ਹੰਗਰੀ ਦਾ ਯੂਕਰੇਨ ਨੂੰ ਵੱਡਾ ਝਟਕਾ: ਰੂਸੀ ਤੇਲ ਦੀ ਸਪਲਾਈ ਬਹਾਲ ਹੋਣ ਤੱਕ ਗੈਸ ਸਪਲਾਈ ਰੋਕਣ ਦਾ ਐਲਾਨ
Wednesday, Mar 25, 2026 - 05:56 PM (IST)
ਬੁਡਾਪੇਸਟ: ਹੰਗਰੀ ਤੇ ਯੂਕਰੇਨ ਵਿਚਾਲੇ ਊਰਜਾ ਸੰਕਟ ਨੂੰ ਲੈ ਕੇ ਤਣਾਅ ਚਰਮ 'ਤੇ ਪਹੁੰਚ ਗਿਆ ਹੈ। ਹੰਗਰੀ ਦੇ ਪ੍ਰਧਾਨ ਮੰਤਰੀ ਵਿਕਟਰ ਓਰਬਨ ਨੇ ਬੁੱਧਵਾਰ ਨੂੰ ਐਲਾਨ ਕੀਤਾ ਹੈ ਕਿ ਜਦੋਂ ਤੱਕ ਯੂਕਰੇਨ ਰਾਹੀਂ ਹੋਣ ਵਾਲੀ ਰੂਸੀ ਤੇਲ ਦੀ ਸਪਲਾਈ ਦੁਬਾਰਾ ਸ਼ੁਰੂ ਨਹੀਂ ਹੁੰਦੀ, ਉਦੋਂ ਤੱਕ ਹੰਗਰੀ ਯੂਕਰੇਨ ਨੂੰ ਕੀਤੀ ਜਾਣ ਵਾਲੀ ਕੁਦਰਤੀ ਗੈਸ ਦੀ ਸਪਲਾਈ ਵਿੱਚ ਲਗਾਤਾਰ ਕਟੌਤੀ ਕਰੇਗਾ।
ਤੇਲ ਸਪਲਾਈ ਰੁਕਣ ਕਾਰਨ ਵਧਿਆ ਵਿਵਾਦ
ਜ਼ਿਕਰਯੋਗ ਹੈ ਕਿ 'ਦ੍ਰੁਜ਼ਬਾ' ਪਾਈਪਲਾਈਨ ਰਾਹੀਂ ਹੰਗਰੀ ਅਤੇ ਸਲੋਵਾਕੀਆ ਨੂੰ ਹੋਣ ਵਾਲੀ ਰੂਸੀ ਤੇਲ ਦੀ ਸਪਲਾਈ ਪਿਛਲੇ ਕਰੀਬ ਦੋ ਮਹੀਨਿਆਂ ਤੋਂ ਬੰਦ ਹੈ। ਯੂਕਰੇਨੀ ਅਧਿਕਾਰੀਆਂ ਦਾ ਦਾਅਵਾ ਹੈ ਕਿ ਰੂਸੀ ਡਰੋਨ ਹਮਲਿਆਂ ਕਾਰਨ ਪਾਈਪਲਾਈਨ ਨੂੰ ਨੁਕਸਾਨ ਪਹੁੰਚਿਆ ਹੈ ਅਤੇ ਲਗਾਤਾਰ ਹੋ ਰਹੇ ਹਮਲਿਆਂ ਕਾਰਨ ਮੁਰੰਮਤ ਦਾ ਕੰਮ ਪ੍ਰਭਾਵਿਤ ਹੋ ਰਿਹਾ ਹੈ। ਦੂਜੇ ਪਾਸੇ, ਪ੍ਰਧਾਨ ਮੰਤਰੀ ਓਰਬਨ ਨੇ ਇਸ ਸਥਿਤੀ ਨੂੰ "ਯੂਕਰੇਨੀ ਬਲੈਕਮੇਲ" ਕਰਾਰ ਦਿੱਤਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਜਦੋਂ ਤੱਕ ਯੂਕਰੇਨ ਤੇਲ ਦੀ ਸਪਲਾਈ ਨਹੀਂ ਦਿੰਦਾ, ਉਸ ਨੂੰ ਹੰਗਰੀ ਤੋਂ ਗੈਸ ਨਹੀਂ ਮਿਲੇਗੀ ਅਤੇ ਹੰਗਰੀ ਇਸ ਗੈਸ ਦੀ ਵਰਤੋਂ ਆਪਣੇ ਭੰਡਾਰ ਭਰਨ ਲਈ ਕਰੇਗਾ।
ਯੂਕਰੇਨ 'ਤੇ ਪਵੇਗਾ ਭਾਰੀ ਅਸਰ
