ਚੀਨ ਦਾ ਨਵਾਂ ਕਾਰਨਾਮਾ, ਹੁਣ ਘਰਾਂ ਦੀਆਂ ਛੱਤਾਂ ''ਤੇ ਹੋਵੇਗੀ ਖੇਤੀ
Thursday, Nov 02, 2017 - 03:10 PM (IST)

ਬੀਜਿੰਗ (ਬਿਊਰੋ)— ਚੀਨ ਆਪਣੇ ਨਵੇਂ-ਨਵੇਂ ਕਾਰਮਾਨਿਆਂ ਕਰ ਕੇ ਜਾਣਿਆ ਜਾਂਦਾ ਹੈ। ਦੂਜੇ ਦੇਸ਼ਾਂ ਤੋਂ ਕੁਝ ਵੱਖਰਾ ਕਰਨ ਦੀ ਸੋਚਦਾ ਹੀ ਨਹੀਂ ਸਗੋਂ ਚੀਨ ਉਸ ਕੰਮ ਨੂੰ ਕਰ ਕੇ ਵੀ ਦਿਖਾਉਂਦਾ ਹੈ, ਜਿਸ ਬਾਰੇ ਕੋਈ ਸੋਚ ਵੀ ਨਹੀਂ ਸਕਦਾ। ਚੀਨ ਦੇ ਸਿਚੁਆਨ ਸੂਬੇ ਦਾ ਜਿੰਤਾਈ ਪਿੰਡ 'ਚ ਰਹਿੰਦੇ ਲੋਕਾਂ ਨੂੰ ਭਿਆਨਕ ਕੁਦਰਤੀ ਆਫਤਾਂ ਦਾ ਸਾਹਮਣਾ ਕਰਨਾ ਪਿਆ ਹੈ। ਸਾਲ 2008 'ਚ ਜਿੰਤਾਈ ਪਿੰਡ ਭੂਚਾਲ ਕਾਰਨ ਤਹਿਸ-ਨਹਿਸ ਹੋ ਗਿਆ ਸੀ। ਇਸ ਆਫਤ ਕਾਰਨ 50 ਲੱਖ ਤੋਂ ਵਧ ਲੋਕ ਬੇਘਰ ਹੋ ਗਏ ਸਨ ਅਤੇ ਕਈ ਇਮਾਰਤਾਂ ਢਹਿ-ਢੇਰੀ ਹੋ ਗਈਆਂ ਸਨ। ਇਨ੍ਹਾਂ ਸਾਰਿਆਂ ਨੂੰ ਮੁੜ ਤੋਂ ਸੰਵਾਰਨ ਦੀ ਕੋਸ਼ਿਸ਼ ਸ਼ੁਰੂ ਹੋਈ ਸੀ ਕਿ ਸਾਲ 2011 'ਚ ਭਾਰੀ ਬਾਰਸ਼ ਹੋਈ ਅਤੇ ਜ਼ਮੀਨ ਖਿਸਕਣ ਕਾਰਨ ਕਈ ਘਰ ਢਹਿ-ਢੇਰੀ ਹੋ ਗਏ।
ਕੁਦਰਤ ਵਲੋਂ ਇਕ ਤੋਂ ਬਾਅਦ ਇਕ ਮਾਰ ਤੋਂ ਸਬਕ ਲੈਂਦੇ ਹੋਏ ਹਾਂਗਕਾਂਗ ਯੂਨੀਵਰਸਿਟੀ ਦੇ ਇਕ ਪੈਨਲ ਨੇ ਡਿਜ਼ਾਈਨ ਐਕਸਪਰਟ ਜਾਨ ਲਿਨ ਅਤੇ ਜੋਸ਼ੁਆ ਬੋਲਕੋਵਰ ਦੀ ਅਗਵਾਈ 'ਚ ਇਕ ਅਜਿਹੇ ਵਿਚਾਰ 'ਤੇ ਕੰਮ ਕੀਤਾ, ਜਿਸ ਨਾਲ ਕਿਸੇ ਵੀ ਆਫਤ ਦਾ ਇਨ੍ਹਾਂ 'ਤੇ ਅਸਰ ਨਾ ਹੋਵੇ ਅਤੇ ਲੋਕ ਭੁੱਖੇ ਵੀ ਨਾ ਮਰਨ। ਸਰਕਾਰ ਨੇ 22 ਟਿਕਾਊ ਘਰ ਬਣਾਏ ਹਨ, ਜਿਨ੍ਹਾਂ 'ਤੇ ਨਾ ਭੂਚਾਲ ਦਾ ਅਸਰ ਹੋਵੇਗਾ ਅਤੇ ਨਾ ਹੀ ਜ਼ਮੀਨ ਖਿਸਕਣ ਕਾਰਨ ਖਿਸਕਣਗੇ।
ਲੋਕਾਂ ਦੀ ਰੋਜ਼ਗਾਰ ਦੀ ਚਿੰਤਾ ਦੇਖਦੇ ਹੋਏ ਇਨ੍ਹਾਂ ਸਾਰੇ ਘਰਾਂ ਦੀਆਂ ਛੱਤਾਂ 'ਤੇ ਖੇਤੀਬਾੜੀ ਕਰਨ ਦੀ ਇਜਾਜ਼ਤ ਵੀ ਦਿੱਤੀ ਗਈ, ਤਾਂ ਕਿ ਫਿਰ ਕਦੇ ਅਜਿਹੀ ਆਫਤ ਆਵੇ ਤਾਂ ਕਿਸਾਨਾਂ ਦੇ ਸਾਹਮਣੇ ਰੋਜ਼ੀ-ਰੋਟੀ ਦਾ ਸੰਕਟ ਪੈਦਾ ਨਾ ਹੋਵੇ। ਇਨ੍ਹਾਂ ਮਕਾਨਾਂ ਦੀ ਉੱਪਰੀ ਮੰਜ਼ਲ ਨੂੰ ਇਸ ਤਰ੍ਹਾਂ ਬਣਾਇਆ ਗਿਆ ਹੈ ਕਿ ਉੱਥੇ ਬੈਠ ਕੇ ਗੁਆਂਢੀਆਂ ਨਾਲ ਸੰਪਰਕ ਵੀ ਰੱਖ ਸਕਣਗੇ।