ਪਾਕਿਸਤਾਨ ''ਚ ਭੁੱਖਮਰੀ ਦਾ ਆਲਮ, ਭੀੜ ਨੇ ਲੁੱਟ ਲਈਆਂ ਆਟੇ ਦੀਆਂ ਬੋਰੀਆਂ (ਵੀਡੀਓ)
03/21/2023 5:29:20 PM

ਇਸਲਾਮਾਬਾਦ (ਬਿਊਰੋ): ਪਾਕਿਸਤਾਨ ਵਿੱਚ ਹਾਲਾਤ ਵਿਗੜਦੇ ਜਾ ਰਹੇ ਹਨ। ਨਵੇਂ ਮਾਮਲੇ ਕੋਟ ਰਾਧਾ ਕਿਸ਼ਨ ਅਤੇ ਕੰਗਣਪੁਰ ਸ਼ਹਿਰ ਤੋਂ ਸਾਹਮਣੇ ਆਏ ਹਨ। ਸੋਮਵਾਰ ਨੂੰ ਲੋਕਾਂ ਨੇ ਨਿਯਮਾਂ ਨੂੰ ਛਿੱਕੇ ਟੰਗ ਕੇ ਦੋ ਮੁਫ਼ਤ ਆਟਾ ਵੰਡ ਕੇਂਦਰਾਂ ਤੋਂ ਇੱਕ ਹਜ਼ਾਰ ਤੋਂ ਵੱਧ ਆਟੇ ਦੀਆਂ ਬੋਰੀਆਂ ਲੁੱਟ ਲਈਆਂ। ਅਜਿਹੀ ਅਰਾਜਕਤਾ ਲਾਹੌਰ ਤੋਂ ਇਸਲਾਮਾਬਾਦ ਤੱਕ ਫੈਲਦੀ ਜਾ ਰਹੀ ਹੈ। ਪਾਕਿਸਤਾਨ ਵਿੱਚ ਆਟੇ ਅਤੇ ਕਣਕ ਨਾਲ ਲੱਦੀਆਂ ਗੱਡੀਆਂ ਅਸੁਰੱਖਿਅਤ ਹੋ ਗਈਆਂ ਹਨ। ਲੋਕ ਦੇਖਦੇ ਹੀ ਉਨ੍ਹਾਂ 'ਤੇ ਟੁੱਟ ਪੈਂਦੇ ਹਨ ਅਤੇ ਕਣਕ ਲੁੱਟ ਲੈਂਦੇ ਹਨ। ਪਾਕਿਸਤਾਨ ਦੇ ਕਈ ਇਲਾਕੇ ਲੰਬੇ ਸਮੇਂ ਤੋਂ ਆਟੇ ਦੀ ਕਮੀ ਦਾ ਸਾਹਮਣਾ ਕਰ ਰਹੇ ਹਨ।
ਗਰੀਬੀ, ਬੇਰੁਜ਼ਗਾਰੀ ਅਤੇ ਭੁੱਖਮਰੀ ਕਾਰਨ ਪਾਕਿਸਤਾਨੀਆਂ ਦਾ ਗੁੱਸਾ ਵਧਦਾ ਜਾ ਰਿਹਾ ਹੈ। ਪਾਕਿਸਤਾਨੀ ਅਖਬਾਰ ਡਾਨ ਦੀ ਖ਼ਬਰ ਮੁਤਾਬਕ ਕੰਗਣਪੁਰ ਦੇ ਜਮਸ਼ੇਰ ਕਲਾਂ ਸਥਿਤ ਵੰਡ ਕੇਂਦਰ ਤੋਂ ਲੋਕਾਂ ਨੇ 280 ਬੋਰੀਆਂ ਲੁੱਟ ਲਈਆਂ। ਮੌਕੇ 'ਤੇ ਮੌਜੂਦ ਅਧਿਕਾਰੀ ਲੋਕਾਂ ਨੂੰ ਨਿਯਮਾਂ ਦੀ ਪਾਲਣਾ ਕਰਨ ਲਈ ਕਹਿੰਦੇ ਰਹੇ ਪਰ ਭੀੜ ਨੇ ਆਟੇ ਦੀਆਂ ਬੋਰੀਆਂ ਨਾਲ ਭਰੇ ਟਰੱਕ 'ਤੇ ਹਮਲਾ ਕਰ ਕੇ ਲੁੱਟਮਾਰ ਕਰ ਦਿੱਤੀ। ਇਸ ਲੁੱਟ ਵਿੱਚ ਔਰਤਾਂ ਵੀ ਸ਼ਾਮਲ ਸਨ।
ਪਾਕਿਸਤਾਨ ਵਿੱਚ ਲੁੱਟਖੋਹ ਅਤੇ ਅਰਾਜਕਤਾ
