PDM ਮੁਖੀ ਦਾ ਦਾਅਵਾ-'ਇਮਰਾਨ ਖ਼ਾਨ 'ਤੇ ਹਮਲਾ ਸੀ ਡਰਾਮਾ', ਅਦਾਕਾਰੀ 'ਚ ਸ਼ਾਹਰੁਖ-ਸਲਮਾਨ ਨੂੰ ਵੀ ਛੱਡਿਆ ਪਿੱਛੇ

Monday, Nov 07, 2022 - 01:15 PM (IST)

ਇਸਲਾਮਾਬਾਦ (ਭਾਸ਼ਾ)- ਪਾਕਿਸਤਾਨ ਡੈਮੋਕ੍ਰੇਟਿਕ ਮੂਵਮੈਂਟ (ਪੀ.ਡੀ.ਐਮ.) ਦੇ ਮੁਖੀ ਮੌਲਾਨਾ ਫਜ਼ਲੁਰ ਰਹਿਮਾਨ ਨੇ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ 'ਤੇ ਹਮਲਾ ਬੋਲਦਿਆਂ ਕਿਹਾ ਹੈ ਕਿ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ 'ਤੇ ਹਮਲਾ ਇੱਕ ਡਰਾਮਾ ਸੀ ਅਤੇ ਉਨ੍ਹਾਂ ਨੇ ਅਦਾਕਾਰੀ ਵਿੱਚ ਸ਼ਾਹਰੁਖ ਖ਼ਾਨ ਅਤੇ ਸਲਮਾਨ ਖ਼ਾਨ ਨੂੰ ਵੀ ਪਛਾੜ ਦਿੱਤਾ ਹੈ। ਖਾਨ ਵੀਰਵਾਰ ਨੂੰ ਸੱਜੀ ਲੱਤ 'ਚ ਗੋਲੀ ਲੱਗਣ ਕਾਰਨ ਜ਼ਖਮੀ ਹੋ ਗਏ ਸਨ। ਸਫਲ ਆਪ੍ਰੇਸ਼ਨ ਤੋਂ ਬਾਅਦ ਐਤਵਾਰ ਨੂੰ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਹੁਣ ਉਨ੍ਹਾਂ ਨੂੰ ਲਾਹੌਰ ਸਥਿਤ ਨਿੱਜੀ ਰਿਹਾਇਸ਼ 'ਤੇ ਭੇਜ ਦਿੱਤਾ ਗਿਆ ਹੈ। ਦਿ ਐਕਸਪ੍ਰੈਸ ਟ੍ਰਿਬਿਊਨ ਦੀ ਰਿਪੋਰਟ ਮੁਤਾਬਕ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ. ਟੀ. ਆਈ.) ਦੇ ਪ੍ਰਧਾਨ  70 ਸਾਲਾ ਖਾਨ ਨੂੰ ਗੋਲੀ ਲੱਗਣ 'ਤੇ ਸ਼ੱਕ ਜ਼ਾਹਰ ਕਰਦੇ ਹੋਏ ਪੀ.ਡੀ.ਐਮ ਅਤੇ ਜਮੀਅਤ ਉਲੇਮਾ-ਏ-ਇਸਲਾਮ ਫਜ਼ਲ (ਜੇਯੂਆਈ-ਐੱਫ) ਦੇ ਮੁਖੀ ਰਹਿਮਾਨ ਨੇ ਕਿਹਾ,''ਖਾਨ ਨੇ ਤਾਂ ਅਦਾਕਾਰੀ ਦੇ ਮਾਮਲੇ 'ਚ ਬਾਲੀਵੁੱਡ ਅਦਾਕਾਰ ਸ਼ਾਹਰੁਖ ਖਾਨ ਅਤੇ ਸਲਮਾਨ ਖਾਨ ਨੂੰ ਵੀ ਪਿੱਛੇ ਛੱਡ ਦਿੱਤਾ ਹੈ।'' ਡਾਨ ਅਖਬਾਰ ਨੇ ਰਹਿਮਾਨ ਦੇ ਹਵਾਲੇ ਨਾਲ ਕ੍ਰਿਕਟਰ ਤੋਂ ਸਿਆਸਤਦਾਨ ਬਣੇ ਖਾਣ ਬਾਰੇ ਕਿਹਾ, 'ਵਜ਼ੀਰਾਬਾਦ ਕਾਂਡ ਦੀ ਸ਼ੁਰੂਆਤ 'ਚ ਮੈਨੂੰ ਇਮਰਾਨ ਖਾਨ ਨਾਲ ਹਮਦਰਦੀ ਸੀ ਪਰ ਹੁਣ ਲੱਗਦਾ ਹੈ ਕਿ ਇਹ ਇੱਕ ਡਰਾਮਾ ਸੀ।'

