ਹਾਂਗਕਾਂਗ ਦੇ ਲੋਕਤੰਤਰ ਸਮਰਥਕ ਮੀਡੀਆ ਟਾਈਕੂਨ ਜਿੰਮੀ ਲਈ ਨੂੰ 13 ਮਹੀਨਿਆਂ ਦੀ ਜੇਲ੍ਹ

12/14/2021 3:54:21 PM

ਇੰਟਰਨੈਸ਼ਨਲ ਡੈਸਕ : ਹਾਂਗਕਾਂਗ ਦੀ ਇਕ ਅਦਾਲਤ ਨੇ ਤਿਆਨ ਆਨ ਮੇਨ ਘਟਨਾ ਦੀ ਯਾਦ ਵਿਚ ਪਿਛਲੇ ਸਾਲ ਆਯੋਜਿਤ ਇਕ ਪਾਬੰਦੀਸ਼ੁਦਾ ਪ੍ਰਦਰਸ਼ਨ ’ਚ ਹਿੱਸਾ ਲੈਣ ਦੀ ਅਪੀਲ ਕਰਨ ਦੇ ਮਾਮਲੇ ਵਿਚ ਕਾਰਕੁਨ ਅਤੇ ਮੀਡੀਆ ਟਾਈਕੂਨ ਜਿੰਮੀ ਲਈ ਨੂੰ ਸੋਮਵਾਰ 13 ਮਹੀਨਿਆਂ ਦੀ ਜੇਲ੍ਹ ਦੀ ਸਜ਼ਾ ਸੁਣਾਈ। ਚੀਨ ਦੇ ਅਰਧ-ਖੁਦਮੁਖਤਿਆਰ ਹਾਂਗਕਾਂਗ ’ਚ ਪ੍ਰਦਰਸ਼ਨਾਂ ਨੂੰ ਕੁਚਲਣ ਲਈ ਕੀਤੀ ਜਾ ਰਹੀ ਸਖ਼ਤ ਕਾਰਵਾਈ ਦਰਮਿਆਨ ਅਦਾਲਤ ਦਾ ਇਹ ਫ਼ੈਸਲਾ ਆਇਆ ਹੈ। ਜ਼ਿਲ੍ਹਾ ਅਦਾਲਤ ਨੇ ਇਸੇ ਤਰ੍ਹਾਂ ਦੇ ਦੋਸ਼ਾਂ ’ਚ 7 ਹੋਰ ਲੋਕਾਂ ਨੂੰ ਦੋਸ਼ੀ ਠਹਿਰਾਇਆ ਅਤੇ ਉਨ੍ਹਾਂ ਨੂੰ 14 ਮਹੀਨਿਆਂ ਦੀ ਕੈਦ ਦੀ ਸਜ਼ਾ ਸੁਣਾਈ। ਮਹਾਮਾਰੀ ਕੰਟਰੋਲ ਦੇ ਯਤਨਾਂ ਦੇ ਆਧਾਰ 'ਤੇ ਹਾਂਗਕਾਂਗ ਸਰਕਾਰ ਵੱਲੋਂ ਪ੍ਰਦਰਸ਼ਨ ’ਤੇ ਪਾਬੰਦੀ ਲਗਾਈ ਗਈ ਸੀ। ‘ਐਪਲ ਡੇਲੀ’ ਅਖਬਾਰ ਦੇ ਸੰਸਥਾਪਕ ਲਈ ਪਹਿਲਾਂ ਹੀ ਲੋਕਤੰਤਰ ਸਮਰਥਕ ਰੈਲੀ ’ਚ ਹਿੱਸਾ ਲੈਣ ਦੇ ਸਿਲਸਿਲੇ ’ਚ ਜੇਲ੍ਹ ’ਚ ਹਨ ਅਤੇ ਉਨ੍ਹਾਂ ਨੂੰ ਕੁਲ 20 ਮਹੀਨਿਆਂ ਦੀ ਕੈਦ ਦਾ ਸਾਹਮਣਾ ਕਰਨਾ ਪਵੇਗਾ। ਲੋਕਤੰਤਰ ਸਮਰਥਕ ਇਹ ਅਖਬਾਰ ਹੁਣ ਬੰਦ ਹੋ ਚੁੱਕੀ ਹੈ।

