ਹਾਂਗਕਾਂਗ ਦੀ ਜਨਤਾ ਫਿਰ ਸੜਕਾਂ ''ਤੇ, ਚੀਨੀ ਕਾਨੂੰਨ ਦੇ ਵਿਰੋਧ ‘ਚ ਜ਼ੋਰਦਾਰ ਪ੍ਰਦਰਸ਼ਨ

Monday, May 25, 2020 - 12:22 AM (IST)

ਹਾਂਗਕਾਂਗ ਦੀ ਜਨਤਾ ਫਿਰ ਸੜਕਾਂ ''ਤੇ, ਚੀਨੀ ਕਾਨੂੰਨ ਦੇ ਵਿਰੋਧ ‘ਚ ਜ਼ੋਰਦਾਰ ਪ੍ਰਦਰਸ਼ਨ

ਹਾਂਗਕਾਂਗ (ਰਾਇਟਰ)- ਚੀਨ ਦੀਆਂ ਦਬਾਅ ਬਣਾਉਣ ਵਾਲੀਆਂ ਨੀਤੀਆਂ ਵਿਰੁੱਧ ਕੋਰੋਨਾ ਵਾਇਰਸ ਤੋਂ ਬੇਖੌਫ ਹੋ ਕੇ ਹਾਂਗਕਾਂਗ ਦੀ ਜਨਤਾ ਲੋਕਤੰਤਰ ਦੀ ਹਮਾਇਤ ਵਿਚ ਫਿਰ ਤੋਂ ਸੜਕਾਂ 'ਤੇ ਉਤਰ ਆਈ ਹੈ। ਹਾਂਗਕਾਂਗ ‘ਚ ਚੀਨ ਵਲੋਂ ਰਾਸ਼ਟਰੀ ਸੁਰੱਖਿਆ ਕਾਨੂੰਨ ਥੋਪਣ ਦੀ ਯੋਜਨਾ ਵਿਰੁੱਧ ਐਤਵਾਰ ਨੂੰ ਹਜ਼ਾਰਾਂ ਪ੍ਰਦਰਸ਼ਨਕਾਰੀਆਂ ਨੇ ਲੋਕਤੰਤਰ ਦੀਆਂ ਕਦਰਾਂ ਕੀਮਤਾਂ ਦੀ ਰਾਖੀ ਲਈ ਨਾਅਰੇਬਾਜ਼ੀ ਕਰਦਿਆਂ ਜ਼ੋਰਦਾਰ ਪ੍ਰਦਰਸ਼ਨ ਕੀਤਾ। ਇਸ ਉਪਰੰਤ ਹਾਂਗਕਾਂਗ ਪੁਲਸ ਨੇ ਚੀਨ ਦਾ ਵਿਰੋਧ ਕਰ ਰਹੇ ਪ੍ਰਦਰਸ਼ਨਕਾਰੀਆਂ 'ਤੇ ਹੰਝੂ ਗੈਸ ਦੇ ਗੋਲੇ ਸੁੱਟੇ ਅਤੇ ਭੀੜ ਨੂੰ ਖਿੰਡਾਉਣ ਲਈ ਪਾਣੀ ਦੀਆਂ ਬੌਛਾੜਾਂ ਕੀਤੀਆਂ।

ਚੀਨ ਦੀ ਰਾਸ਼ਟਰੀ ਸੰਸਦ ਦੇ ਸ਼ੁੱਕਰਵਾਰ ਨੂੰ ਸ਼ੁਰੂ ਹੋਏ ਸੈਸ਼ਨ ਦੇ ਪਹਿਲੇ ਦਿਨ ਸੌਂਪੇ ਗਏ ਇਸ ਪ੍ਰਸਤਾਵਿਤ ਬਿੱਲ ਦਾ ਮਕਸਦ ਕਥਿਤ ਤੌਰ 'ਤੇ ਪ੍ਰਦਰਸ਼ਨਕਾਰੀਆਂ ਅਤੇ ਵਿਰੋਧ ਦੀਆਂ ਗਤੀਵਿਧੀਆਂ ਨੂੰ ਰੋਕਣ ਦੇ ਨਾਲ ਹੀ ਵਿਦੇਸ਼ੀ ਦਖਲ 'ਤੇ ਰੋਕ ਲਗਾਉਣਾ ਹੈ। ਉਥੇ ਹੀ ਆਲੋਚਕਾਂ ਨੇ ਇਸ ਨੂੰ 'ਇਕ ਦੇਸ਼, ਦੋ ਵਿਵਸਥਾਵਾਂ, ਦੀ ਰੂਪਰੇਖਾ ਵਿਰੁੱਧ ਦੱਸਿਆ ਹੈ। ਐਤਵਾਰ ਦੁਪਹਿਰ ਨੂੰ ਕਾਲੇ ਕੱਪੜੇ ਪਹਿਨੇ ਹੋਏ ਪ੍ਰਦਰਸ਼ਨਕਾਰੀ ਮਸ਼ਹੂਰ 'ਸ਼ਾਕਸਪਗ ਡਿਸਟ੍ਰਿਕਟ ਕਾਜ਼ਵੇ ਬੇ' ਵਿਚ ਇਕੱਠੇ ਹੋਏ ਅਤੇ ਪ੍ਰਸਤਾਵਿਤ ਕਾਨੂੰਨ ਵਿਰੁੱਧ ਪ੍ਰਦਰਸ਼ਨ ਕਰਨ ਲੱਗੇ। ਪ੍ਰਦਰਸ਼ਨਕਾਰੀਆਂ ਨੇ 'ਹਾਂਗਕਾਂਗ ਦੇ ਨਾਲ ਖੜੇ ਹੋ', ਹਾਂਗਕਾਂਗ ਨੂੰ ਆਜ਼ਾਦ ਕਰੋ' ਅਤੇ 'ਸਾਡੇ ਦੌਰ ਦੀ ਕ੍ਰਾਂਤੀ' ਵਰਗੇ ਨਾਅਰੇ ਲਗਾਏ। ਪ੍ਰਦਰਸ਼ਨ ਦੌਰਾਨ ਪ੍ਰਸਿੱਧ ਕਾਰਕੁੰਨ ਟੈਮ ਟੈਕ-ਚੀ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ।


author

Sunny Mehra

Content Editor

Related News