ਇਹ ਵੀ ਪੜ੍ਹੋ: ਪੁਤਿਨ ਨੇ ਭਾਰਤ ਦੀ ਕੀਤੀ ਤਾਰੀਫ਼, ਭਾਰਤੀਆਂ ਨੂੰ ਦੱਸਿਆ ਬੇਹੱਦ ਪ੍ਰਤਿਭਾਸ਼ਾਲੀ

ਉਨ੍ਹਾਂ ਕਿਹਾ ਕਿ ਖਾਨ ਦੀਆਂ ਸੱਟਾਂ ਨੂੰ ਲੈ ਕੇ ਭੰਬਲਭੂਸਾ ਸਵਾਲ ਖੜ੍ਹੇ ਕਰਨ ਲਈ ਕਾਫੀ ਸੀ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇਹ ਸਪੱਸ਼ਟ ਨਹੀਂ ਹੈ ਕਿ "ਇਮਰਾਨ 'ਤੇ ਇੱਕ ਗੋਲੀ ਚਲਾਈ ਗਈ ਸੀ ਜਾਂ ਵੱਧ" ਅਤੇ ਕੀ ਸੱਟ "ਇੱਕ ਪੈਰ 'ਤੇ ਜਾਂ ਦੋਵਾਂ 'ਤੇ"। ਮੌਲਾਨਾ ਫਜ਼ਲ ਨੇ ਇਹ ਵੀ ਕਿਹਾ ਕਿ ਇਹ ਦਿਲਚਸਪ ਹੈ ਕਿ ਖਾਨ ਨੂੰ "ਨਜ਼ਦੀਕੀ ਹਸਪਤਾਲ (ਵਜ਼ੀਰਾਬਾਦ) ਵਿੱਚ ਦਾਖਲ ਕਰਵਾਉਣ ਦੀ ਬਜਾਏ ਲਾਹੌਰ ਲਿਜਾਇਆ ਗਿਆ।" ਜੇਯੂਆਈ-ਐਫ ਦੇ ਮੁਖੀ ਨੇ ਪੀਟੀਆਈ ਦੇ ਇਸ ਦਾਅਵੇ ਦਾ ਵਿਰੋਧ ਕੀਤਾ ਕਿ ਖਾਨ ਵੀਰਵਾਰ ਨੂੰ ਗੁੱਖਰ ਵਿੱਚ ਲੰਬੇ ਮਾਰਚ ਦੌਰਾਨ ਇੱਕ ਵਿਅਕਤੀ ਦੁਆਰਾ ਚਲਾਈਆਂ ਗਈਆਂ ਗੋਲੀਆਂ ਦੇ "ਟੁੱਟੇ ਟੁਕੜਿਆਂ" ਨਾਲ ਜ਼ਖਮੀ ਹੋ ਗਏ ਸਨ। ਉਨ੍ਹਾਂ ਕਿਹਾ,'ਇਹ ਕਿਵੇਂ ਸੰਭਵ ਹੈ ਕਿ ਗੋਲੀ ਟੁਕੜੇ-ਟੁਕੜੇ ਹੋ ਗਈ? ਅਸੀਂ ਬੰਬ ਦੇ ਟੁਕੜੇ ਬਾਰੇ ਤਾਂ ਸੁਣਿਆ ਹੈ, ਪਰ ਗੋਲੀ ਬਾਰੇ ਨਹੀਂ। ਅੰਨ੍ਹੇ ਲੋਕਾਂ ਨੇ ਖਾਨ ਦੇ ਝੂਠ ਨੂੰ ਸਵੀਕਾਰ ਕਰ ਲਿਆ ਹੈ। ਜਦੋਂ ਅਸੀਂ ਖਾਨ 'ਤੇ ਹਮਲੇ ਬਾਰੇ ਸੁਣਿਆ, ਅਸੀਂ ਵੀ (ਗੋਲੀਬਾਰੀ ਦੀ ਘਟਨਾ) ਦੀ ਨਿੰਦਾ ਕੀਤੀ... ਚਾਹੇ ਉਹ ਇੱਕ, ਦੋ, ਜਾਂ ਚਾਰ ਗੋਲੀਆਂ ਜਾਂ ਟੁਕੜੇ ਹੋਣ। ਅਸੀਂ ਬੰਬਾਂ ਦੇ ਟੁਕੜਿਆਂ ਬਾਰੇ ਤਾਂ ਸੁਣਿਆ ਹੈ ਪਰ ਗੋਲੀਆਂ ਦੇ ਟੁਕੜਿਆਂ ਬਾਰੇ ਇਹ ਪਹਿਲੀ ਵਾਰ ਸੁਣਿਆ ਹੈ।'

