ਹੂਤੀਆਂ ਦਾ ਲਾਲ ਸਾਗਰ ਦੇ 2 ਹੋਰ ਟਾਪੂਆਂ ’ਤੇ ਕਬਜ਼ਾ ਏਸ਼ੀਆ-ਯੂਰਪ ਦੇ ਸਮੁੰਦਰੀ ਰਸਤੇ ’ਤੇ ਖ਼ਤਰਾ
Tuesday, Sep 15, 2026 - 10:15 AM (IST)
ਸਨਾ (ਏਜੰਸੀ)- ਯਮਨ ਦੇ ਹੂਤੀ ਬਾਗੀਆਂ ਨੇ ਦੱਖਣੀ ਲਾਲ ਸਾਗਰ ਵਿਚ 2 ਹੋਰ ਮਹੱਤਵਪੂਰਨ ਟਾਪੂਆਂ ’ਤੇ ਕਬਜ਼ਾ ਕਰ ਲਿਆ ਹੈ। ਯਮਨ ਸਰਕਾਰ ਅਨੁਸਾਰ, ਹੂਤੀਆਂ ਨੇ ਗ੍ਰੇਟਰ ਹਨੀਸ਼ ਅਤੇ ਲੇਜ਼ਰ ਹਨੀਸ਼ ਟਾਪੂਆਂ ’ਤੇ ਆਪਣੇ ਲੜਾਕੇ ਤਾਇਨਾਤ ਕਰ ਦਿੱਤੇ ਹਨ। ਇਹ ਦੋਵੇਂ ਟਾਪੂ ਬਾਬ-ਅਲ-ਮੰਦੇਬ ਸਟ੍ਰੇਟ ਤੋਂ ਕਰੀਬ 160 ਕਿਲੋਮੀਟਰ ਉੱਤਰ ’ਚ ਸਥਿਤ ਹਨ। ਇਸ ਤੋਂ ਪਹਿਲਾਂ ਪਿਛਲੇ ਹਫ਼ਤੇ ਹੂਤੀਆਂ ਨੇ ਲਾਲ ਸਾਗਰ ਦੇ ਕੰਢੇ ਸਥਿਤ ਬੰਦਰਗਾਹ ਸ਼ਹਿਰ ਮੋਖਾ ਅਤੇ ਬਾਬ-ਅਲ-ਮੰਦੇਬ ਨੇੜੇ ਮਾਯੂਨ ਟਾਪੂ ’ਤੇ ਵੀ ਕਬਜ਼ਾ ਕਰ ਲਿਆ ਸੀ। ਇਨ੍ਹਾਂ ਇਲਾਕਿਆਂ ’ਤੇ ਪਹਿਲਾਂ ਸਾਊਦੀ ਅਰਬ ਦੇ ਸਮਰਥਨ ਵਾਲੀ ਯਮਨੀ ਸਰਕਾਰੀ ਫੌਜ ਦਾ ਕੰਟਰੋਲ ਸੀ। ਹੂਤੀਆਂ ਦੇ ਇਨ੍ਹਾਂ ਇਲਾਕਿਆਂ ਵਿਚ ਕਬਜ਼ਾ ਕਰਨ ਦੇ ਨਾਲ ਲਾਲ ਸਾਗਰ ਦੇ ਸਮੁੰਦਰੀ ਰਸਤੇ ’ਤੇ ਉਨ੍ਹਾਂ ਦਾ ਪ੍ਰਭਾਵ ਵਧ ਗਿਆ ਹੈ। ਬਾਬ-ਅਲ-ਮੰਦੇਬ ਏਸ਼ੀਆ ਅਤੇ ਯੂਰਪ ਵਿਚਕਾਰ ਜਹਾਜ਼ਾਂ ਲਈ ਮਹੱਤਵਪੂਰਨ ਛੋਟਾ ਸਮੁੰਦਰੀ ਰਸਤਾ ਹੈ। ਇੱਥੋਂ ਜਹਾਜ਼ ਲਾਲ ਸਾਗਰ ਦੇ ਰਸਤੇ ਸਵੇਜ਼ ਨਹਿਰ ਤੱਕ ਪਹੁੰਚਦੇ ਹਨ ਅਤੇ ਫਿਰ ਭੂਮੱਧ ਸਾਗਰ ਵੱਲ ਜਾਂਦੇ ਹਨ।
ਯਮਨ ਅਤੇ ਹੂਤੀਆਂ ਵਿਚਾਲੇ ਹਮਲੇ ਤੇਜ਼