ਲਈ ਨੂੰ 1989 ’ਚ ਬੀਜਿੰਗ ਦੇ ਤਿਆਨ ਆਨ ਮੇਨ ਚੌਕ ’ਚ ਲੋਕਤੰਤਰ ਸਮਰਥਕਾਂ ਦੇ ਖਿਲਾਫ ਫੌਜੀ ਕਾਰਵਾਈ ਦੇ ਵਿਰੋਧ ’ਚ ਹੋਰ ਲੋਕਾਂ ਨੂੰ ਪ੍ਰਦਰਸ਼ਨ ’ਚ ਹਿੱਸਾ ਲੈਣ ਲਈ ਪ੍ਰੇਰਿਤ ਕਰਨ ਦਾ ਦੋਸ਼ੀ ਠਹਿਰਾਇਆ ਗਿਆ ਹੈ। ਲਈ ਦੇ ਨਾਲ ਵਕੀਲ ਚੋ ਹਾਂਗ ਤੁੰਗ ਅਤੇ ਸਾਬਕਾ ਪੱਤਰਕਾਰ ਗਵੇਨੇਥ ਹੋ ਨੂੰ ਵੀ ਦੋਸ਼ੀ ਠਹਿਰਾਇਆ ਗਿਆ ਹੈ। ਕਾਰਕੁਨ ਲੀ ਚਿਊਕ ਯਾਨ ਨੂੰ ਵੀ ਸੋਮਵਾਰ ਸਜ਼ਾ ਸੁਣਾਈ ਗਈ। ਲਈ ਨੂੰ ਪਿਛਲੇ ਸਾਲ ਗੈਰ-ਕਾਨੂੰਨੀ ਇਕੱਠ ਕਰਨ ਲਈ 14 ਮਹੀਨਿਆਂ ਦੀ ਕੈਦ ਦੀ ਸਜ਼ਾ ਸੁਣਾਈ ਗਈ ਸੀ। ਪੁਲਸ ਦੀਆਂ ਚਿਤਾਵਨੀਆਂ ਦੇ ਬਾਵਜੂਦ ਹਾਂਗਕਾਂਗ ਦੇ ਵਿਕਟੋਰੀਆ ਪਾਰਕ ’ਚ ਇਕ ਪ੍ਰਦਰਸ਼ਨ ਦੌਰਾਨ ਹਜ਼ਾਰਾਂ ਲੋਕਾਂ ਨੇ ਮੋਮਬੱਤੀਆਂ ਜਗਾਈਆਂ ਅਤੇ ਲੋਕਤੰਤਰ ਸਮਰਥਕ ਗੀਤ ਗਾਏ। ਪੁਲਸ ਵੱਲੋਂ 23 ਲੱਖ ਡਾਲਰ ਦੀ ਜਾਇਦਾਦ ਜ਼ਬਤ ਕਰਨ ਤੋਂ ਬਾਅਦ ਲਈ ਦੇ ਅਖਬਾਰ ਨੂੰ ਜੂਨ ’ਚ ਬੰਦ ਕਰਨਾ ਪਿਆ ਸੀ। ਅਖਬਾਰ ਦੇ ਦਫ਼ਤਰ ’ਚ ਤਲਾਸ਼ੀ ਲਈ ਗਈ ਅਤੇ ਪੰਜ ਉੱਚ ਅਧਿਕਾਰੀਆਂ ਨੂੰ ਗ੍ਰਿਫਤਾਰ ਕੀਤਾ ਗਿਆ।

ਪੁਲਸ ਨੇ ਦੋਸ਼ ਲਗਾਇਆ ਸੀ ਕਿ ਦੂਜੇ ਦੇਸ਼ਾਂ ਨਾਲ ਮਿਲੀਭੁਗਤ ਕਰਕੇ ਰਾਸ਼ਟਰੀ ਸੁਰੱਖਿਆ ਨੂੰ ਖ਼ਤਰੇ ’ਚ ਪਾਇਆ ਜਾ ਰਿਹਾ ਹੈ। ਹਾਂਗਕਾਂਗ ਸਮਰਥਕਾਂ ਦੇ ਸਮੂਹ ‘ਹਾਂਗਕਾਂਗ ਅਲਾਇੰਸ’ ਨੂੰ ਵੀ ਸਤੰਬਰ ’ਚ ਭੰਗ ਕਰ ਦਿੱਤਾ ਗਿਆ ਸੀ। ਸਰਕਾਰ ਨੇ ਦੋਸ਼ ਲਾਇਆ ਸੀ ਕਿ ਇਹ ਗਰੁੱਪ ਵਿਦੇਸ਼ੀ ਹਿੱਤਾਂ ਲਈ ਕੰਮ ਕਰ ਰਿਹਾ ਹੈ। ਜਥੇਬੰਦੀ ਦੇ ਆਗੂਆਂ ਨੇ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਮੌਜੂਦਾ ਸਮੇਂ ’ਚ ਲਈ (73) ਸਾਲ 2019 ’ਚ ਗੈਰ-ਕਾਨੂੰਨੀ ਢੰਗ ਨਾਲ ਆਯੋਜਿਤ ਰੈਲੀਆਂ ਲਈ 14 ਮਹੀਨਿਆਂ ਦੀ ਜੇਲ੍ਹ ਦੀ ਸਜ਼ਾ ਕੱਟ ਰਿਹਾ ਹੈ।


Manoj

Content Editor

Related News