ਯੂਕ੍ਰੇਨ ਸੰਕਟ ਵਿਚਕਾਰ ਰੂਸ ਪਹੁੰਚੇ ਇਮਰਾਨ ਖਾਨ, ਅਮਰੀਕਾ ਨੇ ਦਿੱਤੀ ਸਖ਼ਤ ਪ੍ਰਤੀਕਿਰਿਆ

Thursday, Feb 24, 2022 - 11:48 AM (IST)

ਯੂਕ੍ਰੇਨ ਸੰਕਟ ਵਿਚਕਾਰ ਰੂਸ ਪਹੁੰਚੇ ਇਮਰਾਨ ਖਾਨ, ਅਮਰੀਕਾ ਨੇ ਦਿੱਤੀ ਸਖ਼ਤ ਪ੍ਰਤੀਕਿਰਿਆ

ਵਾਸ਼ਿੰਗਟਨ (ਏ.ਐਨ.ਆਈ.): ਰੂਸ ਅਤੇ ਯੂਕ੍ਰੇਨ ਦੇ ਹਾਲਾਤ ਵਿਚਕਾਰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੋ ਦਿਨਾਂ ਰੂਸ ਦੇ ਦੌਰੇ 'ਤੇ ਪਹੁੰਚ ਗਏ ਹਨ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਮਾਸਕੋ ਦੌਰੇ 'ਤੇ ਅਮਰੀਕਾ ਦੀ ਪ੍ਰਤੀਕਿਰਿਆ ਆਈ ਹੈ। ਅਮਰੀਕਾ ਨੇ ਕਿਹਾ ਕਿ ਯੂਕ੍ਰੇਨ 'ਤੇ ਰੂਸ ਵੱਲੋਂ ਲਏ ਗਏ ਫੈ਼ਸਲਿਆਂ 'ਤੇ ਇਤਰਾਜ਼ ਕਰਨਾ ਹਰ ਜ਼ਿੰਮੇਵਾਰ ਦੇਸ਼ ਦੀ ਜ਼ਿੰਮੇਵਾਰੀ ਹੈ। ਅਮਰੀਕੀ ਵਿਦੇਸ਼ ਵਿਭਾਗ ਦੇ ਬੁਲਾਰੇ ਨੇਡ ਪ੍ਰਾਈਸ ਨੇ ਬੁੱਧਵਾਰ ਨੂੰ ਕਿਹਾ ਕਿ ਅਮਰੀਕਾ ਨੇ ਪਾਕਿਸਤਾਨ ਨੂੰ ਯੂਕ੍ਰੇਨ ਦੇ ਹਾਲਾਤ 'ਤੇ ਆਪਣੀ ਸਥਿਤੀ ਤੋਂ ਜਾਣੂ ਕਰਾਇਆ ਹੈ।

PunjabKesari

ਨੇਡ ਪ੍ਰਾਈਸ ਨੇ ਪ੍ਰੈੱਸ ਬ੍ਰੀਫਿੰਗ ਦੌਰਾਨ ਕਿਹਾ ਕਿ ਅਮਰੀਕਾ ਯੂਕ੍ਰੇਨ ਨਾਲ ਆਪਣੀ ਸਾਂਝੇਦਾਰੀ ਨੂੰ ਅਮਰੀਕੀ ਹਿੱਤਾਂ ਲਈ ਮਹੱਤਵਪੂਰਨ ਸਮਝਦਾ ਹੈ। ਇਸ ਲਈ ਅਸੀਂ ਰੂਸ ਵੱਲੋਂ ਯੂਕ੍ਰੇਨ 'ਤੇ ਲਏ ਗਏ ਫ਼ੈਸਲਿਆਂ ਬਾਰੇ ਪਾਕਿਸਤਾਨ ਨੂੰ ਆਪਣੀ ਸਥਿਤੀ ਦੱਸ ਦਿੱਤੀ ਹੈ ਅਤੇ ਅਸੀਂ ਉਨ੍ਹਾਂ ਨੂੰ ਯੁੱਧ 'ਤੇ ਕੂਟਨੀਤੀ ਨੂੰ ਅੱਗੇ ਵਧਾਉਣ ਦੀਆਂ ਆਪਣੀਆਂ ਕੋਸ਼ਿਸ਼ਾਂ ਬਾਰੇ ਜਾਣੂ ਕਰਵਾਇਆ ਹੈ।ਦਰਅਸਲ ਪਾਕਿਸਤਾਨੀ ਪ੍ਰਧਾਨ ਮੰਤਰੀ ਬੁੱਧਵਾਰ ਨੂੰ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਮੁਲਾਕਾਤ ਕਰਨ ਅਤੇ ਆਰਥਿਕ ਸਹਿਯੋਗ ਸਮੇਤ ਮੁੱਦਿਆਂ 'ਤੇ ਚਰਚਾ ਕਰਨ ਲਈ ਮਾਸਕੋ ਪਹੁੰਚੇ। 

