ਅਦਨ ਦੀ ਖਾੜੀ ’ਚ ਹੂਤੀ ਬਾਗੀਆਂ ਨੇ ਸਿੰਗਾਪੁਰ ਦੇ ਜਹਾਜ਼ ’ਤੇ ਕੀਤਾ ਹਮਲਾ
Sunday, Jul 21, 2024 - 09:53 AM (IST)
ਸਿੰਗਾਪੁਰ (ਭਾਸ਼ਾ) - ਹੂਤੀ ਬਾਗੀਆਂ ਵੱਲੋਂ ਕਥਿਤ ਤੌਰ ’ਤੇ ਕੀਤੇ ਗਏ ਹਮਲੇ ’ਚ ਸਿੰਗਾਪੁਰ ਦਾ ਝੰਡਾ ਲੱਗੇ ਇਕ ਜਹਾਜ਼ ਨੂੰ ਨੁਕਸਾਨ ਪਹੁੰਚਿਆ ਹੈ। ਮੈਰੀਟਾਈਮ ਐਂਡ ਪੋਰਟ ਅਥਾਰਟੀ ਆਫ ਸਿੰਗਾਪੁਰ (ਐੱਮ. ਪੀ. ਏ.) ਨੇ ਸ਼ੁੱਕਰਵਾਰ ਨੂੰ ਇਕ ਬਿਆਨ ’ਚ ਇਹ ਜਾਣਕਾਰੀ ਦਿੱਤੀ।
ਐੱਮ. ਪੀ. ਏ. ਨੇ ਕਿਹਾ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਅਦਨ ਦੀ ਖਾੜੀ ’ਚੋਂ ਲੰਘਦੇ ਸਮੇਂ ਕੰਟੇਨਰ ਜਹਾਜ਼ ‘ਲੋਬੀਵੀਆ’ ’ਤੇ ਹਮਲਾ ਕੀਤਾ ਗਿਆ, ਜਿਸ ਕਾਰਨ ਉਸ ਨੂੰ ਅੱਗ ਲੱਗ ਗਈ। ਹਾਲਾਂਕਿ ਚਾਲਕ ਦਲ ਦੇ ਕਰਮਚਾਰੀਆਂ ਨੇ ਅੱਗ ਬੁਝਾ ਦਿੱਤੀ।
ਉਨ੍ਹਾਂ ਕਿਹਾ ਕਿ ਚਾਲਕ ਦਲ ’ਚ ਕੋਈ ਸਿੰਗਾਪੁਰ ਦਾ ਨਾਗਰਿਕ ਨਹੀਂ ਸੀ ਅਤੇ ਜਹਾਜ਼ ’ਚ ਸਵਾਰ ਸਾਰੇ ਕਰਮਚਾਰੀ ਸੁਰੱਖਿਅਤ ਹਨ। ਉਨ੍ਹਾਂ ਕਿਹਾ ਕਿ ਹੂਤੀ ਬਾਗੀਆਂ ਦੇ ਹਮਲੇ ਦੇ ਬਾਵਜੂਦ ਜਹਾਜ਼ ਸੋਮਾਲੀਆ ਦੀ ਬਰਬੇਰਾ ਬੰਦਰਗਾਹ ਤੱਕ ਪਹੁੰਚਣ ਵਿਚ ਸਫਲ ਰਿਹਾ, ਜਿੱਥੇ ਨੁਕਸਾਨ ਦਾ ਮੁਲਾਂਕਣ ਕੀਤਾ ਜਾਵੇਗਾ ਅਤੇ ਜੇਕਰ ਲੋੜ ਪਈ ਤਾਂ ਮੁਰੰਮਤ ਕੀਤੀ ਜਾਵੇਗੀ।
ਸਿੰਗਾਪੁਰ ਦੀ ਸਮੁੰਦਰੀ ਫੌਜ ਨੇ ਵੀ ਅਦਨ ਦੀ ਖਾੜੀ ’ਚ ਆਪਣੇ ਸੁਰੱਖਿਆ ਭਾਈਵਾਲਾਂ ਨੂੰ ਸਹਾਇਤਾ ਪ੍ਰਦਾਨ ਕਰਨ ਲਈ ਚੌਕਸ ਕਰ ਦਿੱਤਾ ਹੈ। ਹੂਤੀ ਬਾਗੀਆਂ ਦੇ ਬੁਲਾਰੇ ਨੇ ਇਕ ਟੈਲੀਵਿਜ਼ਨ ’ਤੇ ਕਿਹਾ ਕਿ ਸਮੂਹ ਵੱਲੋਂ ਬੈਲਿਸਟਿਕ ਮਿਜ਼ਾਈਲਾਂ ਅਤੇ ਡਰੋਨਾਂ ਨਾਲ ‘ਲੋਬੀਵੀਆ’ ’ਤੇ ਹਮਲਾ ਕੀਤਾ।