ਕੋਰੋਨਾ ਆਫ਼ਤ : ਹਾਂਗਕਾਂਗ ਨੇ ਬ੍ਰਿਟੇਨ ਤੋਂ ਆਉਣ ਵਾਲੀਆਂ ਯਾਤਰੀ ਉਡਾਣਾਂ ''ਤੇ ਲਾਈ ਰੋਕ

Tuesday, Jun 29, 2021 - 01:46 PM (IST)

ਕੋਰੋਨਾ ਆਫ਼ਤ : ਹਾਂਗਕਾਂਗ ਨੇ ਬ੍ਰਿਟੇਨ ਤੋਂ ਆਉਣ ਵਾਲੀਆਂ ਯਾਤਰੀ ਉਡਾਣਾਂ ''ਤੇ ਲਾਈ ਰੋਕ

ਹਾਂਗਕਾਂਗ (ਭਾਸ਼ਾ): ਹਾਂਗਕਾਂਗ ਨੇ ਕਿਹਾ ਹੈ ਕਿ ਬ੍ਰਿਟੇਨ ਵਿਚ ਫੈਲ ਰਹੇ ਕੋਰੋਨਾ ਵਾਇਰਸ ਦੇ ਨਵੇਂ ਵੈਰੀਐਂਟ ਦੇ ਮੱਦੇਨਜ਼ਰ ਉੱਥੋਂ ਆਉਣ ਵਾਲੀਆਂ ਸਾਰੀਆਂ ਯਾਤਰੀ ਉਡਾਣਾਂ 'ਤੇ ਰੋਕ ਲਗਾਈ ਜਾਵੇਗੀ ਅਤੇ ਇਹ ਰੋਕ ਵੀਰਵਾਰ (1 ਜੁਲਾਈ) ਤੋਂ ਸ਼ੁਰੂ ਹੋਵੇਗੀ। ਸੋਮਵਾਰ ਨੂੰ ਜਾਰੀ ਬਿਆਨ ਵਿਚ ਕਿਹਾ ਗਿਆ ਕਿ ਬ੍ਰਿਟੇਨ ਨੂੰ ਇੱਥੇ ਮਹਾਮਾਰੀ ਦੇ ਮੁੜ ਤੋਂ ਵੱਧ ਰਹੇ ਪ੍ਰਕੋਪ ਨੂੰ ਦੇਖਦੇ ਹੋਏ ਅਤੇ ਇੱਥੇ ਕੋਰੋਨਾ ਵਾਇਰਸ ਦੇ ਡੈਲਟਾ ਵੈਰੀਐਂਟ ਦੇ ਵੱਡੇ ਪੱਧਰ 'ਤੇ ਫੈਲਣ ਦੇ ਮੱਦੇਨਜ਼ਰ 'ਜ਼ਿਆਦਾ ਜ਼ੋਖਮ' ਦੀ ਸ਼੍ਰੇਣੀ ਵਿਚ ਰੱਖਿਆ ਗਿਆ ਹੈ। ਜ਼ਿਕਰਯੋਗ ਹੈ ਕਿ ਬ੍ਰਿਟੇਨ ਵਿਚ ਕੋਵਿਡ-19 ਦੇ ਨਵੇਂ ਮਾਮਲਿਆਂ ਵਿਚੋਂ 95 ਫੀਸਦੀ ਤੋਂ ਵੱਧ ਮਾਮਲੇ ਕੋਰੋਨਾ ਵਾਇਰਸ ਦੇ ਡੈਲਟਾ ਵੈਰੀਐਂਟ ਦੇ ਹਨ। ਵਿਗਿਆਨੀਆਂ ਦਾ ਮੰਨਣਾ ਹੈ ਕਿ ਡੈਲਟਾ ਵੈਰੀਐਂਟ ਜ਼ਿਆਦਾ ਛੂਤਕਾਰੀ ਹੈ। 

