ਕਸ਼ਮੀਰ ਤੋਂ ਪਾਕਿ ਨੂੰ ਵੱਡਾ ਨੁਕਸਾਨ

Friday, Feb 26, 2021 - 01:38 PM (IST)

ਕਸ਼ਮੀਰ ਤੋਂ ਪਾਕਿ ਨੂੰ ਵੱਡਾ ਨੁਕਸਾਨ

ਜਲੰਧਰ (ਬਿਊਰੋ): ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਪਿਛਲੇ ਸਾਲ ਨਵੰਬਰ ’ਚ ਅਫਗਾਨਿਸਤਾਨ ਗਏ ਸਨ ਅਤੇ ਹੁਣ ਉਹ ਸ਼੍ਰੀਲੰਕਾ ਗਏ ਹਨ। ਉਨ੍ਹਾਂ ਦਾ ਕਾਬੁਲ ਜਾਣਾ ਤਾਂ ਸੁਭਾਵਕ ਸੀ ਪਰ ਉਨ੍ਹਾਂ ਦੇ ਕੋਲੰਬੋ ਜਾਣ ’ਤੇ ਕੁਝ ਪਲਕਾਂ ਉਪਰ ਉੱਠੀਆਂ ਹਨ। ਕਿਤੇ ਅਜਿਹਾ ਤਾਂ ਨਹੀਂ ਕਿ ਸ਼੍ਰੀਲੰਕਾ ਦੀ ਰਾਜਪਕਸ਼ੇ-ਸਰਕਾਰ, ਚੀਨ ਅਤੇ ਪਾਕਿਸਤਾਨ ਦਾ ਦੱਖਣੀ ਏਸ਼ੀਆ ’ਚ ਕੋਈ ਨਵਾਂ ਤ੍ਰਿਭੁੱਜ ਉਭਰ ਰਿਹਾ ਹੈ?

ਰਾਜਪਕਸ਼ੇ-ਸਰਕਾਰ ਅਤੇ ਭਾਰਤ ਦੇ ਦਰਮਿਆਨ ਕਈ ਸਾਲਾਂ ਤੱਕ ਸ਼੍ਰੀਲੰਕਾਈ ਤਮਿਲਾਂ ਦੇ ਕਾਰਨ ਤਣਾਅ ਚੱਲਦਾ ਰਿਹਾ ਹੈ ਅਤੇ ਉਸ ਕਾਲ ਦੇ ਦੌਰਾਨ ਰਾਜਪਕਸ਼ੇ ਭਰਾਵਾਂ ਨੇ ਚੀਨ ਦੇ ਨਾਲ ਨੇੜਤਾ ਵੀ ਕਾਫੀ ਵਧਾ ਲਈ ਸੀ ਪਰ ਇਧਰ ਦੂਸਰੀ ਵਾਰ ਸੱਤਾਧਾਰੀ ਹੋਣ ਦੇ ਬਾਅਦ ਭਾਰਤ ਦੇ ਪ੍ਰਤੀ ਉਨ੍ਹਾਂ ਦੀ ਲਿਹਾਜ਼ਦਾਰੀ ਵੱਧ ਗਈ ਹੈ। ਇਸ ਲਈ ਉਨ੍ਹਾਂ ਨੇ ਸ਼੍ਰੀਲੰਕਾਈ ਸੰਸਦ ’ਚ ਹੋਣ ਵਾਲੇ ਇਮਰਾਨ ਦੇ ਭਾਸ਼ਣ ਨੂੰ ਮੁਲਤਵੀ ਕਰ ਦਿੱਤਾ ਸੀ ਕਿਉਂਕਿ ਇਮਰਾਨ ਆਪਣੇ ਭਾਸ਼ਣ ’ਚ ਕਸ਼ਮੀਰ ਦਾ ਮੁੱਦਾ ਜ਼ਰੂਰ ਉਠਾਉਂਦੇ ਪਰ ਇਮਰਾਨ ਖੁੰਝੇ ਨਹੀਂ। ਉਨ੍ਹਾਂ ਨੇ ਕਸ਼ਮੀਰ ਦਾ ਮੁੱਦਾ ਉਠਾ ਹੀ ਦਿੱਤਾ, ਇਕ ਕੌਮਾਂਤਰੀ ਵਪਾਰ ਸੰਮੇਲਨ ’ਚ।

