ਇਮਰਾਨ ਤੇ ਉਨ੍ਹਾਂ ਦੀ ਪਾਰਟੀ ਪਾਕਿਸਤਾਨ ਨੂੰ ‘ਵਿਨਾਸ਼’ ਵੱਲ ਧੱਕ ਰਹੀ ਹੈ : PM ਸ਼ਾਹਬਾਜ਼

05/13/2023 9:29:26 AM

ਇਸਲਾਮਾਬਾਦ (ਭਾਸ਼ਾ)- ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਸ਼ੁੱਕਰਵਾਰ ਨੂੰ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਉਨ੍ਹਾਂ ਦੀ ਪਾਰਟੀ ਨੂੰ ‘ਝੂਠਾ’ ਕਰਾਰ ਦਿੱਤਾ ਅਤੇ ਉਨ੍ਹਾਂ ’ਤੇ ਨਕਦੀ ਸੰਕਟ ’ਚੋਂ ਲੰਘ ਰਹੇ ਦੇਸ਼ ਨੂੰ ‘ਵਿਨਾਸ਼’ ਵੱਲ ਧੱਕਣ ਦਾ ਦੋਸ਼ ਲਗਾਇਆ। ਇਮਰਾਨ ਖਾਨ ਜਦੋਂ ਭ੍ਰਿਸ਼ਟਾਚਾਰ ਦੇ ਇਕ ਮਾਮਲੇ ਵਿਚ ਜ਼ਮਾਨਤ ਲਈ ਇਸਲਾਮਾਬਾਦ ਹਾਈ ਕੋਰਟ ਦੇ ਸਾਹਮਣੇ ਪੇਸ਼ ਹੋ ਰਹੇ ਸਨ, ਉਸੇ ਸਮੇਂ ਆਪਣੇ ਮੰਤਰੀ ਮੰਡਲ ਨੂੰ ਸੰਬੋਧਤ ਕਰਦੇ ਹੋਏ ਸ਼ਰੀਫ ਨੇ ਖਾਨ ਦੇ ਰਾਜਕਾਲ ਵਿਚ ਉਨ੍ਹਾਂ ਦੀ ਪਾਰਟੀ ਪਾਕਿਸਤਾਨ ਮੁਸਿਲਮ ਲੀਗ-ਨਵਾਜ਼ (ਪੀ. ਐੱਮ. ਐੱਲ.-ਐੱਨ.) ਦੇ ਨੇਤਾਵਾਂ ਦੇ ਜੇਲ੍ਹ ਭੇਜੇ ਜਾਣ ’ਤੇ ਧਾਰੀ ਚੁੱਪ ਨੂੰ ਲੈਕੇ ਅਦਾਲਤਾਂ ’ਤੇ ਸਵਾਲ ਉਠਾਇਆ।

