ਪਾਕਿ-ਚੀਨ ਦੀ ‘ਅਟੁੱਟ’ ਦੋਸਤੀ ਨੂੰ ਤੋੜਨ ਵਾਲੀਆਂ ਦੁਸ਼ਮਣ ਤਾਕਤਾਂ ਨੂੰ ਨਹੀਂ ਮਿਲੇਗੀ ਸਫਲਤਾ : ਇਮਰਾਨ ਖ਼ਾਨ
Saturday, Aug 14, 2021 - 03:05 PM (IST)
ਇਸਲਾਮਾਬਾਦ— ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਪਾਕਿਸਤਾਨ ਤੇ ਚੀਨ ਇਕਜੁੱਟ ਹਨ ਤੇ ਦੁਸ਼ਮਣ ਤਾਕਤਾਂ ਦੋਹਾਂ ਦੇਸ਼ਾਂ ਵਿਚਾਲੇ ‘ਅਟੁੱਟ’ ਦੋਸਤੀ ਨੂੰ ਕਮਜ਼ੋਰ ਨਹੀਂ ਕਰ ਸਕਣਗੀਆਂ। ਉਨ੍ਹਾਂ ਨੇ ਚੀਨੀ ਰਾਜਦੂਤ ਨੋਂਗ ਰੋਂਗ ਦੇ ਨਾਲ ਆਪਣੀ ਬੈਠਕ ਦੌਰਾਨ ਇਹ ਟਿੱਪਣੀ ਕੀਤੀ। ਰੋਂਗ ਨੇ ਪ੍ਰਧਾਨਮੰਤਰੀ ਨਾਲ ਮੁਲਾਕਾਤ ਕੀਤੀ ਤੇ ਚੀਨ-ਪਾਕਿਸਤਾਨ ਦੋ-ਪੱਖੀ ਸਬੰਧਾਂ, ਚੀਨ ਪਾਕਿਸਤਾਨ ਆਰਥਿਕ ਕੋਰੀਡੋਰ (ਸੀ. ਪੀ. ਈ. ਸੀ.) ਪ੍ਰਾਜੈਕਟ, ਕੋਰੋਨਾ ਵਾਇਰਸ ਰੋਕੂ ਟੀਕੇ ਤੇ ਹੋਰ ਖੇਤਰਾਂ ’ਚ ਆਪਸੀ ਸਹਿਯੋਗ ’ਤੇ ਵਿਚਾਰ-ਵਟਾਂਦਰਾ ਕੀਤਾ ਗਿਆ।
ਪ੍ਰਧਾਨਮੰਤਰੀ ਦਫ਼ਤਰ ਨੇ ਇਕ ਬਿਆਨ ’ਚ ਕਿਹਾ ਕਿ ਖ਼ਾਨ ਨੇ ਕੋਵਿਡ-19 ਤੋਂ ਨਜਿੱਠਣ ’ਚ ਪਾਕਿਸਤਾਨ ਨੂੰ ਚੀਨ ਨੇ ਲਗਾਤਾਰ ਸਹਿਯੋਗ ਤੇ ‘ਕੋਵੈਕਸ’ ਪਹਿਲ ਦੇ ਤਹਿਤ ਟੀਕਿਆਂ ਦੇ ਇੰਤਜ਼ਾਮ ਦੀ ਸ਼ਲਾਘਾ ਕੀਤੀ। ਖ਼ਾਨ ਨੇ ਕਿਹਾ ਕਿ ਦੋਵੇਂ ਦੇਸ਼ ਇਕਜੁੱਟ ਹਨ ਤੇ ਦੁਸ਼ਮਣ ਤਾਕਤਾਂ ਇਸ ‘ਅਟੁੱਟ’ ਦੋਸਤੀ ਨੂੰ ਕਮਜ਼ੋਰ ਨਹੀਂ ਕਰ ਸਕਣਗੀਆਂ। ਬੈਠਕ ਦੇ ਦੌਰਾਨ ਖ਼ਾਨ ਨੇ 60 ਅਰਬ ਡਾਲਰ ਦੇ ਸੀ. ਪੀ. ਈ. ਸੀ. ਪ੍ਰਾਜੈਕਟ ਨੂੰ ਸਮੇਂ ’ਤੇ ਪੂਰਾ ਕਰਨ ਲਈ ਆਪਣੀ ਸਰਕਾਰ ਦੇ ਅਹਿਦ ’ਤੇ ਜ਼ੋਰ ਦਿੱਤਾ।