ਇਹ ਵੀ ਪੜ੍ਹੋ: ਇਰਾਕ: ਭਿਆਨਕ ਅੱਗ ਲੱਗਣ ਕਾਰਨ ਢਹਿ ਢੇਰੀ ਹੋਈ ਇਮਾਰਤ, ਦਰਜਨਾਂ ਜ਼ਖ਼ਮੀ

ਫਜ਼ਲ ਨੇ ਹੈਰਾਨੀ ਨਾਲ ਕਿਹਾ, “ਗੋਲੀਆਂ ਦੀਆਂ ਸੱਟਾਂ ਲਈ ਉਨ੍ਹਾਂ ਦਾ ਕੈਂਸਰ ਹਸਪਤਾਲ ਵਿਚ ਇਲਾਜ ਕਿਉਂ ਕੀਤਾ ਜਾ ਰਿਹਾ ਹੈ?” ਗੋਲੀ ਲੱਗਣ ਨਾਲ ਜ਼ਖ਼ਮੀ ਹੋਏ ਖਾਨ ਦਾ ਅਪਰੇਸ਼ਨ ਉਨ੍ਹਾਂ ਦੀ ਚੈਰੀਟੇਬਲ ਸੰਸਥਾ ਦੁਆਰਾ ਚਲਾਏ ਜਾ ਰਹੇ ਸ਼ੌਕਤ ਖਾਨਮ ਹਸਪਤਾਲ ਵਿਚ  ਕੀਤਾ ਗਿਆ। ਫਜ਼ਲੁਰ ਨੇ ਕਿਹਾ ਕਿ ਇਮਰਾਨ ਜੋ ਦੂਜਿਆਂ ਨੂੰ 'ਚੋਰ' ਕਹਿੰਦੇ ਸੀ, ਹੁਣ ਖੁਦ 'ਚੋਰ' ਬਣ ਗਏ ਹਨ। 69 ਸਾਲਾ ਆਗੂ ਨੇ ਕਿਹਾ, ''ਉਨ੍ਹਾਂ ਦੇ ਝੂਠ ਦੀ ਜਾਂਚ ਲਈ ਸਾਂਝੀ ਜਾਂਚ ਟੀਮ (ਜੇ.ਆਈ.ਟੀ.) ਬਣਾਈ ਜਾਣੀ ਚਾਹੀਦੀ ਹੈ।'' 

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News