ਪੜ੍ਹੋ ਇਹ ਅਹਿਮ ਖਬਰ - ਓਲੀ ਦਾ ਜਾਣਾ ਚੀਨ ਦੇ ਲਈ ਵੱਡਾ ਝਟਕਾ

ਇਸ ਵਾਰ ਇਮਰਾਨ ਨੇ ਕਸ਼ਮੀਰ ’ਤੇ ਬਹੁਤ ਹੀ ਵਿਹਾਰਕ ਅਤੇ ਸੰਤੁਲਿਤ ਵਤੀਰਾ ਅਪਣਾਇਆ ਹੈ। ਉਨ੍ਹਾਂ ਨੇ ਕਿਹਾ ਕਿ ਕਸ਼ਮੀਰ ਸਮੱਸਿਆ ਭਾਰਤ ਅਤੇ ਪਾਕਿਸਤਾਨ ਨੂੰ ਗੱਲਬਾਤ ਨਾਲ ਹੱਲ ਕਰਨੀ ਚਾਹੀਦੀ ਹੈ। ਜੇਕਰ ਜਰਮਨੀ ਅਤੇ ਫਰਾਂਸ ਵਰਗੇ ਆਪਸ ’ਚ ਕਈ ਜੰਗਾਂ ਲੜਣ ਵਾਲੇ ਰਾਸ਼ਟਰ ਪਿਆਰ ਨਾਲ ਰਹਿ ਸਕਦੇ ਹਨ ਤਾਂ ਭਾਰਤ ਅਤੇ ਪਾਕਿਸਤਾਨ ਕਿਉਂ ਨਹੀਂ ਰਹਿ ਸਕਦੇ? ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦੇ ਕਈ ‘ਪ੍ਰਧਾਨ ਮੰਤਰੀਆਂ’ ਅਤੇ ਖੁਦ ਪਾਕਿਸਤਾਨ ਦੇ ਰਾਸ਼ਟਰਪਤੀਆਂ, ਪ੍ਰਧਾਨ ਮੰਤਰੀਆਂ ਅਤੇ ਕਈ ਅੱਤਵਾਦੀਆਂ ਨੂੰ ਮੈਂ ਆਪਣੀਆਂ ਮੁਲਾਕਾਤਾਂ ’ਚ ਇਹੀ ਸਮਝਾਉਂਦਾ ਰਿਹਾ ਹਾਂ ਕਿ ਕਸ਼ਮੀਰ ਨੇ ਪਾਕਿਸਤਾਨ ਦਾ ਜਿੰਨਾ ਨੁਕਸਾਨ ਕੀਤਾ ਹੈ, ਓਨਾ ਨੁਕਸਾਨ ਦੋ ਮਹਾਂਜੰਗਾਂ ਨੇ ਯੂਰਪ ਦਾ ਵੀ ਨਹੀਂ ਕੀਤਾ ਹੈ। ਕਸ਼ਮੀਰ-ਵਿਵਾਦ ਨੇ ਪਾਕਿਸਤਾਨ ਦੀ ਨੀਂਹ ਨੂੰ ਖੋਖਲਾ ਕਰ ਦਿੱਤਾ ਹੈ। ਜਿੱਨਾਹ ਦੇ ਸੁਪਨਿਆਂ ਨੂੰ ਚੂਰ-ਚੂਰ ਕਰ ਦਿੱਤਾ ਹੈ।

ਕਸ਼ਮੀਰ ਦੇ ਕਾਰਨ ਪਾਕਿਸਤਾਨ ਜੰਗ ਅਤੇ ਅੱਤਵਾਦ ’ਤੇ ਅਰਬਾਂ ਰੁਪਏ ਖਰਚ ਕਰਦਾ ਹੈ। ਆਮ ਪਾਕਿਸਤਾਨੀਆਂ ਨੂੰ ਰੋਟੀ, ਕੱਪੜਾ ਅਤੇ ਮਕਾਨ, ਦਵਾਈਆਂ ਅਤੇ ਸਿੱਖਿਆ ਵੀ ਠੀਕ ਢੰਗ ਨਾਲ ਨਸੀਬ ਨਹੀਂ ਹੈ। ਨੇਤਾਵਾਂ ਅਤੇ ਨੌਕਰਸ਼ਾਹਾਂ ’ਤੇ ਫੌਜ ਹਾਵੀ ਰਹਿੰਦੀ ਹੈ। ਇਮਰਾਨ ਖਾਨ ਵਰਗੇ ਸਵਾਭਿਮਾਨੀ ਨੇਤਾ ਨੂੰ ਭੀਖ ਦਾ ਠੂਠਾ ਫੈਲਾਉਣ ਲਈ ਵਾਰ-ਵਾਰ ਮਾਲਦਾਰ ਦੇਸ਼ਾਂ ’ਚ ਜਾਣਾ ਪੈਂਦਾ ਹੈ। ਪੂਰੇ ਕਸ਼ਮੀਰ ’ਤੇ ਕਬਜ਼ਾ ਹੋਣ ਨਾਲ ਪਾਕਿਸਤਾਨ ਨੂੰ ਜਿੰਨਾ ਫਾਇਦਾ ਮਿਲ ਸਕਦਾ ਸੀ, ਉਸ ਤੋਂ ਹਜ਼ਾਰ ਗੁਣਾ ਜ਼ਿਆਦਾ ਨੁਕਸਾਨ ਕਸ਼ਮੀਰ ਉਸ ਦਾ ਕਰ ਚੁੱਕਾ ਹੈ।ਚੰਗਾ ਹੋਵੇ ਕਿ ਇਮਰਾਨ ਖਾਨ ਜਨਰਲ ਮੁਸ਼ੱਰਫ ਦੇ ਜ਼ਮਾਨੇ ’ਚ ਜੋ ਚਾਰ ਸੂਤਰੀ ਯੋਜਨਾ ਸੀ, ਉਸੇ ਨੂੰ ਅਧਾਰ ਬਣਾਵੇ ਅਤੇ ਭਾਰਤ ਦੇ ਨਾਲ ਖੁਦ ਗੱਲ ਸ਼ੁਰੂ ਕਰਨ। ਜੇਕਰ ਉਹ ਸਫਲ ਹੋਏ ਤਾਂ ਕਾਇਦੇ- ਆਜ਼ਮ ਮੁਹੰਮਦ ਅਲੀ ਜਿੱਨਾਹ ਦੇ ਬਾਅਦ ਪਾਕਿਸਤਾਨ ਦੇ ਇਤਿਹਾਸ ’ਚ ਉਨ੍ਹਾਂ ਦਾ ਵੱਡਾ ਨਾਮ ਹੋਵੇਗਾ।

ਡਾ. ਵੇਦਪ੍ਰਤਾਪ ਵੈਦਿਕ 
 


author

Vandana

Content Editor

Related News