ਲੂਈਸਿਆਨਾ ''ਚ ਤੂਫਾਨ ਇਡਾ ਕਾਰਨ ਹੋਈ ਮੌਤ ਤੇ ਸੈਂਕੜੇ ਘਰਾਂ ਦੀ ਬਿਜਲੀ ਬੰਦ
Monday, Aug 30, 2021 - 10:53 PM (IST)
ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ) - ਅਮਰੀਕੀ ਸੂਬੇ ਲੂਈਸਿਆਨਾ ਵਿੱਚ ਐਤਵਾਰ ਨੂੰ ਜਬਰਦਸਤ ਤੂਫਾਨ ਇਡਾ ਨੇ ਦਸਤਕ ਦਿੱਤੀ ਹੈ। ਇਸ ਤੂਫਾਨ ਨੇ ਭਾਰੀ ਤਬਾਹੀ ਮਚਾਉਂਦਿਆਂ 1 ਵਿਅਕਤੀ ਦੀ ਜਾਨ ਲੈ ਲਈ ਹੈ ਅਤੇ ਸੈਂਕੜੇ, ਹਜਾਰਾਂ ਘਰਾਂ ਦੀ ਬਿਜਲੀ ਨੂੰ ਵੀ ਬੰਦ ਕੀਤਾ ਹੈ। ਸੂਬਾ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਤੂਫਾਨ ਇਡਾ ਕਾਰਨ ਇੱਕ 60 ਸਾਲਾਂ ਵਿਅਕਤੀ ਦੀ ਦਰਖਤ ਨਾਲ ਡਿੱਗਣ ਕਾਰਨ ਮੌਤ ਹੋ ਗਈ ਹੈ। ਇਹ ਮੌਤ ਦੀ ਘਟਨਾ ਅਸੈਂਸ਼ਨ ਪੈਰਿਸ਼, ਨਿਊ ਓਰਲੀਨਜ਼ ਦੇ ਉੱਤਰ-ਪੱਛਮ ਵਿੱਚ ਦਰਜ ਕੀਤੀ ਗਈ ਹੈ। ਐਤਵਾਰ ਨੂੰ ਇਡਾ ਨੇ ਰਾਜ ਦੇ ਸਮੁੰਦਰੀ ਕੰਢੇ 'ਤੇ ਖਤਰਨਾਕ ਸ਼੍ਰੇਣੀ 4 ਦੇ ਤੂਫਾਨ ਵਜੋਂ 150 ਮੀਲ ਪ੍ਰਤੀ ਘੰਟਾ ਦੀ ਰਫਤਾਰ ਨਾਲ ਦਸਤਕ ਦਿੱਤੀ। ਇਹ ਤੂਫਾਨ ਸੂਬੇ ਦੇ ਅੰਦਰੂਨੀ ਖੇਤਰਾਂ ਵਿੱਚ ਘੁੰਮਦਾ ਰਿਹਾ ਅਤੇ ਇਸਨੇ ਫਿਰ ਸ਼੍ਰੇਣੀ 2 ਵਜੋਂ ਨਿਊ ਓਰਲੀਨਜ਼ ਨੂੰ 30 ਮੀਲ ਦੀ ਰਫਤਾਰ ਨਾਲ ਪਾਰ ਕੀਤਾ। ਇਸ ਤੂਫਾਨ ਕਾਰਨ ਨਿਊ ਓਰਲੀਨਜ਼ ਦੇ ਨਿਵਾਸੀਆਂ ਨੂੰ ਬਿਜਲੀ ਦੀ ਸਮੱਸਿਆ ਦਾ ਵੀ ਸਾਹਮਣਾ ਕਰਨਾ ਪਿਆ। ਅਧਿਕਾਰੀਆਂ ਅਨੁਸਾਰ ਜੇਫਰਸਨ ਪੈਰਿਸ਼ ਖੇਤਰ ਦਾ ਲਗਭਗ 97 ਪ੍ਰਤੀਸ਼ਤ ਹਿੱਸਾ ਬਿਜਲੀ ਤੋਂ ਰਹਿਤ ਸੀ ਕਿਉਂਕਿ ਬਿਜਲੀ ਟਾਵਰ ਮਿਸੀਸਿਪੀ ਨਦੀ ਵਿੱਚ ਡਿੱਗ ਗਿਆ ਸੀ। ਅਮਰੀਕਾ ਵਿੱਚ ਬਿਜਲੀ ਸਪਲਾਈ ਨੂੰ ਟਰੈਕ ਕਰਨ ਵਾਲੀ ਇੱਕ ਵੈੱਬਸਾਈਟ ਅਨੁਸਾਰ ਇਡਾ ਕਾਰਨ ਦੋ ਸਟੇਟਾਂ ਲੂਈਸਿਆਨਾ ਅਤੇ ਮਿਸੀਸਿਪੀ ਵਿੱਚ 1 ਮਿਲੀਅਨ ਤੋਂ ਵੱਧ ਲੋਕ ਬਿਜਲੀ ਬੰਦ ਤੋਂ ਪ੍ਰਭਾਵਿਤ ਹੋਏ।
ਇਹ ਵੀ ਪੜ੍ਹੋ - ਮਾਹਰਾਂ ਦਾ ਦਾਅਵਾ, ਅਕਤੂਬਰ-ਨਵੰਬਰ 'ਚ ਚੋਟੀ 'ਤੇ ਹੋਵੇਗੀ ਕੋਰੋਨਾ ਦੀ ਤੀਜੀ ਲਹਿਰ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।