ਅਜਿਹਾ ਹੀ ਨਜ਼ਾਰਾ ਕੋਟ ਰਾਧਾ ਕਿਸ਼ਨ ਸ਼ਹਿਰ ਵਿੱਚ ਦੇਖਣ ਨੂੰ ਮਿਲਿਆ। ਆਟੇ ਦੀਆਂ ਬੋਰੀਆਂ ਨਾਲ ਭਰੇ ਟਰੱਕ 'ਤੇ ਭੀੜ ਨੇ ਹਮਲਾ ਕਰਕੇ 781 ਬੋਰੀਆਂ ਲੁੱਟ ਲਈਆਂ। ਪੁਲੀਸ ਨੂੰ ਅਣਪਛਾਤੇ ਹਮਲਾਵਰਾਂ ਖ਼ਿਲਾਫ਼ ਕੇਸ ਦਰਜ ਕਰਨ ਲਈ ਦਰਖਾਸਤ ਦਿੱਤੀ ਗਈ ਹੈ। ਦੂਜੇ ਪਾਸੇ ਪ੍ਰਸ਼ਾਸਨ ਵੱਲੋਂ ਆਟੇ ਦੀਆਂ ਬੋਰੀਆਂ ਦੀ ਸਪਲਾਈ ਨਾ ਕਰਨ ਦੇ ਵਿਰੋਧ ਵਿੱਚ ਸੈਂਕੜੇ ਪ੍ਰਦਰਸ਼ਨਕਾਰੀਆਂ ਨੇ ਫੂਲਨਗਰ ਵਿੱਚ ਮੁਲਤਾਨ ਰੋਡ ਜਾਮ ਕਰ ਦਿੱਤਾ।
ਪੜ੍ਹੋ ਇਹ ਅਹਿਮ ਖ਼ਬਰ-ਬ੍ਰਿਟੇਨ 'ਚ ਵੱਡੀ ਗਿਣਤੀ 'ਚ ਸਿੱਖ ਭਾਈਚਾਰਾ ਖਾਲਿਸਤਾਨ ਨੂੰ ਖਾਰਿਜ ਕਰਦਾ ਹੈ : ਬ੍ਰਿਟਿਸ਼ MP
ਲੋਕ ਆਟੇ ਦੀ ਮੰਗ ਨੂੰ ਲੈ ਕੇ ਸੜਕਾਂ ’ਤੇ ਉਤਰੇ
ਲੰਬੀ ਉਡੀਕ ਦੇ ਬਾਵਜੂਦ ਆਟਾ ਸਪਲਾਈ ਨਾ ਹੋਣ ਕਾਰਨ ਫੂਲਨਗਰ ਵਿੱਚ ਸੈਂਕੜੇ ਲੋਕਾਂ ਨੇ ਮੁਲਤਾਨ ਰੋਡ ਜਾਮ ਕਰ ਦਿੱਤਾ। ਧਰਨਾਕਾਰੀਆਂ ਨੇ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਗਰੀਬਾਂ ਨੂੰ ਆਟਾ ਵੰਡਣ ਦੀ ਮੰਗ ਕੀਤੀ। ਲੋਕਾਂ ਨੇ ਮਹਿੰਗਾਈ ਖਿਲਾਫ ਰੋਸ ਪ੍ਰਦਰਸ਼ਨ ਕੀਤਾ। ਟਵਿਟਰ 'ਤੇ ਵੀ ਆਟਾ ਲੁੱਟਣ ਦੀਆਂ ਕਈ ਵੀਡੀਓਜ਼ ਲਗਾਤਾਰ ਸ਼ੇਅਰ ਕੀਤੀਆਂ ਜਾ ਰਹੀਆਂ ਹਨ। ਸੋਮਵਾਰ ਨੂੰ ਸ਼ੇਅਰ ਕੀਤੀਆਂ ਗਈਆਂ ਦੋ ਵੀਡੀਓਜ਼ 'ਚ ਔਰਤਾਂ ਅਤੇ ਬੱਚੇ ਵੀ ਬਾਰਦਾਨੇ ਲੁੱਟਦੇ ਨਜ਼ਰ ਆਏ। ਦਾਅਵਾ ਕੀਤਾ ਗਿਆ ਸੀ ਕਿ ਇਹ ਵੀਡੀਓ ਇਸਲਾਮਾਬਾਦ ਅਤੇ ਲਾਹੌਰ ਦੇ ਹਨ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।