ਪਾਕਿਸਤਾਨ: ਇਮਰਾਨ ਖਾਨ ਦੀ ਪਤਨੀ ਨੇ ''ਅਪਮਾਨਜਨਕ'' ਦੋਸ਼ਾਂ ਲਈ ਮਰੀਅਮ ਨਵਾਜ਼ ਨੂੰ ਭੇਜਿਆ ਕਾਨੂੰਨੀ ਨੋਟਿਸ
Friday, May 05, 2023 - 11:51 AM (IST)
ਲਾਹੌਰ (ਭਾਸ਼ਾ)- ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਤਨੀ ਬੁਸ਼ਰਾ ਬੀਬੀ ਨੇ ਸੱਤਾਧਾਰੀ ਪੀ.ਐੱਮ.ਐੱਲ.-ਐੱਨ. ਦੀ ਚੋਟੀ ਦੀ ਨੇਤਾ ਮਰੀਅਮ ਨਵਾਜ਼ ਨੂੰ ਇਕ ਕਾਨੂੰਨੀ ਨੋਟਿਸ ਭੇਜਿਆ ਹੈ, ਜਿਸ ਵਿਚ ਲਾਹੌਰ ਵਿਚ ਮਈ ਦਿਵਸ 'ਤੇ ਭਾਸ਼ਣ ਦੌਰਾਨ ਉਨ੍ਹਾਂ ਖ਼ਿਲਾਫ਼ 'ਅਪਮਾਨਜਕ, ਝੂਠੇ, ਬੇਤੁਕੇ ਅਤੇ ਬਦਨਾਮ ਕਰਨ ਵਾਲੇ ਦੋਸ਼" ਲਗਾਉਣ ਲਈ ਮੁਆਫੀ ਦੀ ਮੰਗ ਕੀਤੀ ਗਈ ਹੈ। ਬੁਸ਼ਰਾ ਨੇ ਵੀਰਵਾਰ ਨੂੰ ਤਿੰਨ ਵਾਰ ਪ੍ਰਧਾਨ ਮੰਤਰੀ ਰਹਿ ਚੁੱਕੇ ਨਵਾਜ਼ ਸ਼ਰੀਫ ਦੀ ਬੇਟੀ ਨੂੰ ਨੋਟਿਸ ਭੇਜਿਆ ਹੈ।
ਮਰੀਅਮ ਨੇ ਬੁਸ਼ਰਾ ਬੀਬੀ 'ਤੇ ਰਿਸ਼ਵਤ ਲੈਣ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਕਿਹਾ ਸੀ ਕਿ ਬੁਸ਼ਰਾ ਬੀਬੀ ਸਰਕਾਰੀ ਦਸਤਾਵੇਜ਼ਾਂ 'ਤੇ ਦਸਤਖਤ ਕਰਨ ਲਈ ਰਿਸ਼ਵਤ ਲੈਂਦੀ ਸੀ। ਨੋਟਿਸ 'ਚ ਕਿਹਾ ਗਿਆ ਹੈ, ''ਮਰੀਅਮ ਨੇ ਇਮਰਾਨ ਖਾਨ ਦੇ ਸਿਆਸੀ ਵਿਰੋਧੀਆਂ ਨੂੰ ਫਾਇਦਾ ਪਹੁੰਚਾਉਣ ਲਈ ਬੁਸ਼ਰਾ ਬੀਬੀ ਅਤੇ ਉਸ ਦੇ ਪਰਿਵਾਰ ਨੂੰ ਬਦਨਾਮ ਕਰਨ ਦੀ ਨੀਅਤ ਨਾਲ ਇਕ ਬਦਨਾਮੀ ਮੁਹਿੰਮ ਸ਼ੁਰੂ ਕੀਤੀ ਹੈ ਅਤੇ ਉਨ੍ਹਾਂ ਨੂੰ ਉਹ ਇਕ ਅਪਰਾਧੀ ਦੇ ਰੂਪ 'ਚ ਦੇਖਦੀ ਹੈ।'
ਬੁਸ਼ਰਾ ਨੇ ਮਰੀਅਮ ਨੂੰ ਆਪਣੇ ਦੋਸ਼ ਵਾਪਸ ਲੈਣ ਅਤੇ ਸੱਤ ਦਿਨਾਂ ਦੇ ਅੰਦਰ ਮੁਆਫੀ ਮੰਗਣ ਜਾਂ ਅਦਾਲਤ ਦਾ ਸਾਹਮਣਾ ਕਰਨ ਲਈ ਕਿਹਾ ਹੈ। ਨੋਟਿਸ ਦਾ ਜਵਾਬ ਦਿੰਦੇ ਹੋਏ, ਪਾਕਿਸਤਾਨ ਮੁਸਲਿਮ ਲੀਗ (ਨਵਾਜ਼) ਦੇ ਮੁੱਖ ਪ੍ਰਬੰਧਕ ਨੇ ਇੱਕ ਟਵੀਟ ਵਿੱਚ ਕਿਹਾ, "ਹੁਣ ਉਹ (ਬੁਸ਼ਰਾ ਬੀਬੀ) ਅਦਾਲਤ ਵਿੱਚ ਜਾਵੇਗੀ ਜਿੱਥੇ ਉਸਦੀ ਚੋਰੀ ਦਾ ਪਰਦਾਫਾਸ਼ ਕੀਤਾ ਜਾਵੇਗਾ।"