ਮਨੁੱਖੀ ਤਸਕਰੀ ਲਈ ਅਗਵਾ ਕੀਤੇ ਦਰਜਨਾਂ ਲੋਕਾਂ ਨੂੰ ਹਿਊਸਟਨ ਪੁਲਸ ਨੇ ਛੁਡਾਇਆ

12/05/2020 8:26:05 PM

ਫਰਿਜ਼ਨੋ, (ਗੁਰਿੰਦਰਜੀਤ ਨੀਟਾ ਮਾਛੀਕੇ)- ਹਿਊਸਟਨ ਦੇ ਇਕ ਘਰ ਵਿਚ ਮਨੁੱਖੀ ਤਸਕਰੀ ਕਰਨ ਦੇ ਇਰਾਦੇ ਨਾਲ ਅਗਵਾ ਕਰਕੇ ਰੱਖੇ ਹੋਏ ਤਕਰੀਬਨ 30 ਵਿਅਕਤੀ ਜਿਨ੍ਹਾਂ ਵਿਚ ਇਕ ਔਰਤ ਵੀ ਸੀ, ਨੂੰ ਪੁਲਸ ਨੇ ਕਾਰਵਾਈ ਕਰਦਿਆਂ ਰਿਹਾਅ ਕਰਵਾਇਆ ਹੈ।

ਪੁਲਸ ਅਨੁਸਾਰ ਵੀਰਵਾਰ ਦੀ ਰਾਤ ਨੂੰ ਇਕ ਗਲੀ ਵਿਚ ਭੱਜ ਰਿਹਾ ਇਕ ਵਿਅਕਤੀ ਅਧਿਕਾਰੀਆਂ ਦੇ ਧਿਆਨ ਹੇਠ ਆਇਆ ਜੋ ਕਿ ਉਸ ਨੂੰ ਅਗਵਾ ਕਰਨ ਬਾਰੇ ਕਹਿ ਰਿਹਾ ਸੀ ਜਦਕਿ ਹੋਰਾਂ ਨੂੰ ਘਰ ਵਿਚ ਰੱਖਣ ਬਾਰੇ ਵੀ ਦੱਸ ਰਿਹਾ ਸੀ। ਪੁਲਸ ਕਮਾਂਡਰ ਜੋਨਾਥਨ ਹਾਲੀਡੇਅ ਨੇ ਦੱਸਿਆ ਕਿ ਇਸ ਦੇ ਬਾਅਦ ਘਟਨਾ ਵਾਲੀ ਥਾਂ 'ਤੇ ਅਧਿਕਾਰੀਆਂ ਨੇ ਜ਼ਬਰਦਸਤੀ ਦਾਖਲ ਹੋ ਕੇ 29 ਆਦਮੀਆਂ ਅਤੇ ਇਕ ਔਰਤ ਨੂੰ ਲੱਭਣ ਵਿਚ ਸਫਲਤਾ ਪ੍ਰਾਪਤ ਕੀਤੀ। ਪੁਲਸ ਅਨੁਸਾਰ ਅਗਵਾ ਹੋਏ ਲੋਕਾਂ ਨੇ ਜਾਣਕਾਰੀ ਦਿੱਤੀ ਕਿ ਉਨ੍ਹਾਂ ਨੂੰ ਦੋ ਦਿਨ ਅਤੇ ਇੱਕ ਹਫ਼ਤਾ ਪਹਿਲਾਂ ਬ੍ਰਾਊਨਜ਼ਵਿੱਲੇ ਵਿਚ ਲਿਜਾਇਆ ਗਿਆ ਸੀ ਅਤੇ ਬਚਾਏ ਗਏ ਜ਼ਿਆਦਾਤਰ ਵਿਅਕਤੀ ਮੈਕਸੀਕੋ, ਅਲਸੈਲਵੇਡੋਰ, ਹੋਂਡੁਰਸ ,ਕਿਊਬਾ ਦੇ ਰਹਿਣ ਵਾਲੇ ਹਨ। 

ਅਧਿਕਾਰੀ ਹਾਲੀਡੇਅ ਅਨੁਸਾਰ ਇਮੀਗ੍ਰੇਸ਼ਨ ਅਧਿਕਾਰੀ ਘਟਨਾ ਸਥਾਨ 'ਤੇ ਹੋਮਲੈਂਡ ਸਿਕਿਓਰਿਟੀ ਵਿਭਾਗ ਨਾਲ ਹਾਜ਼ਰ ਸਨ ਅਤੇ ਅਗਲੀ ਜਾਂਚ ਦੀ ਤਿਆਰੀ ਕਰ ਰਹੇ ਸਨ। ਇਸ ਮਾਮਲੇ ਦੇ ਸੰਬੰਧ ਵਿਚ ਤਿੰਨ ਸੰਭਾਵਿਤ ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ ਜਦਕਿ ਬਚਾਏ ਗਏ ਸਾਰੇ ਲੋਕਾਂ ਨੂੰ ਇੱਕ ਹਾਈ ਸਕੂਲ ਵਿਚ ਲਿਜਾ ਕੇ ਉਨ੍ਹਾਂ ਨੂੰ ਖਾਣਾ ਅਤੇ ਕੱਪੜੇ ਮੁਹੱਈਆ ਕਰਵਾਏ ਗਏ।


Sanjeev

Content Editor

Related News