ਪੜ੍ਹੋ ਇਹ ਅਹਿਮ ਖ਼ਬਰ- ਰੂਸ ਵੱਲੋਂ ਯੂਕ੍ਰੇਨ ਖ਼ਿਲਾਫ਼ ਜੰਗ ਦਾ ਆਗਾਜ਼, ਪੂਰੇ ਘਟਨਾਕ੍ਰਮ ਦੀ ਜਾਣੋ Live Updates

ਇੱਥੇ ਦੱਸ ਦਈਏ ਕਿ ਇਮਰਾਨ ਖਾਨ ਦੇ ਮਾਸਕੋ ਪਹੁੰਚਣ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਅਤੇ ਹੋਰ ਪੱਛਮੀ ਦੇਸ਼ਾਂ ਨੇ ਯੂਕ੍ਰੇਨ 'ਤੇ ਹਮਲਾ ਕਰਨ ਲਈ ਰੂਸ 'ਤੇ ਸਖ਼ਤ ਆਰਥਿਕ ਪਾਬੰਦੀਆਂ ਲਗਾ ਦਿੱਤੀਆਂ ਸਨ। ਰੂਸ ਅਤੇ ਪੱਛਮੀ ਦੇਸ਼ਾਂ ਵਿਚਾਲੇ ਵਧਦੇ ਸੰਕਟ ਤੋਂ ਬਾਅਦ ਇਮਰਾਨ ਖਾਨ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਮਿਲਣ ਵਾਲੇ ਪਹਿਲੇ ਵਿਦੇਸ਼ੀ ਨੇਤਾ ਹਨ। ਇਮਰਾਨ ਖਾਨ ਦੀ ਮਾਸਕੋ ਯਾਤਰਾ 23 ਸਾਲਾਂ ਵਿੱਚ ਕਿਸੇ ਪਾਕਿਸਤਾਨੀ ਪ੍ਰਧਾਨ ਮੰਤਰੀ ਦੀ ਪਹਿਲੀ ਯਾਤਰਾ ਹੈ।

ਇਸ ਤੋਂ ਪਹਿਲਾਂ ਅੱਜ ਰਾਸ਼ਟਰਪਤੀ ਜੋਅ ਬਾਈਡੇਨ ਨੇ ਰਾਸ਼ਟਰੀ ਸੁਰੱਖਿਆ ਛੋਟ ਦੀ ਵਰਤੋਂ ਕਰਦੇ ਹੋਏ ਰੂਸ ਦੀ ਨੋਰਡ ਸਟ੍ਰੀਮ 2 ਗੈਸ ਪਾਈਪਲਾਈਨ ਬਣਾਉਣ ਦੇ ਇੰਚਾਰਜ ਕੰਪਨੀ 'ਤੇ ਪਾਬੰਦੀਆਂ ਲਗਾ ਦਿੱਤੀਆਂ। ਬਾਈਡੇਨ ਨੇ ਕਿਹਾ ਕਿ ਇਹ ਕਦਮ ਯੂਕ੍ਰੇਨ ਵਿੱਚ ਰੂਸ ਦੀਆਂ ਕਾਰਵਾਈਆਂ ਦੇ ਜਵਾਬ ਵਿੱਚ ਪਾਬੰਦੀਆਂ ਦੀ ਸਾਡੀ ਸ਼ੁਰੂਆਤੀ ਕਿਸ਼ਤ ਦਾ ਇੱਕ ਹੋਰ ਹਿੱਸਾ ਹਨ। ਜਿਵੇਂ ਕਿ ਮੈਂ ਸਪੱਸ਼ਟ ਕੀਤਾ ਹੈ, ਜੇਕਰ ਰੂਸ ਅੱਗੇ ਵਧਣਾ ਜਾਰੀ ਰੱਖਦਾ ਹੈ ਤਾਂ ਅਸੀਂ ਹੋਰ ਕਦਮ ਚੁੱਕਣ ਤੋਂ ਸੰਕੋਚ ਨਹੀਂ ਕਰਾਂਗੇ।

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


author

Vandana

Content Editor

Related News