ਯੂਕਰੇਨ ਆਪਣੀਆਂ ਊਰਜਾ ਲੋੜਾਂ ਲਈ ਵੱਡੇ ਪੱਧਰ 'ਤੇ ਹੰਗਰੀ ਤੋਂ ਆਉਣ ਵਾਲੀ ਗੈਸ 'ਤੇ ਨਿਰਭਰ ਹੈ। ਅੰਕੜਿਆਂ ਅਨੁਸਾਰ, ਪਿਛਲੇ ਸਾਲ ਯੂਕਰੇਨ ਦੀ ਕੁੱਲ ਗੈਸ ਦਰਾਮਦ ਦਾ ਲਗਭਗ 45 ਫੀਸਦੀ ਹਿੱਸਾ ਹੰਗਰੀ ਰਾਹੀਂ ਆਇਆ ਸੀ, ਜੋ ਇਸ ਸਾਲ ਜਨਵਰੀ 'ਚ 38 ਫੀਸਦੀ ਦਰਜ ਕੀਤਾ ਗਿਆ ਸੀ। ਗੈਸ ਦੀ ਸਪਲਾਈ ਰੁਕਣ ਨਾਲ ਜੰਗ ਦੀ ਮਾਰ ਝੱਲ ਰਹੇ ਯੂਕਰੇਨ ਲਈ ਮੁਸ਼ਕਲਾਂ ਹੋਰ ਵਧ ਸਕਦੀਆਂ ਹਨ,।
ਸਿਆਸੀ ਤਣਾਅ ਤੇ ਸਖ਼ਤ ਕਦਮ
ਓਰਬਨ ਨੇ ਨਾ ਸਿਰਫ਼ ਗੈਸ ਸਪਲਾਈ ਰੋਕਣ ਦੀ ਧਮਕੀ ਦਿੱਤੀ ਹੈ, ਸਗੋਂ ਯੂਕਰੇਨ ਨੂੰ ਦਿੱਤੇ ਜਾਣ ਵਾਲੇ 90 ਅਰਬ ਯੂਰੋ ਦੇ ਯੂਰਪੀ ਸੰਘ (EU) ਦੇ ਕਰਜ਼ੇ 'ਤੇ ਵੀ ਰੋਕ ਲਗਾ ਦਿੱਤੀ ਹੈ। ਹੰਗਰੀ ਵਿੱਚ ਅਗਲੇ ਮਹੀਨੇ ਹੋਣ ਵਾਲੀਆਂ ਚੋਣਾਂ ਦੇ ਮੱਦੇਨਜ਼ਰ ਓਰਬਨ ਨੇ ਯੂਕਰੇਨ ਵਿਰੁੱਧ ਹਮਲਾਵਰ ਰੁਖ਼ ਅਖਤਿਆਰ ਕੀਤਾ ਹੋਇਆ ਹੈ ਅਤੇ ਯੂਕਰੇਨ ਨੂੰ ਹੰਗਰੀ ਦਾ "ਦੁਸ਼ਮਣ" ਦੱਸਿਆ ਹੈ। ਉਨ੍ਹਾਂ ਰਾਸ਼ਟਰਪਤੀ ਜ਼ੇਲੇਂਸਕੀ 'ਤੇ ਚੋਣਾਂ ਨੂੰ ਪ੍ਰਭਾਵਿਤ ਕਰਨ ਲਈ ਜਾਣਬੁੱਝ ਕੇ ਊਰਜਾ ਸੰਕਟ ਪੈਦਾ ਕਰਨ ਦੇ ਦੋਸ਼ ਵੀ ਲਗਾਏ ਹਨ।
ਸੁਰੱਖਿਆ ਦੇ ਮੱਦੇਨਜ਼ਰ, ਹੰਗਰੀ ਨੇ ਆਪਣੇ ਮੁੱਖ ਊਰਜਾ ਟਿਕਾਣਿਆਂ 'ਤੇ ਫੌਜ ਤਾਇਨਾਤ ਕਰ ਦਿੱਤੀ ਹੈ। ਹਾਲਾਂਕਿ ਯੂਰਪੀ ਸੰਘ ਨੇ ਰੂਸੀ ਤੇਲ 'ਤੇ ਪਾਬੰਦੀਆਂ ਲਗਾਈਆਂ ਹੋਈਆਂ ਹਨ, ਪਰ ਹੰਗਰੀ ਅਤੇ ਸਲੋਵਾਕੀਆ ਨੂੰ ਇਸ ਵਿੱਚ ਅਸਥਾਈ ਤੌਰ 'ਤੇ ਛੋਟ ਮਿਲੀ ਹੋਈ ਹੈ। ਫਿਲਹਾਲ ਇਸ ਮਾਮਲੇ 'ਤੇ ਯੂਕਰੇਨ ਵੱਲੋਂ ਕੋਈ ਅਧਿਕਾਰਤ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
