ਹਾਈਡ੍ਰੋਕਸੀ ਕੋਰੋਨਾ ਦੀ ਮੌਤ ਦਰ ਰੋਕਣ 'ਚ ਅਸਫਲ : ਮੈਡੀਕਲ ਸਟੱਡੀ
Wednesday, Apr 22, 2020 - 07:48 AM (IST)

ਵਾਸ਼ਿੰਗਟਨ- ਵਿਸ਼ਵ ਭਰ ਵਿਚ ਫੈਲੀ ਮਹਾਮਾਰੀ ਕੋਰੋਨਾ ਵਾਇਰਸ ਨੂੰ ਰੋਕਣ ਲਈ ਕਾਰਗਰ ਸਾਬਤ ਹੋਣ ਦਾ ਦਾਅਵਾ ਕਰਨ ਵਾਲੀ ਦਵਾਈ ਹਾਈਡ੍ਰੋਕਸੀਕਲੋਰੋਕਵੀਨ ਬਾਰੇ ਇਕ ਮੈਡੀਕਲ ਸਟੱਡੀ ਸਾਹਮਣੇ ਆਈ ਹੈ। ਇਸ ਵਿਚ ਦੱਸਿਆ ਗਿਆ ਹੈ ਕਿ ਇਹ ਦਵਾਈ ਕੋਰੋਨਾ ਵਾਇਰਸ ਨਾਲ ਹੋਣ ਵਾਲੀ ਮੌਤ ਦਰ ਨੂੰ ਰੋਕਣ ਵਿਚ ਅਸਫਲ ਸਾਬਤ ਹੋਈ ਹੈ। ਰਾਸ਼ਟਰੀ ਸਿਹਤ ਸੰਸਥਾਨ (ਐੱਨ. ਆਈ. ਐੱਚ.) ਅਤੇ ਵਰਜੀਨੀਆ ਯੂਨੀਵਰਸਿਟੀ ਦੀ ਇਕ ਸਟਡੀ ਨੇ ਇਸ ਦੀ ਜਾਣਕਾਰੀ ਦਿੱਤੀ ਹੈ।
ਰਿਸਰਚ ਕਰਨ ਵਾਲਿਆਂ ਨੇ ਕਿਹਾ ਕਿ ਇਸ ਸਟੱਡੀ ਦੌਰਾਨ ਉਨ੍ਹਾਂ ਨੂੰ ਪਤਾ ਲੱਗਾ ਕਿ ਹਾਈਡ੍ਰੋਕਸੀ ਦੀ ਵਰਤੋਂ ਨਾਲ ਕੋਰੋਨਾ ਮਰੀਜ਼ਾਂ ਵਿਚ ਕੋਈ ਸੁਧਾਰ ਹੋਣ ਦੇ ਸਬੂਤ ਨਹੀਂ ਮਿਲੇ ਹਨ।
ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤ ਕੋਲੋਂ ਇਸ ਦਵਾਈ ਦੀ ਵੱਡੀ ਖੇਪ ਮੰਗਵਾਈ ਸੀ ਤੇ ਇਹ ਖਬਰਾਂ ਸਨ ਕਿ ਇਹ ਦਵਾਈ ਕੋਰੋਨਾ ਪੀੜਤਾਂ ਲਈ ਕਾਰਗਰ ਸਾਬਤ ਹੋ ਰਹੀ ਹੈ ਤੇ ਕਈ ਲੋਕ ਇਸ ਨਾਲ ਠੀਕ ਹੋਏ ਹਨ।
ਪਹਿਲੀਆਂ ਰਿਸਰਚਾਂ ਹੋਏ ਇਹ ਦਾਅਵੇ-
ਹਾਈਡ੍ਰੋਕਸੀਕਲੋਰੋਕਵੀਨ ਦਵਾਈ 'ਤੇ ਮੁੱਢਲੀ ਖੋਜ 'ਚ ਕਈ ਵਿਵਾਦ ਭਰੇ ਨਤੀਜੇ ਸਾਹਮਣੇ ਆਏ ਹਨ ਹਾਲਾਂਕਿ ਇਕ ਲੈਬ ਨੇ ਆਪਣੇ ਅਧਿਐਨ 'ਚ ਦੱਸਿਆ ਕਿ ਇਸ ਦਵਾਈ ਨਾਲ ਵਾਇਰਸ ਨੂੰ ਸੈਲਾਂ ਦੇ ਅੰਦਰ ਜਾਣ ਤੋਂ ਰੋਕਿਆ ਜਾ ਸਕਦਾ ਹੈ। ਚੀਨ ਤੋਂ ਇਕ ਰਿਪੋਰਟ 'ਚ ਦਾਅਵਾ ਕੀਤਾ ਗਿਆ ਹੈ ਕਿ ਇਸ ਦਵਾਈ ਰਾਹੀਂ 10 ਹਸਪਤਾਲਾਂ 'ਚ 100 ਵਿਅਕਤੀਆਂ ਦਾ ਇਲਾਜ ਕੀਤਾ ਗਿਆ। ਉਨ੍ਹਾਂ ਸਾਰਿਆਂ ਨੂੰ ਕਈ ਤਰ੍ਹਾਂ ਦੀਆਂ ਬੀਮਾਰੀਆਂ ਸਨ। ਇਸ ਤੋਂ ਇਲਾਵਾ ਵੱਖ-ਵੱਖ ਸਮੇਂ 'ਤੇ ਕਈ ਤਰ੍ਹਾਂ ਦੀਆਂ ਦਵਾਈਆਂ ਨਾਲ ਉਨ੍ਹਾਂ ਦਾ ਇਲਾਜ ਕੀਤਾ ਗਿਆ ਸੀ। ਚੀਨ ਤੋਂ ਇਕ ਹੋਰ ਖੋਜ ਸਾਹਮਣੇ ਆਈ ਹੈ ਕਿ ਹਾਈਡ੍ਰੋਕਸੀ ਕਲੋਰੋਕਵੀਨ ਦੀ ਵਰਤੋ ਨਾਲ 31 ਵਿਅਕਤੀਆਂ ਦੀ ਖਾਂਸੀ ਤੇ ਨਿਮੋਨੀਆ ਬਹੁਤ ਜਲਦੀ ਠੀਕ ਹੋ ਗਿਆ ਜਦ ਕਿ ਬਾਕੀ 31 ਵਿਅਕਤੀ ਬਿਨਾਂ ਇਸ ਦੇ ਇੰਨੀ ਜਲਦੀ ਠੀਕ ਨਹੀਂ ਹੋਏ।