰਾਨ ਦੀ ਦੂਸਰੀ ਸਾਬਕਾ ਪਤਨੀ ਨੇ ਪੀ. ਐੱਮ. ਨੂੰ ਮੂੰਹ ਬੰਦ ਰੱਖਣ ਦੀ ਨਸੀਹਤ ਦਿੱਤੀ ਹੈ। ਇਸ ਤੋਂ ਪਹਿਲਾਂ ਇਮਰਾਨ ਖਾਨ ਨੇ ਕਿਹਾ ਸੀ ਕਿ ਜਬਰ-ਜ਼ਿਨਾਹ ਤੋਂ ਬਚਣ ਲਈ ਪਾਕਿਸਤਾਨੀ ਜਨਾਨੀਆਂ ਨੂੰ ਪਰਦਾ ਕਰਨਾ ਚਾਹੀਦਾ ਹੈ।  
ਜੇਮਿਮਾ ਨੇ ਟਵੀਟ ਕਰਕੇ ਇਮਰਾਨ ਖਾਨ ’ਤੇ ਹੱਲਾ ਬੋਲਿਆ ਹੈ। ਉਨ੍ਹਾਂ ਕੁਰਾਨ ਦੀ ਇਕ ਆਇਤ ਦਾ ਹਵਾਲਾ ਦੇ ਕੇ ਕਿਹਾ ਕਿ ਪਰਦਾ ਕਰਨ ਦੀ ਜ਼ਿੰਮੇਵਾਰੀ ਮਰਦਾਂ ’ਤੇ ਹੈ। ਜੇਮਿਮਾ ਨੇ ਕਿਹਾ, ‘‘ਆਪਣੇ ਮੰਨਣ ਵਾਲਿਆਂ ਨੂੰ ਕਹੋ ਕਿ ਉਹ ਆਪਣੀਆਂ ਅੱਖਾਂ ’ਤੇ ਸੰਜਮ ਵਰਤਣ ਅਤੇ ਆਪਣੇ ਪ੍ਰਾਈਵੇਟ ਪਾਰਟ ਨੂੰ ਪਰਦੇ ’ਚ ਰੱਖਣ।’’ ਉਨ੍ਹਾਂ ਇਹ ਵੀ ਕਿਹਾ ਕਿ ਜਿਸ ਇਮਰਾਨ ਖਾਨ ਨੂੰ ਉਹ ਜਾਣਦੀ ਸੀ, ਉਹ ਮਰਦਾਂ ਦੀਆਂ ਅੱਖਾਂ ’ਤੇ ਪਰਦਾ ਕਰਨ ਦੀ ਗੱਲ ਕਰਦਾ ਸੀ। ਬਾਅਦ ’ਚ ਇਮਰਾਨ ਖਾਨ ਦੀ ਦੂਸਰੀ ਪਤਨੀ ਰੇਹਮ ਖਾਨ ਨੇ ਵੀ ਜੇਮਿਮਾ ’ਤੇ ਤੰਜ਼ ਕੱਸਿਆ, ਜੋ ਪਾਕਿਸਤਾਨ ’ਚ ਰਹਿਣ ਦੌਰਾਨ ਸਿਰ ਤੋਂ ਲੈ ਕੇ ਪੈਰਾਂ ਤਕ ਕੱਪੜਿਆਂ ’ਚ ਨਜ਼ਰ ਆਉਂਦੀ ਸੀ।

 