ਯਮਨ ਅਤੇ ਸਾਊਦੀ ਅਰਬ ਦੀ ਫੌਜ ਨੇ ਐਤਵਾਰ ਨੂੰ ਲਾਲ ਸਾਗਰ ਨੇੜੇ ਹੂਤੀਆਂ ਦੇ ਟਿਕਾਣਿਆਂ ’ਤੇ ਹਵਾਈ ਹਮਲੇ ਕੀਤੇ। ਇਸ ਦੇ ਜਵਾਬ ਵਿਚ ਹੂਤੀਆਂ ਨੇ ਸਾਊਦੀ ਅਰਬ ’ਤੇ ਡਰੋਨ ਅਤੇ ਮਿਜ਼ਾਈਲ ਹਮਲੇ ਕਰਨ ਦਾ ਦਾਅਵਾ ਕੀਤਾ। ਹਮਲਿਆਂ ਦੇ ਖਦਸ਼ੇ ਦੇ ਮੱਦੇਨਜ਼ਰ ਸਾਊਦੀ ਅਰਬ ਦੇ ਅਬਹਾ ਅਤੇ ਖਮਿਸ ਮੁਸ਼ੈਤ ਸ਼ਹਿਰਾਂ ਵਿਚ ਸਾਇਰਨ ਵਜਾਏ ਗਏ ਅਤੇ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਜਾਣ ਦੀ ਸਲਾਹ ਦਿੱਤੀ ਗਈ। ਯਮਨ ਸਰਹੱਦ ਨੇੜੇ ਇਕ ਪ੍ਰੋਜੈਕਟਾਈਲ ਡਿੱਗਣ ਨਾਲ 2 ਲੋਕਾਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ। ਇਸ ਨਾਲ ਇਕ ਮਸਜਿਦ ਅਤੇ ਕੁਝ ਹੋਰ ਇਮਾਰਤਾਂ ਨੂੰ ਵੀ ਨੁਕਸਾਨ ਪਹੁੰਚਿਆ।
ਰਸਤਾ ਬੰਦ ਹੋਇਆ ਤਾਂ ਵਧੇਗੀ ਦੂਰੀ ਅਤੇ ਖਰਚਾ
ਬਾਬ-ਅਲ-ਮੰਦੇਬ ਦੇ ਆਲੇ-ਦੁਆਲੇ ਤਣਾਅ ਵਧਣ ਜਾਂ ਸਮੁੰਦਰੀ ਰਸਤਾ ਬੰਦ ਹੋਣ ਦੀ ਸਥਿਤੀ ’ਚ ਏਸ਼ੀਆ ਅਤੇ ਯੂਰਪ ਵਿਚਕਾਰ ਜਹਾਜ਼ਾਂ ਨੂੰ ਅਫਰੀਕਾ ਦੇ ਦੱਖਣੀ ਕਿਨਾਰੇ ਤੋਂ ਹੋ ਕੇ ਲੰਬਾ ਰਸਤਾ ਅਪਣਾਉਣਾ ਪੈ ਸਕਦਾ ਹੈ। ਉਨ੍ਹਾਂ ਨੂੰ ਕੇਪ ਆਫ ਗੁੱਡ ਹੋਪ ਦੇ ਰਸਤੇ ਜਾਣਾ ਪਵੇਗਾ। ਇਸ ਨਾਲ ਜਹਾਜ਼ਾਂ ਨੂੰ ਹਜ਼ਾਰਾਂ ਕਿਲੋਮੀਟਰ ਵਾਧੂ ਦੂਰੀ ਤੈਅ ਕਰਨੀ ਪਵੇਗੀ ਅਤੇ ਸਫ਼ਰ ਵਿਚ ਕਈ ਦਿਨ ਹੋਰ ਲੱਗਣਗੇ। ਇਸ ਨਾਲ ਈਂਧਨ ਅਤੇ ਮਾਲ ਢੋਆ-ਢੁਆਈ ਦਾ ਖਰਚਾ ਵਧ ਸਕਦਾ ਹੈ। ਲੰਬੇ ਸਮੇਂ ਤੱਕ ਸਮੁੰਦਰੀ ਰਸਤਾ ਪ੍ਰਭਾਵਿਤ ਰਹਿਣ ’ਤੇ ਸਾਮਾਨ ਦੀ ਸਪਲਾਈ ਵਿਚ ਦੇਰੀ ਹੋ ਸਕਦੀ ਹੈ ਅਤੇ ਤੇਲ, ਪੈਟਰੋਲ-ਡੀਜ਼ਲ ਸਮੇਤ ਕਈ ਇੰਪੋਰਟ ਵਸਤਾਂ ਦੀਆਂ ਕੀਮਤਾਂ ’ਤੇ ਅਸਰ ਪੈ ਸਕਦਾ ਹੈ। ਇਸ ਦਾ ਅਸਰ ਭਾਰਤ ਦੀ ਇੰਪੋਰਟ ਲਾਗਤ ਅਤੇ ਮਹਿੰਗਾਈ ’ਤੇ ਵੀ ਪੈ ਸਕਦਾ ਹੈ।
