ਬੇਭਰੋਸਗੀ ਮਤੇ ’ਤੇ ਵੋਟ ਤੋਂ ਪਹਿਲਾਂ ਆਪਣੀ ਹੀ ਪਾਰਟੀ ’ਚ ਬਗਾਵਤ ਦਾ ਸਾਹਮਣਾ ਕਰ ਰਹੇ ਇਮਰਾਨ

Friday, Mar 18, 2022 - 08:52 PM (IST)

ਬੇਭਰੋਸਗੀ ਮਤੇ ’ਤੇ ਵੋਟ ਤੋਂ ਪਹਿਲਾਂ ਆਪਣੀ ਹੀ ਪਾਰਟੀ ’ਚ ਬਗਾਵਤ ਦਾ ਸਾਹਮਣਾ ਕਰ ਰਹੇ ਇਮਰਾਨ

ਇਸਲਾਮਾਬਾਦ (ਭਾਸ਼ਾ)-ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਸੱਤਾਧਾਰੀ ਪਾਰਟੀ ਦੇ ਤਕਰੀਬਨ ਦੋ ਦਰਜਨ ਅਸੰਤੁਸ਼ਟ ਸੰਸਦ ਮੈਂਬਰਾਂ ਨੇ ਸੰਸਦ ’ਚ ਵਿਰੋਧੀ ਧਿਰ ਵੱਲੋਂ ਪੇਸ਼ ਕੀਤੇ ਗਏ ਬੇਭਰੋਸਗੀ ਮਤੇ ’ਤੇ ਉਨ੍ਹਾਂ ਦੇ ਖ਼ਿਲਾਫ਼ ਵੋਟ ਪਾਉਣ ਦੀ ਖੁੱਲ੍ਹੇਆਮ ਧਮਕੀ ਦਿੱਤੀ ਹੈ, ਜਿਸ ਨਾਲ ਸਰਕਾਰ ਨੂੰ ਬਚਾਉਣ ਨੂੰ ਲੈ ਕੇ ਖਾਨ ਦੀਆਂ ਚੁਣੌਤੀਆਂ ਵਧ ਗਈਆਂ ਹਨ। ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀ.ਐੱਮ.ਐੱਲ.-ਐੱਨ.) ਅਤੇ ਪਾਕਿਸਤਾਨ ਪੀਪਲਜ਼ ਪਾਰਟੀ (ਪੀ.ਪੀ.ਪੀ.) ਦੇ ਲੱਗਭਗ 100 ਸੰਸਦ ਮੈਂਬਰਾਂ ਨੇ 8 ਮਾਰਚ ਨੂੰ ਨੈਸ਼ਨਲ ਅਸੈਂਬਲੀ ਸਕੱਤਰੇਤ ’ਚ ਬੇਭਰੋਸਗੀ ਮਤਾ ਪੇਸ਼ ਕੀਤਾ ਸੀ। ਇਸ ’ਚ ਇਲਜ਼ਾਮ ਲਗਾਇਆ ਗਿਆ ਹੈ ਕਿ ਖਾਨ ਦੀ ਅਗਵਾਈ ਵਾਲੀ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ. ਟੀ. ਆਈ.) ਪਾਰਟੀ ਦੀ ਸਰਕਾਰ ਦੇਸ਼ ’ਚ ਆਰਥਿਕ ਸੰਕਟ ਅਤੇ ਵਧਦੀ ਮਹਿੰਗਾਈ ਲਈ ਜ਼ਿੰਮੇਵਾਰ ਹੈ। ਬੇਭਰੋਸਗੀ ਮਤੇ ਨੂੰ ਲੈ ਕੇ ਨੈਸ਼ਨਲ ਅਸੈਂਬਲੀ ਦਾ ਸੈਸ਼ਨ 21 ਮਾਰਚ ਨੂੰ ਬੁਲਾਇਆ ਜਾ ਸਕਦਾ ਹੈ, ਜਦਕਿ ਸਦਨ ’ਚ 28 ਮਾਰਚ ਨੂੰ ਇਸ ’ਤੇ ਵੋਟਿੰਗ ਹੋਣ ਦੀ ਸੰਭਾਵਨਾ ਹੈ।