ਅਸ਼ਲੀਲਤਾ ਲਈ ਭਾਰਤ ਤੇ ਯੂਰਪ ਨੂੰ ਠਹਿਰਾਇਆ ਜ਼ਿੰਮੇਵਾਰ
ਰੇਹਮ ਖਾਨ ਨੇ ਕਿਹਾ, ‘‘ਅੱਜ ਇਕ ਜਵਾਨ ਲੜਕੀ ਨੇ ਕਿਹਾ ਕਿ ਉਸ ਨੇ ਨਹੀਂ ਕਿਹਾ ਕਿ ਜਨਾਨੀ ਨੂੰ ਪਰਦਾ ਕਰਨਾ ਚਾਹੀਦਾ।’’ ਰੇਹਮ ਨੇ ਇਮਰਾਨ ਖਾਨ ਨੂੰ ਸਲਾਹ ਦਿੱਤੀ ਕਿ ਉਹ ਜਿੰਨਾ ਬੋਲਣਗੇ, ਉਹ ਸਭ ਲਈ ਓਨਾ ਹੀ ਚੰਗਾ ਹੋਵੇਗਾ। ਇਸ ਤੋਂ ਪਹਿਲਾਂ ਇਮਰਾਨ ਖਾਨ ਨੇ ਪਾਕਿਸਤਾਨ ’ਚ ਵਧਦੀ ਅਸ਼ਲੀਲਤਾ ਲਈ ਭਾਰਤ ਅਤੇ ਯੂਰਪ ਨੂੰ ਜ਼ਿੰਮੇਵਾਰ ਠਹਿਰਾਇਆ ਸੀ। ਇਮਰਾਨ ਖਾਨ ਨੇ ਜਨਤਾ ਦੇ ਨਾਲ ਸਿੱਧੇ ਸੰਵਾਦ ਦੌਰਾਨ ਇਕ ਸਵਾਲ ਦੇ ਜਵਾਬ ’ਚ ਕਿਹਾ ਕਿ ਦੇਸ਼ ’ਚ ਵਧਦੀਆਂ ਜਬਰ-ਜ਼ਨਾਹ ਦੀਆਂ ਘਟਨਾਵਾਂ ਰੋਕਣ ਲਈ ਉਨ੍ਹਾਂ ਨੂੰ ਜਨਤਾ ਦੇ ਸਹਿਯੋਗ ਦੀ ਲੋੜ ਹੈ।
ਇਮਰਾਨ ਨੇ ਕਿਹਾ, ‘‘ਸਾਨੂੰ ਪਰਦਾ ਪ੍ਰਥਾ ਦੇ ਸੱਭਿਆਚਾਰ ਨੂੰ ਹੱਲਾਸ਼ੇਰੀ ਦੇਣੀ ਹੋਵੇਗੀ’’। ਉਨ੍ਹਾਂ ਕਿਹਾ ਕਿ ਦਿੱਲੀ ਨੂੰ ਜਬਰ-ਜ਼ਿਨਾਹ ਦੀ ਰਾਜਧਾਨੀ ਕਿਹਾ ਜਾਂਦਾ ਹੈ ਤੇ ਯੂਰਪ ’ਚ ਅਸ਼ਲੀਲਤਾ ਨੇ ਉਨ੍ਹਾਂ ਦੀ ਪਰਿਵਾਰਕ ਵਿਵਸਥਾ ਨੂੰ ਤਬਾਹ ਕਰ ਦਿੱਤਾ ਹੈ। ਇਸ ਲਈ ਪਾਕਿਸਤਾਨ ਦੇ ਲੋਕਾਂ ਨੂੰ ਅਸ਼ਲੀਲਤਾ ’ਤੇ ਕਾਬੂ ਪਾਉਣ ਲਈ ਮਦਦ ਕਰਨੀ ਚਾਹੀਦੀ ਹੈ। ਇਮਰਾਨ ਖਾਨ ਦੇ ਇਸ ਬਿਆਨ ਤੋਂ ਬਾਅਦ ਉਹ ਹੁਣ ਸੋਸ਼ਲ ਮੀਡੀਆ ’ਚ ਖੂਬ ਟਰੋਲ ਹੋ ਰਹੇ ਹਨ। ਇਮਰਾਨ ਖਾਨ ਦਾ ਇਕ ਵੀਡੀਓ ਸ਼ੇਅਰ ਕਰ ਕੇ ਲੋਕ ਇਮਰਾਨ ਖਾਨ ਦੇ ਪਰਦੇ ਦੀ ਸਲਾਹ ’ਤੇ ਸਵਾਲ ਚੁੱਕ ਰਹੇ ਹਨ। ਇਮਰਾਨ ਦੇ ਇਸ ਬੇਹੱਦ ਪੁਰਾਣੇ ਵੀਡੀਓ ’ਚ ਅੰਡਰਵੀਅਰ ’ਚ ਦਿਖ ਰਹੇ ਹਨ ਅਤੇ ਉਨ੍ਹਾਂ ਦੇ ਨਾਲ ਬਿਕਨੀ ਪਹਿਨੀ ਇਕ ਜਨਾਨੀ ਮੌਜੂਦ ਹੈ। ਦੋਵੇਂ ਸਮੁੰਦਰ ’ਚ ਨਹਾ ਕੇ ਨਿਕਲ ਰਹੇ ਹਨ।


Anuradha

Content Editor Anuradha