5 ਸੀਟਾਂ ''ਤੇ ਲੜ ਕੇ ਪਾਰਟੀ ਲਈ ਮੁਸੀਬਤ ਖੜ੍ਹੀ ਕਰ ਬੈਠੇ ਇਮਰਾਨ ਖਾਨ

Monday, Jul 30, 2018 - 08:42 PM (IST)

ਇਸਲਾਮਾਬਾਦ (ਇੰਟ.)-ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ. ਟੀ. ਆਈ.) ਫਿਲਹਾਲ ਖੁਦ ਨੂੰ ਮੁਸੀਬਤ 'ਚੋਂ ਕੱਢਣ ਲਈ ਦੇਸ਼ ਦੀਆਂ ਛੋਟੀਆਂ-ਛੋਟੀਆਂ ਪਾਰਟੀਆਂ ਅਤੇ ਆਜ਼ਾਦ ਉਮੀਦਵਾਰਾਂ ਦਾ ਸਮਰਥਨ ਹਾਸਲ ਕਰਨ 'ਚ ਲੱਗੀ ਹੋਈ ਹੈ ਤਾਂ ਕਿ ਜਾਦੂਈ ਅੰਕੜੇ ਤੱਕ ਪਹੁੰਚ ਸਕੇ ਅਤੇ ਇਮਰਾਨ ਖਾਨ ਪੀ. ਐੱਮ. ਬਣਨ ਪਰ ਪਾਰਟੀ ਦੀ ਹਾਲਤ ਇੰਨੀ ਕਮਜ਼ੋਰ ਕਰਨ 'ਚ ਇਮਰਾਨ ਖੁਦ ਵੀ ਜ਼ਿੰਮੇਵਾਰ ਹਨ।
'ਦਿ ਨਿਊਜ਼' ਅਨੁਸਾਰ ਪੀ. ਟੀ. ਆਈ. ਨੂੰ ਸਰਕਾਰ ਬਣਾਉਣ ਲਈ 136 ਸੰਸਦੀ ਮੈਂਬਰ ਚਾਹੀਦੇ ਹਨ। ਉਸ ਨੇ 115 ਸੀਟਾਂ 'ਤੇ ਜਿੱਤ ਹਾਸਲ ਕੀਤੀ ਹੈ। ਜੇਕਰ ਪਾਰਟੀ ਪੀ. ਐੱਮ. ਐੱਲ.-ਕਿਊ. ਅਤੇ ਬਲੋਚਿਸਤਾਨ ਆਵਾਮੀ ਪਾਰਟੀ ਨਾਲ ਗਠਜੋੜ ਕਰਦੀ ਹੈ ਤਾਂ ਉਸ ਦੇ ਕੋਲ 124 ਸੰਸਦ ਮੈਂਬਰ ਹੋ ਜਾਣਗੇ। ਦਰਅਸਲ ਚੋਣਾਂ 272 ਸੀਟਾਂ ਲਈ ਹੁੰਦੀਆਂ ਹਨ ਪਰ 2 ਸੀਟਾਂ 'ਤੇ ਚੋਣ ਰੱਦ ਹੋਣ ਕਾਰਨ ਵੋਟਾਂ 270 ਸੀਟਾਂ 'ਤੇ ਪਈਆਂ ਸਨ। ਇਹ ਅੰਕੜਾ 137 ਵੀ ਹੋ ਸਕਦਾ ਹੈ। ਜੇਕਰ ਪੀ. ਟੀ. ਆਈ. ਕਿਸੇ ਤਰ੍ਹਾਂ ਐੱਮ. ਕਿਊ. ਐੱਮ., ਜੀ. ਡੀ. ਏ. ਅਤੇ ਆਜ਼ਾਦਾਂ ਨਾਲ ਗਠਜੋੜ ਕਰ ਲਵੇ ਪਰ ਸਭ ਤੋਂ ਵੱਡੀ ਰੁਕਾਵਟ ਪੀ. ਟੀ. ਆਈ. ਆਪਣੇ ਮੁਖੀ ਇਮਰਾਨ ਖਾਨ ਵੱਲੋਂ ਝੱਲ ਰਹੀ ਹੈ ਜੋ 5 ਸੀਟਾਂ ਤੋਂ ਚੋਣ ਲੜੇ ਸਨ ਅਤੇ ਇਨ੍ਹਾਂ ਸਾਰੀਆਂ ਤੋਂ ਜਿੱਤੇ। ਨਿਯਮਾਂ ਅਨੁਸਾਰ ਹੁਣ ਇਮਰਾਨ ਖਾਨ ਨੂੰ ਚਾਰ ਸੀਟਾਂ ਛੱਡਣੀਆਂ ਪੈਣਗੀਆਂ ਭਾਵ ਪੀ. ਟੀ. ਆਈ. ਦੀਆਂ 115 ਸੀਟਾਂ ਹੁਣ ਘਟ ਕੇ 111 ਰਹਿ ਜਾਣਗੀਆਂ। ਦੂਜੇ ਪਾਸੇ ਐੱਮ. ਸੀ. ਐੱਮ. ਪਾਕਿਸਤਾਨ ਨੇ ਵੀ ਫਿਲਹਾਲ ਸਮਰਥਨ ਦੇਣ ਨੂੰ ਲੈ ਕੇ ਸਥਿਤੀ ਸਪੱਸ਼ਟ ਨਹੀਂ ਕੀਤੀ ਅਤੇ ਪੀ. ਟੀ. ਆਈ. ਲਈ ਸਰਕਾਰ ਬਣਾਉਣੀ ਮੁਸ਼ਕਲ ਹੁੰਦੀ ਜਾ ਰਹੀ ਹੈ।


Related News