ਗਲਾਸਗੋ ''ਚ ਸੈਂਕੜੇ ਬੱਸ ਡਰਾਈਵਰ ਕੋਪ 26 ਦੌਰਾਨ ਕਰ ਸਕਦੇ ਹਨ ਹੜਤਾਲ

Friday, Oct 22, 2021 - 02:06 PM (IST)

ਗਲਾਸਗੋ ''ਚ ਸੈਂਕੜੇ ਬੱਸ ਡਰਾਈਵਰ ਕੋਪ 26 ਦੌਰਾਨ ਕਰ ਸਕਦੇ ਹਨ ਹੜਤਾਲ

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਸਕਾਟਲੈਂਡ ਦੇ ਸ਼ਹਿਰ ਗਲਾਸਗੋ ਵਿੱਚ ਹੋ ਰਹੇ ਕੋਪ 26 ਜਲਵਾਯੂ ਸੰਮੇਲਨ ਦੌਰਾਨ ਸ਼ਹਿਰ ਦੇ ਸੈਂਕੜੇ ਬੱਸ ਡਰਾਈਵਰਾਂ ਦੁਆਰਾ ਹੜਤਾਲ ਕੀਤੀ ਜਾ ਸਕਦੀ ਹੈ। ਇਸ ਸਬੰਧੀ ਪੁਸ਼ਟੀ ਕੀਤੀ ਗਈ ਹੈ ਕਿ ਗਲਾਸਗੋ ਵਿੱਚ 1000 ਤੋਂ ਵੱਧ ਬੱਸ ਡਰਾਈਵਰ ਤਨਖਾਹ ਸਬੰਧੀ ਮੁੱਦਿਆਂ ਨੂੰ ਲੈ ਕੇ ਹੜਤਾਲ ਕਰਨ ਲਈ ਵੋਟ ਪਾਉਣਗੇ। ਤਕਰੀਬਨ 1300 'ਫਸਟ ਗਲਾਸਗੋ' ਦੇ ਕਰਮਚਾਰੀਆਂ ਨੂੰ ਮਾਲਕਾਂ ਦੁਆਰਾ ਅਸਵੀਕਾਰਨਯੋਗ ਤਨਖਾਹ ਵਾਧੇ ਦੀ ਪੇਸ਼ਕਸ਼ ਤੋਂ ਬਾਅਦ ਇਹ ਕਾਰਵਾਈ ਕਰਨ ਦਾ ਸੱਦਾ ਦਿੱਤਾ ਗਿਆ ਹੈ। 

ਕਰਮਚਾਰੀ ਪਿਛਲੇ ਸਾਲ ਤਨਖਾਹ ਵਾਧੇ ਦੀ ਉਮੀਦ ਕਰ ਰਹੇ ਸਨ, ਹਾਲਾਂਕਿ ਕੋਵਿਡ-19 ਕਾਰਨ ਗੱਲਬਾਤ ਰੁੱਕ ਗਈ ਸੀ ਤੇ ਉਮੀਦ ਕੀਤੀ ਜਾ ਰਹੀ ਸੀ ਕਿ ਵਾਧਾ ਇਸ ਸਾਲ ਅਪ੍ਰੈਲ ਲਈ ਦੁਬਾਰਾ ਤੈਅ ਕੀਤਾ ਜਾਵੇਗਾ ਪਰ ਹੁਣ ਕਾਮਿਆਂ ਨੂੰ 1 ਨਵੰਬਰ ਨੂੰ ਹੜਤਾਲੀ ਕਾਰਵਾਈ ਲਈ ਵੋਟਿੰਗ ਲਈ ਸੱਦਾ ਦਿੱਤਾ ਜਾਵੇਗਾ। ਟਰੇਡ ਯੂਨੀਅਨ ਅਨੁਸਾਰ ਘੱਟ ਤਨਖਾਹ ਅਤੇ ਸ਼ਿਫਟ ਕੰਮ ਦੇ ਕਾਰਨ ਡਰਾਈਵਰਾਂ ਦੀ ਘਾਟ ਪੂਰੇ ਉਦਯੋਗ ਵਿੱਚ ਸਥਾਈ ਬਣ ਰਹੀ ਹੈ। ਇਸਦੇ ਇਲਾਵਾ ਡਰਾਈਵਰ ਕਿਤੇ ਹੋਰ ਬਿਹਤਰ ਨੌਕਰੀਆਂ ਪ੍ਰਾਪਤ ਕਰ ਰਹੇ ਹਨ ਜਿਸਦੇ ਨਤੀਜੇ ਵਜੋਂ ਗਲਾਸਗੋ ਵਿੱਚ ਬੱਸ ਸੇਵਾਵਾਂ ਵਿੱਚ ਕਟੌਤੀ ਕੀਤੀ ਗਈ ਹੈ। 

ਪੜ੍ਹੋ ਇਹ ਅਹਿਮ ਖਬਰ- ਗਲਾਸਗੋ 'ਚ ਹੋਣ ਵਾਲੇ ਕੋਪ 26 ਜਲਵਾਯੂ ਸੰਮੇਲਨ ਬਾਰੇ ਮਹੱਤਵਪੂਰਨ ਜਾਣਕਾਰੀ

ਜਾਣਕਾਰੀ ਅਨੁਸਾਰ ਇੱਕ ਡਿਪੂ ਵਿੱਚ, ਫਰਮ ਨੇ ਆਪਣੇ ਕਰਮਚਾਰੀਆਂ ਨੂੰ ਤਿੰਨ ਸਾਲਾਂ ਦੀ ਤਨਖਾਹ ਸਬੰਧੀ ਸਿਰਫ ਪ੍ਰਤੀ ਘੰਟਾ 44 ਪੈਂਸ ਦਾ ਵਾਧਾ ਕੀਤਾ। ਜਦਕਿ ਫਸਟ ਗਲਾਸਗੋ ਅਨੁਸਾਰ ਸੇਵਾਵਾਂ ਦੇ ਨੈਟਵਰਕ ਨੂੰ ਕਾਇਮ ਰੱਖਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ। ਕੰਪਨੀ ਨੇ ਦੱਸਿਆ ਕਿ ਤਨਖਾਹਾਂ ਅਤੇ ਸ਼ਰਤਾਂ ਨੂੰ ਲੈ ਕੇ ਯੂਨੀਅਨ ਦੇ ਸਹਿਕਰਮੀਆਂ ਨਾਲ ਗੱਲਬਾਤ ਵੀ ਹੋ ਰਹੀ ਹੈ ਅਤੇ ਮੌਜੂਦਾ ਸਟਾਫ ਦੀ ਤਨਖਾਹ ਅਤੇ ਤਰੱਕੀ ਦੇ ਸੰਬੰਧ ਵਿੱਚ ਅਗਲੇ ਹਫਤੇ ਹੋਰ ਗੱਲਬਾਤ ਤੈਅ ਕੀਤੀ ਗਈ ਹੈ।
 


author

Vandana

Content Editor

Related News