ਇਮਰਾਨ ਨੇ ਮਰੀਅਮ ਨਵਾਜ਼ ਖ਼ਿਲਾਫ਼ ਕੀਤੀ ਇਤਰਾਜ਼ਯੋਗ ਟਿੱਪਣੀ, ਚਹੁੰਤਰਫਾ ਹੋ ਰਹੀ ਆਲੋਚਨਾ
Saturday, May 21, 2022 - 05:03 PM (IST)
ਇਸਲਾਮਾਬਾਦ (ਏਜੰਸੀ)- ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ ਦੀ ਨੇਤਾ ਮਰੀਅਮ ਨਵਾਜ਼ ਖ਼ਿਲਾਫ਼ ਇਤਰਾਜ਼ਯੋਗ ਟਿੱਪਣੀ ਕਰਨ ਲਈ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਿਆਸਤਦਾਨ, ਪੱਤਰਕਾਰ ਅਤੇ ਸਿਵਲ ਸੋਸਾਇਟੀ ਸਮੇਤ ਜ਼ਿਆਦਾਤਰ ਲੋਕ ਮਰੀਅਮ ਲਈ 'ਸੈਕਸੀਅਸਟ' ਅਤੇ 'ਮਿਸੋਜਿਨਿਸਟ' ਸ਼ਬਦਾਂ ਦੀ ਵਰਤੋਂ ਕਰਨ ਨੂੰ ਲੈ ਇਮਰਾਨ ਦੀ ਆਲੋਚਨਾ ਕਰ ਰਹੇ ਹਨ। ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀ.ਟੀ.ਆਈ.) ਦੇ ਪ੍ਰਧਾਨ ਇਮਰਾਨ ਨੇ ਸ਼ੁੱਕਰਵਾਰ ਨੂੰ ਮੁਲਤਾਨ ਵਿੱਚ ਆਪਣੀ ਰੈਲੀ ਦੌਰਾਨ ਮਰੀਅਮ ਵਿਰੁੱਧ ਟਿੱਪਣੀ ਕੀਤੀ ਸੀ। ਇਮਰਾਨ ਨੇ ਮਰੀਅਮ ਦੀ 19 ਮਈ ਦੀ ਰੈਲੀ ਦਾ ਹਵਾਲਾ ਦਿੱਤਾ, ਜਿਸ ਵਿੱਚ ਉਹ ਇਮਰਾਨ ਦੀ ਲਗਾਤਾਰ ਆਲੋਚਨਾ ਕਰ ਰਹੀ ਸੀ।
ਇਮਰਾਨ ਨੇ ਕਿਹਾ, 'ਕਿਸੇ ਨੇ ਸਾਨੂੰ ਮਰੀਅਮ ਨਵਾਜ਼ ਵੱਲੋਂ ਸਰਗੋਧਾ ਵਿਚ ਦਿੱਤਾ ਗਿਆ ਭਾਸ਼ਣ ਭੇਜਿਆ ਹੈ। ਆਪਣੇ ਭਾਸ਼ਣ ਵਿੱਚ ਉਹ (ਸ਼੍ਰੀਮਤੀ ਮਰੀਅਮ) ਜ਼ਹਿਰ ਨਾਲ ਮੇਰਾ ਨਾਮ ਲੈ ਰਹੀ ਹੈ। ਮੈਂ ਉਨ੍ਹਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਮਰੀਅਮ ਕਿਰਪਾ ਕਰਕੇ ਸਾਵਧਾਨ ਰਹੋ। ਤੁਹਾਡਾ ਪਤੀ ਪਰੇਸ਼ਾਨ ਹੋ ਸਕਦਾ ਹੈ, ਕਿਉਂਕਿ ਤੁਸੀਂ ਲਗਾਤਾਰ ਮੇਰਾ ਨਾਮ ਲੈ ਰਹੇ ਹੋ।' ਸੋਸ਼ਲ ਮੀਡੀਆ 'ਤੇ ਲੋਕ ਮਰੀਅਮ ਖ਼ਿਲਾਫ਼ ਇਸ ਇਤਰਾਜ਼ਯੋਗ ਟਿੱਪਣੀ ਲਈ ਇਮਰਾਨ ਖਾਨ ਦੀ ਨਿੰਦਾ ਕਰ ਰਹੇ ਹਨ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਅਤੇ ਮਰੀਅਮ ਦੇ ਚਾਚਾ ਸ਼ਾਹਬਾਜ਼ ਸ਼ਰੀਫ਼ ਨੇ ਵੀ ਇਮਰਾਨ ਦੀ ਨਿੰਦਾ ਕੀਤੀ ਹੈ ਅਤੇ ਕਿਹਾ ਹੈ ਕਿ ਅਜਿਹੀਆਂ ਟਿੱਪਣੀਆਂ ਨਾਲ ਦੇਸ਼ ਵਿਰੁੱਧ ਉਨ੍ਹਾਂ (ਸ੍ਰੀ ਇਮਰਾਨ) ਦਾ ਅਪਰਾਧ ਨੂੰ ਲੁਕਾਇਆ ਨਹੀਂ ਜਾ ਸਕਦਾ ਹੈ।