ਹਾਂਗਕਾਂਗ ਵੱਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਜਿਹੜਾ ਵੀ ਵਿਅਕਤੀ ਬ੍ਰਿਟੇਨ ਵਿਚ ਦੋ ਘੰਟੇ ਤੋਂ ਵੱਧ ਸਮਾਂ ਰਿਹਾ ਹੈ ਉਸ ਨੂੰ ਹਾਂਗਕਾਂਗ ਦੇ ਜਹਾਜ਼ਾਂ ਵਿਚ ਚੜ੍ਹਨ ਦੀ ਇਜਾਜ਼ਤ ਨਹੀਂ ਹੋਵੇਗੀ। ਇਸ ਤੋਂ ਪਹਿਲਾਂ ਪਿਛਲੇ ਸਾਲ ਦਸੰਬਰ ਵਿਚ ਵੀ ਹਾਂਗਕਾਂਗ ਨੇ ਬ੍ਰਿਟੇਨ ਤੋਂ ਆਉਣ ਵਾਲੀਆਂ ਉਡਾਣਾਂ 'ਤੇ ਰੋਕ ਲਗਾਈ ਸੀ। ਬਿਆਨ ਵਿਚ ਦੱਸਿਆ ਗਿਆ ਕਿ ਬ੍ਰਿਟੇਨ ਤੋਂ ਆਉਣ ਵਾਲੀਆਂ ਉਡਾਣਾਂ 'ਤੇ 1 ਜੁਲਾਈ ਤੋਂ ਪਾਬੰਦੀ ਹੈ ਪਰ ਯਾਤਰੀ ਹਾਂਗਕਾਂਗ ਤੋਂ ਲੰਡਨ ਜਾਣ ਵਾਲੀਆਂ ਕੁਝ ਏਅਰਲਾਈਨ ਦੀਆਂ ਉਡਾਣਾਂ ਵਿਚ ਟਿਕਟ ਬੁਕ ਕਰਾ ਸਕਣਗੇ। 

ਪੜ੍ਹੋ ਇਹ ਅਹਿਮ ਖਬਰ- ਕੋਰੋਨਾ ਆਫ਼ਤ 'ਚ ਅਮਰੀਕਾ ਦਾ ਵੱਡਾ ਐਲਾਨ, ਭਾਰਤ ਨੂੰ 41 ਮਿਲੀਅਨ ਡਾਲਰ ਦੇਣ ਦੀ ਕੀਤੀ ਘੋਸ਼ਣਾ

ਲੀਸੈਸਟਰ ਯੂਨੀਵਰਸਿਟੀ ਵਿਚ ਵਾਇਰਸ ਵਿਗਿਆਨੀ ਡਾਕਟਰ ਜੁਲੀਅਨ ਟੈਂਗ ਨੇ ਕਿਹਾ ਕਿ ਵਿਗਿਆਨਕ ਦ੍ਰਿਸ਼ਟੀ ਤੋਂ ਪਾਬੰਦੀ ਲਗਾਈ ਜਾਣੀ ਠੀਕ ਹੈ। ਉਹਨਾਂ ਨੇ ਕਿਹਾ,''ਬ੍ਰਿਟੇਨ ਪਹਿਲਾਂ ਵੀ ਵਾਇਰਸ 'ਤੇ ਸਫਲਤਾਵਪੂਰਵਕ ਕਾਬੂ ਨਹੀਂ ਪਾ ਸਕਿਆ ਸੀ ਅਤੇ ਹੁਣ ਵਾਇਰਸ ਦੀ ਇਸ ਤਾਜ਼ਾ ਲਹਿਰ ਦੇ ਪਿੱਛੇ ਸੰਭਵ ਤੌਰ 'ਤੇ ਟੀਕੇ ਨੂੰ ਲੈ ਕੇ ਅਤੀ ਆਤਮਵਿਸ਼ਵਾਸ ਹੈ।'' ਟੈਂਗ ਨੇ ਕਿਹਾ ਕਿ ਦੇਸ਼ਾਂ ਨੂੰ ਕੋਰੋਨਾ ਵਾਇਰਸ ਦੇ ਡੈਲਟਾ ਵੈਰੀਐਂਟ ਦੇ ਪ੍ਰਕੋਪ ਨੂੰ ਰੋਕਣ ਲਈ ਆਪਣੀ ਘੱਟੋ-ਘੱਟ 80 ਫੀਸਦੀ ਆਬਾਦੀ ਨੂੰ ਟੀਕਾ ਲਗਾਉਣਾ ਹੋਵੇਗਾ। ਹਾਂਗਕਾਂਗ ਨੇ ਇਹ ਪਾਬੰਦੀ ਅਜਿਹੇ ਸਮੇਂ ਵਿਚ ਲਗਾਈ ਹੈ ਜਦੋਂ ਉਸ ਨੂੰ ਲੈਕੇ ਬ੍ਰਿਟੇਨ ਅਤੇ ਚੀਨ ਵਿਚਾਲੇ ਤਣਾਅ ਵੱਧ ਰਿਹਾ ਹੈ।

ਨੋਟ- ਹਾਂਗਕਾਂਗ ਨੇ ਬ੍ਰਿਟੇਨ ਤੋਂ ਆਉਣ ਵਾਲੀਆਂ ਯਾਤਰੀ ਉਡਾਣਾਂ 'ਤੇ ਲਾਈ ਰੋਕ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News