ਹਾਂਗਕਾਂਗ ''ਚ ਵਿਆਪਕ ਪ੍ਰਦਰਸ਼ਨ ਦੇ ਖਦਸ਼ੇ ਦੇ ਤਹਿਤ ਸਾਂਸਦ ਪਹੁੰਚੇ ਅਦਾਲਤ
Sunday, Oct 06, 2019 - 02:01 PM (IST)

ਹਾਂਗਕਾਂਗ (ਭਾਸ਼ਾ)— ਹਾਂਗਕਾਂਗ ਵਿਚ ਲੋਕਤੰਤਰ ਸਮਰਥਕਾਂ ਦੇ ਵਿਆਪਕ ਪ੍ਰਦਰਸ਼ਨ ਦੇ ਖਦਸ਼ੇ ਕਾਰਨ ਐਤਵਾਰ ਨੂੰ ਵੀ ਜ਼ਿਆਦਾਤਰ ਸਬਵੇਅ ਰੇਲਵੇ ਸਟੇਸ਼ਨ ਬੰਦ ਰਹੇ। ਉੱਥੇ ਵਿਰੋਧੀ ਧਿਰ ਦੇ ਸਾਂਸਦਾਂ ਨੇ ਚਿਹਰੇ 'ਤੇ ਮਾਸਕ ਲਗਾ ਕੇ ਪ੍ਰਦਰਸ਼ਨ ਕਰਨ 'ਤੇ ਪਾਬੰਦੀ ਲਗਾਉਣ ਦਾ ਵਿਰੋਧ ਕੀਤਾ ਹੈ। ਹਜ਼ਾਰਾਂ ਪ੍ਰਦਰਸ਼ਨਕਾਰੀਆਂ ਨੇ ਸ਼ਨੀਵਾਰ ਨੂੰ ਰੈਲੀਆਂ ਕੱਢੀਆਂ। ਇਸ ਤੋਂ ਇਕ ਦਿਨ ਪਹਿਲਾਂ ਚਿਹਰਾ ਢੱਕ ਕੇ ਪ੍ਰਦਰਸ਼ਨ ਕਰਨ 'ਤੇ ਰੋਕ ਲਗਾ ਦਿੱਤੀ ਗਈ ਸੀ। ਇਸ ਲਈ ਉਨ੍ਹਾਂ ਬਸਤੀਵਾਦੀ ਕਾਨੂੰਨਾਂ ਦਾ ਸਹਾਰਾ ਲਿਆ ਗਿਆ, ਜਿਨ੍ਹਾਂ ਦੀ ਵਰਤੋਂ ਪਿਛਲੀ ਅੱਧੀ ਸਦੀ ਤੋਂ ਨਹੀਂ ਹੋਈ ਸੀ।
ਗਲੋਬਲ ਕਾਰੋਬਾਰ ਦਾ ਪ੍ਰਮੁੱਖ ਕੇਂਦਰ ਮੰਨਿਆ ਜਾਣ ਵਾਲਾ ਹਾਂਗਕਾਂਗ ਪਿਛਲੇ ਦਿਨੀਂ ਦਰਜਨਾਂ ਸਬਵੇਅ ਸਟੇਸ਼ਨਾਂ ਅਤੇ ਦੁਕਾਨਾਂ ਵਿਚ ਭੰਨ ਤੋੜ, ਅੱਗਜ਼ਨੀ ਅਤੇ ਸੜਕਾਂ ਬੰਦ ਹੋਣ ਦੀਆਂ ਸਮੱਸਿਆਵਾਂ ਨਾਲ ਜੂਝ ਰਿਹਾ ਹੈ। ਲੋਕਤੰਤਰ ਸਮਰਥਕ ਸਾਂਸਦਾਂ ਦੀ ਮੰਗ ਹੈ ਕਿ ਚਿਹਰਾ ਢੱਕ ਕੇ ਪ੍ਰਦਰਸ਼ਨ ਕਰਨ 'ਤੇ ਲੱਗੀ ਰੋਕ ਹਟਾਈ ਜਾਵੇ ਅਤੇ ਐਮਰਜੈਂਸੀ ਸ਼ਕਤੀਆਂ ਨੂੰ ਗੈਰ ਕਾਨੂੰਨੀ ਐਲਾਨਿਆ ਜਾਵੇ ਕਿਉਂਕਿ ਇਹ ਸ਼ਹਿਰ ਦੀ ਵਿਧਾਨ ਸਭਾ ਨੂੰ ਨਜ਼ਰ ਅੰਦਾਜ਼ ਕਰਦਾ ਹੈ। ਵਿਰੋਧੀ ਧਿਰ ਦੇ ਸਾਂਸਦ ਡੇਨਿਸ ਕਵੋਕ ਨੇ ਇਸ ਫੈਸਲੇ ਨੂੰ ਚੁਣੌਤੀ ਦਿੰਦੇ ਹੋਏ ਅਦਾਲਤ ਦਾ ਦਰਵਾਜਾ ਖੜਕਾਇਆ ਹੈ।
ਉਨ੍ਹਾਂ ਨੇ ਕਿਹਾ,''ਮੈਂ ਇਹ ਕਹਾਂਗਾ ਕਿ ਇਹ ਮਾਮਲਾ ਹਾਂਗਕਾਂਗ ਦੇ ਇਤਿਹਾਸ ਦੇ ਸਭ ਤੋਂ ਵੱਡੇ ਸੰਵਿਧਾਨਕ ਮਾਮਲਿਆਂ ਵਿਚੋਂ ਇਕ ਹੈ।'' ਗੌਰਤਲਬ ਹੈ ਕਿ ਐਮਰਜੈਂਸੀ ਸ਼ਕਤੀਆਂ ਦੇ ਤਹਿਤ ਹਾਂਗਕਾਂਗ ਦੀ ਮੁੱਖ ਪ੍ਰਸ਼ਾਸਕ ਨੂੰ ਲੋਕ ਖਤਰੇ ਦੇ ਸਮੇਂ ਕਿਸੇ ਵੀ ਨਿਯਮ-ਕਾਨੂੰਨ ਨੂੰ ਬਣਾਉਣ ਦੀ ਇਜਾਜ਼ਤ ਮਿਲ ਜਾਂਦੀ ਹੈ।