ਉਨ੍ਹਾਂ ਸਵਾਲ ਕੀਤਾ, ਕੀ ਉਨ੍ਹਾਂ ਨੇ (ਅਦਾਲਤਾਂ ਨੇ) ਨੋਟਿਸ ਲਿਆ ਸੀ ਜਦੋਂ ਸਾਨੂੰ ਜੇਲ੍ਹ ਭੇਜਿਆ ਜਾ ਰਿਹਾ ਸੀ? ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀਟੀਆਈ) ਪਾਰਟੀ ਮੁਖੀ ਖਾਨ ਦੇ ਉਸ ਦਾਅਵੇ ਨੂੰ 'ਝੂਠ' ਕਰਾਰ ਦਿੱਤਾ, ਜਿਸ ਮੁਤਾਬਕ ਅਮਰੀਕਾ ਸਮਰਥਿਤ ਸਾਜਿਸ਼ ਤਹਿਤ ਉਨ੍ਹਾਂ ਨੂੰ ਸੱਤਾ ਤੋਂ ਬੇਦਖ਼ਲ ਕੀਤਾ ਗਿਆ ਸੀ। ਪੀ.ਐੱਮ.ਐੱਲ.-ਐੱਨ. ਪ੍ਰਧਾਨ ਸ਼ਰੀਫ ਨੇ ਕਿਹਾ ਕਿ ਪੀਟੀਆਈ ਪ੍ਰਧਾਨ ਖਾਨ ਅਤੇ ਉਨ੍ਹਾਂ ਦੀ ਪਾਰਟੀ 'ਝੂਠੀ' ਹੈ ਅਤੇ ਪਾਕਿਸਤਾਨ ਨੂੰ ‘ਵਿਨਾਸ਼’ ਵੱਲ ਧੱਕ ਰਹੀ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਇਕ ਤੋਂ ਜ਼ਿਆਦਾ ਰਾਸ਼ਟਰੀ ਸੁਰੱਖਿਆ ਕਮੇਟੀਆਂ ਨੇ ਖਾਨ ਦੇ ਦੋਸ਼ਾਂ ਨੂੰ ਝੂਠਾ ਕਰਾਰ ਦਿੱਤਾ ਹੈ। ਸ਼ਰੀਫ ਨੇ ਦੇਸ਼ ਦੇ ਖ਼ਰਾਬ ਆਰਥਿਕ ਹਾਲਾਤ ਵੱਲ ਵੀ ਇਸ਼ਾਰਾ ਕੀਤਾ।

ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਦੀ ਇਹ ਟਿੱਪਣੀ ਮੰਗਲਵਾਰ ਨੂੰ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਇਸਲਾਮਾਬਾਦ ਹਾਈ ਕੋਰਟ ਵਿਚ ਪੇਸ਼ ਹੋਏ ਖਾਨ ਦੀ ਗ੍ਰਿਫ਼ਤਾਰੀ ਮਗਰੋਂ ਪੂਰੇ ਦੇਸ਼ ਵਿਚ ਹੋਏ ਹਿੰਸਕ ਪ੍ਰਦਰਸ਼ਨਾਂ ਦੇ ਪਿਛੋਕੜ ਵਿਚ ਆਈ ਹੈ। ਸ਼ਰੀਫ ਨੇ ਹਿੰਸਕ ਪ੍ਰਦਰਸ਼ਨਾਂ 'ਤੇ ਨਾਰਾਜ਼ਗੀ ਜ਼ਾਹਿਰ ਕਰਦੇ ਹੋਏ ਕਿਹਾ ਕਿ ਦਹਾਕਿਆਂ ਪਹਿਲਾਂ ਢਾਕਾ ਵਿਚ ਹਾਰ ਦੇ ਬਾਅਦ ਦੇਸ਼ ਵਿਚ ਅਜਿਹੇ ਦ੍ਰਿਸ਼ ਵੇਖਣ ਨੂੰ ਨਹੀਂ ਮਿਲੇ ਸੀ। ਉਨ੍ਹਾਂ ਯਾਦ ਕੀਤਾ ਕਿ ਸਾਬਕਾ ਪ੍ਰਧਾਨ ਮੰਤਰੀ ਬੇਨਜ਼ੀਰ ਭੁੱਟੋ ਦੀ ਹੱਤਿਆ ਤੋਂ ਬਾਅਦ ਵੀ ਪ੍ਰਦਰਸ਼ਨ ਹੋਏ ਸਨ ਪਰ ਕੋਈ ਵੀ "ਫੌਜੀ ਅਦਾਰਿਆਂ ਵੱਲ ਨਹੀਂ ਵਧਿਆ" ਸੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਜਿਸ ਤਰ੍ਹਾਂ ਪੀਟੀਆਈ ਦੇ ਪ੍ਰਦਰਸ਼ਨਕਾਰੀਆਂ ਨੇ ਦੇਸ਼ ਦੇ ਸ਼ਹੀਦਾਂ ਦਾ ਅਪਮਾਨ ਕੀਤਾ, ਉਹ ਸਾਡੇ ਦੁਸ਼ਮਣਾਂ ਨੇ ਵੀ ਨਹੀਂ ਕੀਤਾ ਸੀ।


cherry

Content Editor

Related News