ਹਾਂਗਕਾਂਗ ''ਚ ਪ੍ਰਦਰਸ਼ਨ ਦੌਰਾਨ ਡਿੱਗੇ ਵਿਦਿਆਰਥੀ ਦੀ ਮੌਤ, ਵਧਿਆ ਤਣਾਅ
Friday, Nov 08, 2019 - 12:26 PM (IST)

ਹਾਂਗਕਾਂਗ (ਭਾਸ਼ਾ): ਹਾਂਗਕਾਂਗ ਵਿਚ ਚੱਲ ਰਹੇ ਵਿਰੋਧ ਪ੍ਰਦਰਸ਼ਨ ਦੌਰਾਨ ਪਿਛਲੇ ਹਫਤੇ ਇਕ ਬਹੁਮੰਜ਼ਿਲਾ ਕਾਰ ਪਾਰਕਿੰਗ ਤੋਂ ਇਕ ਵਿਦਿਆਰਥੀ ਹੇਠਾਂ ਡਿੱਗ ਪਿਆ ਸੀ। ਇਸ ਵਿਦਿਆਰਥੀ ਦੀ ਹਸਪਤਾਲ ਵਿਚ ਇਲਾਜ ਦੌਰਾਨ ਮੌਤ ਹੋ ਗਈ। ਇਸ ਘਟਨਾਕ੍ਰਮ ਦੇ ਬਾਅਦ ਬੀਤੇ 5 ਮਹੀਨੇ ਤੋਂ ਚੱਲ ਰਹੇ ਇਸ ਅੰਦੋਲਨ ਦੌਰਾਨ ਤਣਾਅ ਹੋਰ ਵੱਧ ਸਕਦਾ ਹੈ। ਕਵੀਨ ਐਲੀਜ਼ਾਬੇਥ ਹਸਪਤਾਲ ਨੇ ਸ਼ੁੱਕਰਵਾਰ ਸਵੇਰੇ 8:10 'ਤੇ ਵਿਦਿਆਰਥੀ ਅਲੈਕਸ ਚਾਉ ਦੀ ਮੌਤ ਦੀ ਪੁਸ਼ਟੀ ਕੀਤੀ। ਅਲੈਕਸ 'ਯੂਨੀਵਰਸਿਟੀ ਆਫ ਸਾਇੰਸ ਐਂਡ ਤਕਨਾਲੋਜੀ' ਵਿਚ ਕੰਪਿਊਟਰ ਵਿਗਿਆਨ ਵਿਚ ਗ੍ਰੈਜੁਏਸ਼ਨ ਕਰ ਰਿਹਾ ਸੀ।
ਤਸੇਂਗ ਕਵਾਂ ਓ ਜ਼ਿਲੇ ਵਿਚ ਪੁਲਸ ਅਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਦੇਰ ਰਾਤ ਹੋਈ ਝੜਪ ਦੇ ਬਾਅਦ ਅਲੈਕਸ ਨੂੰ ਸੋਮਵਾਰ ਸਵੇਰੇ ਬੇਹੋਸ਼ੀ ਦੀ ਹਾਲਤ ਵਿਚ ਹਸਪਤਾਲ ਲਿਜਾਇਆ ਗਿਆ ਸੀ। ਉਸ ਨੂੰ ਇਕ ਕਾਰ ਪਾਰਕਿੰਗ ਦੇ ਅੰਦਰ ਖੂਨ ਨਾਲ ਲੱਥਪੱਥ ਬੇਹੋਸ਼ ਪਾਇਆ ਗਿਆ ਸੀ। ਇਮਾਰਤ ਤੋਂ ਪ੍ਰਦਰਸ਼ਨਕਾਰੀਆਂ ਨੇ ਕੁਝ ਚੀਜ਼ਾਂ ਪੁਲਸ 'ਤੇ ਸੁੱਟੀਆਂ ਸਨ, ਜਿਸ ਦੇ ਬਾਅਦ ਪੁਲਸ ਨੇ ਉਨ੍ਹਾਂ 'ਤੇ ਹੰਝੂ ਗੈਸ ਦੇ ਗੋਲੇ ਦਾਗੇ ਸਨ। ਫਿਲਹਾਲ ਇਹ ਸਪੱਸ਼ਟ ਨਹੀਂ ਹੈ ਕਿ ਅਲੈਕਸ ਕਿਹੜੀਆਂ ਹਾਲਤਾਂ ਵਿਚ ਜ਼ਖਮੀ ਹੋਇਆ।