ਸਾਂਝੀ ਵਿਰੋਧੀ ਧਿਰ ਵਲੋਂ ਬੇਭਰੋਸਗੀ ਮਤਾ ਪੇਸ਼ ਕੀਤੇ ਜਾਣ ਤੋਂ ਬਾਅਦ ਸਰਕਾਰ ਦੇ ਕੁਝ ਸਹਿਯੋਗੀਆਂ ਵੱਲੋਂ ਨਿਸ਼ਾਨੇ ਵਿੰਨ੍ਹਣ ਵਿਚਾਲੇ ਖਾਨ ਦੀਆਂ ਮੁਸੀਬਤਾਂ ਵੀਰਵਾਰ ਨੂੰ ਉਦੋਂ ਹੋਰ ਵਧਦੀਆਂ ਦਿਖਾਈ ਦਿੱਤੀਆਂ, ਜਦੋਂ ਉਨ੍ਹਾਂ ਦੀ ਆਪਣੀ ਪਾਰਟੀ ਦੇ ਲੱਗਭਗ 24 ਸੰਸਦ ਮੈਂਬਰਾਂ ਨੇ ਵਿਰੋਧੀ ਧਿਰ ਨਾਲ ਜਾਣ ਦੀ ਧਮਕੀ ਦਿੱਤੀ। ਅਸੰਤੁਸ਼ਟ ਸੰਸਦ ਮੈਂਬਰਾਂ ’ਚੋਂ ਇਕ ਰਾਜਾ ਰਿਆਜ਼ ਨੇ ਜਿਓ ਨਿਊਜ਼ ਨੂੰ ਦੱਸਿਆ ਕਿ ਖਾਨ ਵਧਦੀ ਮਹਿੰਗਾਈ ਨੂੰ ਕਾਬੂ ਕਰਨ ’ਚ ਅਸਫ਼ਲ ਰਹੇ ਹਨ, ਜਦਕਿ ਇਕ ਹੋਰ ਸੰਸਦ ਮੈਂਬਰ ਨੂਰ ਆਲਮ ਖਾਨ ਨੇ ਸਮਾ ਨਿਊਜ਼ ਨੂੰ ਦੱਸਿਆ ਕਿ ਉਨ੍ਹਾਂ ਦੀਆਂ ਬਹੁਤ ਸਾਰੀਆਂ ਸ਼ਿਕਾਇਤਾਂ ਸਰਕਾਰ ਨੇ ਨਹੀਂ ਸੁਣੀਆਂ। ਰਿਆਜ਼ ਨੇ ਕਿਹਾ, ‘‘ਅਸੀਂ ਉਨ੍ਹਾਂ ਦੋ ਦਰਜਨ ਤੋਂ ਵੱਧ ਮੈਂਬਰਾਂ ’ਚ ਸ਼ਾਮਲ ਹਾਂ, ਜੋ ਸਰਕਾਰ ਦੀਆਂ ਨੀਤੀਆਂ ਤੋਂ ਖੁਸ਼ ਨਹੀਂ ਹਨ।’’ ਨੂਰ ਨੇ ਕਿਹਾ, ‘‘ਮੈਂ ਆਪਣੇ ਚੋਣ ਹਲਕੇ ’ਚ ਗੈਸ ਦੀ ਕਮੀ ਦਾ ਮੁੱਦਾ ਕਈ ਵਾਰ ਉਠਾਇਆ ਪਰ ਕੁਝ ਨਹੀਂ ਕੀਤਾ ਗਿਆ। ਅਸੰਤੁਸ਼ਟ ਸੰਸਦ ਮੈਂਬਰ ਇਸਲਾਮਾਬਾਦ ਦੇ ਸਿੰਧ ਹਾਊਸ ’ਚ ਠਹਿਰੇ ਹੋਏ ਹਨ, ਜੋ ਸਿੰਧ ਸਰਕਾਰ ਦੀ ਜਾਇਦਾਦ ਹੈ ਤੇ ਪਾਕਿਸਤਾਨ ਪੀਪਲਜ਼ ਪਾਰਟੀ (ਪੀ. ਪੀ. ਪੀ.) ਵੱਲੋਂ ਸੰਚਾਲਿਤ ਹੈ।

ਸਿੰਧ ਸਰਕਾਰ ’ਚ ਮੰਤਰੀ ਅਤੇ ਬੁਲਾਰੇ ਸਈਦ ਗਨੀ ਨੇ ਕਿਹਾ ਕਿ ਸੰਸਦ ਮੈਂਬਰਾਂ ਨੂੰ ਡਰ ਹੈ ਕਿ ਸਰਕਾਰ ਉਨ੍ਹਾਂ ਨੂੰ ਅਗਵਾ ਕਰ ਲਵੇਗੀ। ਡਾ. ਰਮੇਸ਼ ਕੁਮਾਰ ਵੰਕਵਾਨੀ ਵੀ ਉਨ੍ਹਾਂ ਪੀ. ਟੀ. ਆਈ. ਸੰਸਦ ਮੈਂਬਰਾਂ ’ਚ ਸ਼ਾਮਲ ਹਨ, ਜੋ ਸਿੰਧ ਹਾਊਸ ’ਚ ਠਹਿਰੇ ਹਨ। ਡਾਨ ਨਿਊਜ਼ ਨੇ ਵੰਕਵਾਨੀ ਦੇ ਹਵਾਲੇ ਨਾਲ ਕਿਹਾ, ‘‘ਮੈਨੂੰ ਧਮਕੀਆਂ ਮਿਲੀਆਂ ਸਨ। ਮੈਂ ਸਿੰਧ ਦੇ ਮੁੱਖ ਮੰਤਰੀ ਤੋਂ ਮੈਨੂੰ ਇਥੇ (ਸਿੰਧ ਹਾਊਸ) ਇਕ ਕਮਰਾ ਦੇਣ ਦੀ ਬੇਨਤੀ ਕੀਤੀ ਸੀ।’’ ਉਥੇ ਹੀ ਇਮਰਾਨ ਖਾਨ ਸਰਕਾਰ ਨੇ ਸਿੰਧ ਸਰਕਾਰ ’ਤੇ ਪੀ.ਟੀ.ਆਈ. ਦੇ ਸੰਸਦ ਮੈਂਬਰਾਂ ਨੂੰ ਅਗਵਾ ਕਰਨ ਦਾ ਦੋਸ਼ ਲਾਇਆ ਹੈ।


author

Manoj

Content Editor

Related News