ਅਹੁਦੇ ਤੋਂ ਨਹੀਂ ਦੇਵਾਂਗਾ ਅਸਤੀਫਾ ਸਗੋਂ ਵਿਸ਼ਵਾਸ ਵੋਟ ਦਾ ਕਰਾਂਗਾ ਸਾਹਮਣਾ : ਨੇਪਾਲ ਦੇ PM ਪ੍ਰਚੰਡ
Tuesday, Jul 02, 2024 - 05:20 PM (IST)
ਕਾਠਮੰਡੂ (ਭਾਸ਼ਾ)- ਨੇਪਾਲ ਦੇ ਸਭ ਤੋਂ ਵੱਡੇ ਦਲਾਂ- ਨੇਪਾਲੀ ਕਾਂਗਰਸ ਅਤੇ ਸੀਪੀਐੱਨ-ਯੂਐੱਮਐੱਲ ਦਰਮਿਆਨ ਨਵੀਂ ਗਠਜੋੜ ਸਰਕਾਰ ਬਣਾਉਣ ਲਈ ਸਹਿਮਤੀ ਬਣਨ ਦਰਮਿਆਨ ਪ੍ਰਧਾਨ ਮੰਤਰੀ ਪੁਸ਼ਪ ਕਮਲ ਦਾਹਾਲ 'ਪ੍ਰਚੰਡ' ਨੇ ਅਹੁਦੇ ਤੋਂ ਅਸਤੀਫ਼ਾ ਨਹੀਂ ਦੇਣ ਦਾ ਫ਼ੈਸਲਾ ਕੀਤਾ ਹੈ। ਨੇਪਾਲ ਕਮਿਊਨਿਸਟ ਪਾਰਟੀ (ਮਾਓਵਾਦੀ ਕੇਂਦਰ) ਦੇ ਸਕੱਤਰ ਗਣੇਸ਼ ਸ਼ਾਹ ਨੇ ਦੱਸਿਆ ਕਿ ਪਾਰਟੀ ਅਹੁਦਾ ਅਧਿਕਾਰੀਆਂ ਦੀ ਮੰਗਲਵਾਰ ਨੂੰ ਪ੍ਰਧਾਨ ਮੰਤਰੀ ਦਫ਼ਤਰ 'ਚ ਹੋਈ ਬੈਠਕ 'ਚ ਪ੍ਰਚੰਡ ਨੇ ਕਿਹਾ ਕਿ ਉਹ ਅਹੁਦੇ ਤੋਂ ਅਸਤੀਫ਼ਾ ਦੇਣ ਦੀ ਬਜਾਏ ਸੰਸਦ 'ਚ ਵਿਸ਼ਵਾਸ ਵੋਟ ਦਾ ਸਾਹਮਣਾ ਕਰਨਾ ਪਸੰਦ ਕਰਨਗੇ। ਗਣੇਸ਼ ਸ਼ਾਹ ਨੇ ਕਿਹਾ,''ਪ੍ਰਧਾਨ ਮੰਤਰੀ ਪ੍ਰਚੰਡ ਨੇ ਵਿਸ਼ਵਾਸ ਵੋਟ ਦਾ ਸਾਹਮਣਾ ਕਰਨ ਦਾ ਫ਼ੈਸਲਾ ਕੀਤਾ ਹੈ।'' ਪ੍ਰਧਾਨ ਮੰਤਰੀ ਪ੍ਰਚੰਡ (69) ਨੇ ਆਪਣੇ ਡੇਢ ਸਾਲ ਦੇ ਕਾਰਜਕਾਲ ਦੌਰਾਨ ਸੰਸਦ 'ਚ ਤਿੰਨ ਵਾਰ ਵਿਸ਼ਵਾਸ ਵੋਟ ਹਾਸਲ ਕੀਤਾ ਹੈ।
