ਗਲਾਸਗੋ ਦੇ ਗੋਦਾਮ ''ਚ ਛਾਪੇਮਾਰੀ ਦੌਰਾਨ 40 ਲੱਖ ਤੋਂ ਵੱਧ ਨਾਜਾਇਜ਼ ਸਿਗਰਟ ਬਰਾਮਦ

Tuesday, Nov 24, 2020 - 05:06 PM (IST)

ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ)- ਗੈਰ ਕਾਨੂੰਨੀ ਤੌਰ 'ਤੇ ਵੇਚੇ ਜਾਣ ਵਾਲੇ ਨਸ਼ਿਆਂ ਨੂੰ ਬੰਦ ਕਰਵਾਉਣ ਲਈ ਸਰਕਾਰ ਵੱਲੋਂ ਸ਼ੁਰੂ ਕੀਤੀ ਮੁਹਿੰਮ ਵਿਚ ਛਾਪੇਮਾਰੀ ਕਰਕੇ ਭਾਰੀ ਤੰਬਾਕੂ ਪਦਾਰਥ ਜ਼ਬਤ ਕੀਤੇ ਜਾਂਦੇ ਹਨ। 

ਸਕਾਟਲੈਂਡ ਵਿਚ ਵੀ ਅਜਿਹੇ ਨਸ਼ੀਲੇ ਪਦਾਰਥਾਂ ਨੂੰ ਵੇਚਣ ਵਾਲੇ ਗਿਰੋਹ ਸਰਗਰਮ ਹਨ। ਪਿਛਲੇ ਹਫਤੇ ਅਧਿਕਾਰੀਆਂ ਨੇ ਪੁਲਿਸ ਦੀ ਸਹਾਇਤਾ ਨਾਲ ਕਾਰਵਾਈ ਕਰਦਿਆਂ ਇਕ ਗੋਦਾਮ ਅਤੇ ਨਾਜਾਇਜ਼ ਤੰਬਾਕੂ ਫੈਕਟਰੀ 'ਤੇ ਛਾਪੇਮਾਰੀ ਕਰਨ ਤੋਂ ਬਾਅਦ 4 ਮਿਲੀਅਨ ਤੋਂ ਵੱਧ ਪਾਬੰਦੀਸ਼ੁਦਾ ਸਿਗਰੇਟਾਂ ਨੂੰ ਜ਼ਬਤ ਕੀਤਾ ਹੈ। ਵੀਰਵਾਰ ਨੂੰ ਗਲਾਸਗੋ ਦੇ ਇੱਕ ਗੁਦਾਮ ਵਿੱਚ ਐੱਚ. ਐੱਮ. ਆਰ. ਅਧਿਕਾਰੀਆਂ ਨੇ ਗੱਤੇ ਦੇ ਡੱਬਿਆਂ ਵਿੱਚ ਭਰੀਆਂ ਹੋਈਆਂ ਲੱਖਾਂ ਸਿਗਰਟਾਂ ਨੂੰ ਜ਼ਬਤ ਕੀਤਾ। ਇਸ ਦੇ ਨਾਲ ਹੀ ਅਧਿਕਾਰੀਆਂ ਨੇ ਬਾਅਦ ਵਿਚ ਨੇੜਲੇ ਹੈਮਿਲਟਨ ਖੇਤਰ ਵਿੱਚ ਇਕ ਤੰਬਾਕੂ ਫੈਕਟਰੀ 'ਤੇ ਵੀ ਛਾਪਾ ਮਾਰ ਕੇ ਦੋ ਮਿਕਸਿੰਗ ਮਸ਼ੀਨਾਂ ਅਤੇ ਇਕ ਤੰਬਾਕੂ ਸ਼੍ਰੇਡਰ ਨੂੰ ਜ਼ਬਤ ਕੀਤਾ। 

ਇਸ ਗੈਰ ਕਾਨੂੰਨੀ ਤੰਬਾਕੂ ਦੇ ਸੰਬੰਧ ਵਿਚ ਏਅਰਡਰੀ ਖੇਤਰ ਦੇ ਪਾਰ ਘਰਾਂ ਵਿਚ ਤਲਾਸ਼ੀ ਦੌਰਾਨ 20,000 ਪੌਂਡ ਦੀ ਨਕਦੀ ਜ਼ਬਤ ਹੋਣ 'ਤੇ ਤਿੰਨ ਵਿਅਕਤੀਆਂ 'ਤੇ ਇਲਜਾਮ ਲਗਾਏ ਗਏ ਹਨ। ਇਸ ਸਾਰੀ ਕਾਰਵਾਈ ਵਿੱਚ 50 ਐੱਚ. ਐੱਮ. ਆਰ. ਸੀ. ਅਫਸਰਾਂ ਅਤੇ ਅੱਠ ਪੁਲਿਸ ਮੁਲਾਜ਼ਮਾਂ ਨੇ ਕਈ ਵਾਰੰਟ ਜਾਰੀ ਕੀਤੇ ਹਨ ਜਦਕਿ ਜ਼ਬਤ ਕੀਤੀਆਂ ਸਿਗਰੇਟਾਂ ਦੀ ਕੁੱਲ ਕੀਮਤ  4.2 ਮਿਲੀਅਨ ਪੌਂਡ ਦੱਸੀ ਗਈ ਹੈ। ਐਚ ਐਮ ਆਰ ਸੀ ਦੇ ਸਹਾਇਕ ਡਾਇਰੈਕਟਰ ਜੋਅ ਹੈਂਡਰੀ ਨੇ ਇਸ ਕਾਰਵਾਈ ਦੀ ਪ੍ਰਸ਼ੰਸਾ ਕਰਦਿਆਂ ਦੱਸਿਆ ਕਿ ਮਾਮਲੇ 'ਚ ਸ਼ਾਮਲ ਤਿੰਨਾਂ ਵਿਅਕਤੀਆਂ ਨੂੰ ਅਗਲੀ ਜਾਂਚ ਪੜਤਾਲ ਅਧੀਨ ਛੱਡ ਦਿੱਤਾ ਗਿਆ ਹੈ ਅਤੇ ਇਸ ਕਾਰਵਾਈ ਦੀ  ਰਿਪੋਰਟ ਪ੍ਰੌਸੀਕਿਊਟਰ ਅਧਿਕਾਰੀਆਂ ਨੂੰ ਭੇਜੀ ਜਾਵੇਗੀ।


Lalita Mam

Content Editor

Related News