ਸਾਊਦੀ ਦੇ ਤੇਲ ਟਿਕਾਣਿਆਂ ਨੂੰ ਹੂਤੀਆਂ ਨੇ ਬਣਾਇਆ ਨਿਸ਼ਾਨਾ ! ਭਾਰਤ ਨੇ ਹਮਲੇ ਦੀ ਕੀਤੀ ਨਿੰਦਾ

Thursday, Sep 10, 2026 - 02:24 PM (IST)

ਸਾਊਦੀ ਦੇ ਤੇਲ ਟਿਕਾਣਿਆਂ ਨੂੰ ਹੂਤੀਆਂ ਨੇ ਬਣਾਇਆ ਨਿਸ਼ਾਨਾ ! ਭਾਰਤ ਨੇ ਹਮਲੇ ਦੀ ਕੀਤੀ ਨਿੰਦਾ

ਨਵੀਂ ਦਿੱਲੀ- ਭਾਰਤ ਨੇ ਸਾਊਦੀ ਅਰਬ ਵਿਚ ਤੇਲ ਟਿਕਾਣਿਆਂ ’ਤੇ ਹੂਤੀ ਲੜਾਕਿਆਂ ਵੱਲੋਂ ਕੀਤੇ ਗਏ ਹਾਲੀਆ ਹਮਲਿਆਂ ਦੀ ਬੁੱਧਵਾਰ ਨੂੰ ਨਿੰਦਾ ਕੀਤੀ ਅਤੇ ਕਿਹਾ ਕਿ ਇਨ੍ਹਾਂ ਹਮਲਿਆਂ ਨਾਲ ਖੇਤਰੀ ਸੁਰੱਖਿਆ ਪ੍ਰਭਾਵਿਤ ਹੋਵੇਗੀ।

ਇਰਾਨ ਸਮਰਥਿਤ ਹੂਤੀ ਲੜਾਕਿਆਂ ਨੇ ਮੰਗਲਵਾਰ ਨੂੰ ਸਾਊਦੀ ਅਰਬ ਦੇ ਤੇਲ ਟਿਕਾਣਿਆਂ ਅਤੇ ਕੁਝ ਹੋਰ ਨਾਗਰਿਕ ਬੁਨਿਆਦੀ ਢਾਂਚਿਆਂ ਨੂੰ ਨਿਸ਼ਾਨਾ ਬਣਾਇਆ। ਇਨ੍ਹਾਂ ਹਮਲਿਆਂ ਤੋਂ ਬਾਅਦ ਪੱਛਮੀ ਏਸ਼ੀਆ ਵਿਚ ਸੰਘਰਸ਼ ਹੋਰ ਵਧਣ ਦਾ ਖ਼ਦਸ਼ਾ ਡੂੰਘਾ ਹੋ ਗਿਆ ਹੈ। ਵਿਦੇਸ਼ ਮੰਤਰਾਲਾ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ ਕਿ ਭਾਰਤ ਨੇ ਸਾਊਦੀ ਅਰਬ ਦੀ ਪ੍ਰਭੂਸੱਤਾ ਸੰਪੰਨ ਖੇਤਰ ’ਤੇ ਹੋਏ ਹਮਲਿਆਂ ਦੀ ਨਿੰਦਾ ਕੀਤੀ ਹੈ, ਵਿਸ਼ੇਸ਼ ਤੌਰ ’ਤੇ ਨਾਗਰਿਕ ਅਤੇ ਆਰਥਿਕ ਟਿਕਾਣਿਆਂ ਨੂੰ ਨਿਸ਼ਾਨਾ ਬਣਾਏ ਜਾਣ ਦੀ।

ਉਨ੍ਹਾਂ ਕਿਹਾ ਕਿ ਅਜਿਹੇ ਹਮਲੇ ‘ਅਸਵੀਕਾਰਨਯੋਗ’ ਹਨ ਜੋ ਖੇਤਰੀ ਸੁਰੱਖਿਆ ਅਤੇ ਸਥਿਰਤਾ ਨੂੰ ਕਮਜ਼ੋਰ ਕਰਦੇ ਹਨ ਅਤੇ ਬਾਬ-ਅਲ-ਮੰਡੇਬ ਵਿਚ ਨੇਵੀਗੇਸ਼ਨ ਦੀ ਆਜ਼ਾਦੀ ਨੂੰ ਖ਼ਤਰਾ ਪੈਦਾ ਕਰਦੇ ਹਨ। ਜੈਸਵਾਲ ਨੇ ਇਕ ਸਵਾਲ ਦੇ ਜਵਾਬ ਵਿਚ ਇਹ ਗੱਲ ਕਹੀ। ਸਾਊਦੀ ਅਰਬ ਦੇ ਤੇਲ ਟਿਕਾਣਿਆਂ ’ਤੇ ਇਹ ਹਮਲੇ ਅਜਿਹੇ ਸਮੇਂ ਹੋਏ ਹਨ, ਜਦੋਂ ਅਮਰੀਕਾ ਨੇ ਇਰਾਨ ’ਤੇ ਆਪਣੀਆਂ ਆਰਥਿਕ ਪਾਬੰਦੀਆਂ ਨੂੰ ਹੋਰ ਸਖ਼ਤ ਕਰ ਦਿੱਤਾ ਹੈ।


author

Harpreet SIngh

Content Editor

Related News