ਹਾਂਗਕਾਂਗ ''ਚ ਵੱਡੀ ਹਲਚਲ, ਲੋਕਤੰਤਰ ਸਮਰਥਕ 15 ਵਿਧਾਇਕ ਦੇਣਗੇ ਅਸਤੀਫ਼ਾ

Thursday, Nov 12, 2020 - 02:02 PM (IST)

ਹਾਂਗਕਾਂਗ- ਹਾਂਗਕਾਂਗ ਵਿਚ 4 ਵਿਧਾਇਕਾਂ ਨੂੰ ਬਰਖ਼ਾਸਤ ਕਰਨ ਦੇ ਇਕ ਦਿਨ ਬਾਅਦ ਲੋਕਤੰਤਰ ਸਮਰਥਕ ਮੈਂਬਰਾਂ ਦੇ ਵੱਡੇ ਪੱਧਰ 'ਤੇ ਅਸਤੀਫ਼ੇ ਦੀ ਤਿਆਰੀ ਵਿਚਕਾਰ ਵੀਰਵਾਰ ਨੂੰ ਵਿਧਾਨ ਪ੍ਰੀਸ਼ਦ ਦਾ ਸੈਸ਼ਨ ਸ਼ੁਰੂ ਹੋਇਆ। ਵਿਧਾਨ ਪ੍ਰੀਸ਼ਦ ਦੀ ਇਮਾਰਤ ਦੀ ਬਾਲਕਨੀ ਤੋਂ ਲੋਕਤੰਤਰ ਸਮਰਥਕ ਮੈਂਬਰ ਚਿਉਕ ਤਿੰਗ ਨੇ ਬੈਨਰ ਲਹਿਰਾਇਆ ਅਤੇ ਕਿਹਾ ਕਿ ਹਾਂਗਕਾਂਗ ਦੀ ਨੇਤਾ ਕੈਲੀ ਲਾਮ ਹਾਂਗਕਾਂਗ ਅਤੇ ਇੱਥੋਂ ਦੇ ਲੋਕਾਂ ਲਈ ਆਫ਼ਤ ਲੈ ਕੇ ਆਈ ਹੈ। 


ਲੋਕਤੰਤਰ ਸਮਰਥਕ ਵਿਧਾਇਕਾਂ ਦੇ ਸਮੂਹ ਨੇ ਕਿਹਾ ਕਿ ਉਹ ਵੀਰਵਾਰ ਨੂੰ ਆਪਣਾ ਅਸਤੀਫ਼ਾ ਸੌਂਪ ਦੇਣਗੇ ਪਰ ਅਜੇ ਸਪੱਸ਼ਟ ਨਹੀਂ ਹੋ ਸਕਿਆ ਉਹ ਕਦੋਂ ਅਜਿਹਾ ਕਰਨਗੇ ਤੇ ਇਸ ਦੀ ਸਹੀ ਪ੍ਰਕਿਰਿਆ ਕੀ ਹੋਵੇਗੀ। ਸਮੂਹ ਵਿਚ ਸ਼ਾਮਲ ਇਕ ਮੈਂਬਰ ਨੇ ਕਿਹਾ ਕਿ ਉਨ੍ਹਾਂ ਦੇ 4 ਮੈਂਬਰਾਂ ਨੂੰ ਹਟਾਉਣਾ ਚੀਨ ਦੇ ਅਰਧ ਖ਼ੁਦਮੁਖਤਿਆਰ ਖੇਤਰ ਹਾਂਗਕਾਂਗ ਵਿਚ ਲੋਕਤੰਤਰ ਦੇ ਖਾਤਮੇ ਦੀ ਸ਼ੁਰੂਆਤ ਹੈ। 

ਮੰਨਿਆ ਜਾਂਦਾ ਹੈ ਕਿ 15 ਲੋਕਤੰਤਰ ਸਮਰਥਕ ਵਿਧਾਇਕਾਂ ਦੇ ਅਸਤੀਫੇ ਨਾਲ ਹਾਂਗਕਾਂਗ ਦੇ ਭਵਿੱਖ ਦੇ ਮੁੱਦੇ 'ਤੇ ਤਣਾਅ ਹੋਰ ਵਧੇਗਾ। ਜ਼ਿਕਰਯੋਗ ਹੈ ਕਿ ਬ੍ਰਿਟੇਨ ਦਾ ਸਾਬਕਾ ਉਪਨਿਵੇਸ਼ ਰਿਹਾ ਹਾਂਗਕਾਂਗ ਖੇਤਰ ਦਾ ਵਿੱਤੀ ਕੇਂਦਰ ਹੈ, ਜਿੱਥੇ ਪੱਛਮ ਦੀ ਤਰ੍ਹਾਂ ਨਾਗਰਿਕਾਂ ਨੂੰ ਆਜ਼ਾਦੀ ਹੈ ਤੇ ਚੀਨ ਦੀ ਸਰਕਾਰ ਲਗਾਤਾਰ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਸਾਲ ਚੀਨ ਵਲੋਂ ਲਾਗੂ ਰਾਸ਼ਟਰੀ ਸੁਰੱਖਿਆ ਕਾਨੂੰਨ ਕੌਮਾਂਤਰੀ ਭਾਈਚਾਰੇ ਨੂੰ ਚਿੰਤਤ ਕਰਨ ਵਾਲਾ ਹੈ। ਹਾਂਗਕਾਂਗ ਦੀ ਵਿਧਾਇਕਾ ਤੋਂ ਲੋਕਤੰਤਰ ਸਮਰਥਨ ਮੈਂਬਰਾਂ ਦੇ ਸਮੂਹਿਕ ਅਸਤੀਫ਼ੇ ਨਾਲ ਸਿਰਫ ਚੀਨ ਸਮਰਥਤ ਮੈਂਬਰ ਬਚ ਜਾਣਗੇ ਜੋ ਪਹਿਲਾਂ ਹੀ ਬਹੁਮਤ ਵਿਚ ਹਨ ਤੇ ਲੋਕਤੰਤਰ ਸਮਰਥਕਾਂ ਦੇ ਅਸਤੀਫੇ ਦੇ ਬਾਅਦ ਉਹ ਬਿਨਾਂ ਕਿਸੇ ਵਿਰੋਧ ਦੇ ਚੀਨ ਦੇ ਸਮਰਥਨ ਵਿਚ ਕਾਨੂੰਨ ਪਾਸ ਕਰ ਸਕਣਗੇ।


Lalita Mam

Content Editor

Related News