ਤੋਸ਼ਾਖਾਨਾ ਮਾਮਲੇ ''ਚ ਇਮਰਾਨ ਤੇ ਬੁਸ਼ਰਾ ਬੀਬੀ ਦੀ ਅੰਤਰਿਮ ਜ਼ਮਾਨਤ ਵਧੀ
Tuesday, Dec 17, 2024 - 05:35 PM (IST)
ਇਸਲਾਮਾਬਾਦ (ਭਾਸ਼ਾ) : ਪਾਕਿਸਤਾਨ ਦੀ ਇਕ ਅਦਾਲਤ ਨੇ ਮੰਗਲਵਾਰ ਨੂੰ ਤੋਸ਼ਾਖਾਨਾ ਨਾਲ ਜੁੜੇ ਦੂਜੇ ਮਾਮਲੇ ਵਿਚ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਉਨ੍ਹਾਂ ਦੀ ਪਤਨੀ ਬੁਸ਼ਰਾ ਬੀਬੀ ਦੀ ਅੰਤਰਿਮ ਜ਼ਮਾਨਤ 7 ਜਨਵਰੀ ਤੱਕ ਵਧਾ ਦਿੱਤੀ ਹੈ। ਕ੍ਰਿਕਟਰ ਤੋਂ ਸਿਆਸਤਦਾਨ ਬਣੇ ਇਮਰਾਨ ਖਾਨ, 72, ਹੋਰ ਮਾਮਲਿਆਂ ਦੇ ਕਾਰਨ ਸਲਾਖਾਂ ਪਿੱਛੇ ਰਹਿਣਗੇ, ਜਦੋਂ ਕਿ ਅਕਤੂਬਰ ਵਿੱਚ ਇਸਲਾਮਾਬਾਦ ਹਾਈ ਕੋਰਟ ਦੁਆਰਾ ਬੁਸ਼ਰਾ ਬੀਬੀ ਦੀ ਜ਼ਮਾਨਤ ਪਟੀਸ਼ਨ ਨੂੰ ਮਨਜ਼ੂਰੀ ਦੇਣ ਤੋਂ ਬਾਅਦ ਉਸਨੂੰ ਰਿਹਾ ਕੀਤਾ ਗਿਆ ਸੀ।
ਇਸਲਾਮਾਬਾਦ ਸਥਿਤ ਜ਼ਿਲ੍ਹਾ ਅਤੇ ਸੈਸ਼ਨ ਅਦਾਲਤ ਦੇ ਵਧੀਕ ਸੈਸ਼ਨ ਜੱਜ ਮੁਹੰਮਦ ਅਫਜ਼ਲ ਮੁਜ਼ੋਕਾ ਨੇ ਤੋਸ਼ਾਖਾਨਾ ਨਾਲ ਸਬੰਧਤ ਇੱਕ ਹੋਰ ਮਾਮਲੇ 'ਚ ਜ਼ਮਾਨਤ ਪਟੀਸ਼ਨਾਂ ਦੀ ਸੁਣਵਾਈ ਕੀਤੀ। ਵਕੀਲਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਅਦਾਲਤ ਨੇ ਖਾਨ ਅਤੇ ਬੀਬੀ ਦੀ ਅੰਤ੍ਰਿਮ ਜ਼ਮਾਨਤ ਅਗਲੇ ਸਾਲ 7 ਜਨਵਰੀ ਤੱਕ ਵਧਾ ਦਿੱਤੀ ਅਤੇ ਮਾਮਲੇ ਦੀ ਸੁਣਵਾਈ ਮੁਲਤਵੀ ਕਰ ਦਿੱਤੀ। ਇਹ ਮਾਮਲਾ ਖਾਨ ਵੱਲੋਂ ਪ੍ਰਧਾਨ ਮੰਤਰੀ ਹੁੰਦਿਆਂ ਆਪਣੇ ਕੋਲ ਇੱਕ ਕੀਮਤੀ ਗਹਿਣੇ ਰੱਖ ਕੇ ਤੋਸ਼ਾਖਾਨਾ (ਸਟੇਟ ਗਿਫਟ ਸਟੋਰ) ਨਿਯਮਾਂ ਦੀ ਕਥਿਤ ਉਲੰਘਣਾ ਨਾਲ ਸਬੰਧਤ ਹੈ। ਇੱਕ ਹੇਠਲੀ ਅਦਾਲਤ ਨੇ ਪਿਛਲੇ ਹਫ਼ਤੇ ਦੇ ਸ਼ੁਰੂ 'ਚ ਇਮਰਾਨ 'ਤੇ ਬੀਬੀ ਨੂੰ ਇਸ ਮਾਮਲੇ 'ਚ ਦੋਸ਼ੀ ਠਹਿਰਾਇਆ ਸੀ, ਜਿੱਥੇ ਵਿਸ਼ੇਸ਼ ਜੱਜ (ਕੇਂਦਰੀ) ਸ਼ਾਹਰੁਖ ਅਰਜੁਮੰਦ ਨੇ ਉਨ੍ਹਾਂ ਵਿਰੁੱਧ ਚਾਰਜਸ਼ੀਟ ਪੜ੍ਹੀ।
ਤੋਸ਼ਾਖਾਨਾ ਨਾਲ ਸਬੰਧਤ ਦੂਜੇ ਮਾਮਲੇ 'ਚ, ਸਾਬਕਾ ਪ੍ਰਧਾਨ ਮੰਤਰੀ ਤੇ ਉਨ੍ਹਾਂ ਦੀ ਪਤਨੀ 'ਤੇ ਮਈ 2021 ਵਿਚ ਸਾਊਦੀ ਅਰਬ ਦੀ ਯਾਤਰਾ ਦੌਰਾਨ ਉਨ੍ਹਾਂ ਨੂੰ ਤੋਹਫੇ ਵਿਚ ਦਿੱਤੇ ਗਏ ਬੁਲਗਾਰੀ ਗਹਿਣਿਆਂ ਦੇ ਸੈੱਟ ਨੂੰ ਗੈਰ-ਕਾਨੂੰਨੀ ਤੌਰ 'ਤੇ ਰੱਖਣ ਦਾ ਦੋਸ਼ ਹੈ। ਸੈੱਟ ਵਿੱਚ ਇੱਕ ਅੰਗੂਠੀ, ਇੱਕ ਬਰੇਸਲੈੱਟ, ਇੱਕ ਹਾਰ ਅਤੇ ਮੁੰਦਰਾ ਦਾ ਇੱਕ ਜੋੜਾ ਸ਼ਾਮਲ ਸੀ ਅਤੇ ਇਸਦੀ ਕੀਮਤ ਲਗਭਗ 7.57 ਕਰੋੜ ਰੁਪਏ ਸੀ।