ਇਹ ਘਟਨਾਕ੍ਰਮ ਅਜਿਹੇ ਸਮੇਂ ਹੋਇਆ ਹੈ, ਜਦੋਂ ਨੇਪਾਲ ਦੇ 2 ਸਭ ਤੋਂ ਵੱਡੇ ਦਲਾਂ- ਨੇਪਾਲੀ ਕਾਂਗਰਸ ਅਤੇ ਸੀਪੀਐੱਨ-ਯੂਐੱਮਐੱਲ ਨੇ ਪ੍ਰਧਾਨ ਮੰਤਰੀ ਪ੍ਰਚੰਡ ਨੂੰ ਸੱਤਾ ਤੋਂ ਬੇਦਖ਼ਲ ਕਰਨ ਲਈ ਇਕ ਨਵੀਂ 'ਰਾਸ਼ਟਰੀ ਸਰਬ ਸੰਮਤੀ ਸਰਕਾਰ' ਬਣਾਉਣ ਲਈ ਅੱਧੀ ਰਾਤ ਨੂੰ ਸਮਝੌਤਾ ਕੀਤਾ। ਨੇਪਾਲ ਦੇ ਪ੍ਰਤੀਨਿਧੀ ਸਦਨ 'ਚ ਸਭ ਤੋਂ ਵੱਡੀ ਪਾਰਟੀ ਨੇਪਾਲੀ ਕਾਂਗਰਸ ਕੋਲ 89 ਸੀਟਾਂ ਜਦੋਂ ਕਿ ਸੀਪੀਐੱਨ-ਯੂਐੱਮਐੱਲ ਕੋਲ 78 ਸੀਟਾਂ ਹਨ। ਦੋਹਾਂ ਦਲਾਂ ਦੀ ਸੰਯੁਕਤ ਸੰਖਿਆ 167 ਹੈ, ਜੋ 275 ਮੈਂਬਰੀ ਸਦਨ 'ਚ ਬਹੁਮਤ ਦੇ 138 ਸੀਟ ਦੇ ਅੰਕੜੇ ਲਈ ਪੂਰੀ ਹੈ। ਨੇਪਾਲੀ ਕਾਂਗਰਸ ਦੇ ਪ੍ਰਧਾਨ ਸ਼ੇਖ ਬਹਾਦਰ ਦੇਉਬਾ ਅਤੇ ਨੇਪਾਲ ਦੀ ਕਮਿਊਨਿਸਟ ਪਾਰਟੀ-ਏਕੀਕ੍ਰਿਤ ਮਾਰਕਸਵਾਦੀ ਲੇਨਿਨਵਾਦੀ (ਸੀਪੀਐੱਨ-ਯੂਐੱਮਐੱਲ) ਦੇ ਪ੍ਰਧਾਨ ਅਤੇ ਸਾਬਕਾ ਪ੍ਰਧਾਨ ਮੰਤਰੀ ਕੇ.ਪੀ. ਸ਼ਰਮਾ ਓਲੀ ਨੇ ਨਵੀਂ ਗਠਜੋੜ ਸਰਕਾਰ ਬਣਾਉਣ ਲਈ ਸੋਮਵਾਰ ਮੱਧ ਰਾਤ ਨੂੰ ਸਮਝੌਤੇ 'ਤੇ ਦਸਤਖ਼ਤ ਕੀਤੇ। ਦੇਉਹਾ (78) ਅਤੇ ਓਲੀ (72) ਸੰਸਦ ਦੇ ਬਾਕੀ ਕਾਰਜਕਾਲ ਲਈ ਵਾਰੀ-ਵਾਰੀ ਨਾਲ ਪ੍ਰਧਾਨ ਮੰਤਰੀ ਅਹੁਦਾ ਸਾਂਝਾ ਕਰਨ 'ਤੇ ਸਹਿਮਤ ਹੋਏ ਹਨ। ਇਸ ਵਿਚ ਸੂਤਰਾਂ ਨੇ ਦੱਸਿਆ ਕਿ ਮੌਜੂਦਾ ਗਠਜੋੜ ਨੂੰ ਬਚਾਉਣ ਲਈ ਪ੍ਰਧਾਨ ਮੰਤਰੀ ਪ੍ਰਚੰਡ ਅਤੇ ਸੀਪੀਐੱਨ-ਯੂਐੱਮਐੱਲ ਮੁਖੀ ਓਲੀ ਵਿਚਾਲੇ ਗੱਲਬਾਤ ਅਸਫ਼ਲ ਹੋ ਗਈ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e