ਨੂਡਲਜ਼ ਨਾਲ ਹੀ ਬਣਾ ਦਿੱਤਾ ਆਪਣੇ ਬੱਚੇ ਲਈ ਘਰ
Wednesday, Oct 09, 2019 - 09:43 PM (IST)

ਬੀਜਿੰਗ (ਏਜੰਸੀ)-ਤੁਸੀਂ ਸਾਰਿਆਂ ਨੇ ਨੂਡਲਜ਼ ਦਾ ਸਵਾਦ ਚਖਿਆ ਹੀ ਹੋਵੇਗਾ। ਆਮ ਤੌਰ ’ਤੇ ਚੀਨ ਵਰਗੀ ਥਾਂ ’ਚ ਤਾਂ ਨੂਡਲਜ਼ ਬਹੁਤ ਪਸੰਦ ਕੀਤੇ ਜਾਂਦੇ ਹਨ। ਕਦੇ-ਕਦੇ ਨੂਡਲਜ਼ ਦੇ ਖਰਾਬ ਹੋ ਜਾਣ ’ਤੇ ਅਸੀਂ ਉਸ ਨੂੰ ਸੁੱਟ ਦਿੰਦੇ ਹਾਂ ਪਰ ਅੱਜ ਅਸੀਂ ਤੁਹਾਨੂੰ ਇਕ ਅਜਿਹੇ ਵਿਅਕਤੀ ਬਾਰੇ ਦੱਸਣ ਜਾ ਰਹੇ ਹਾਂ, ਜਿਸ ਨੇ ਨੂਡਲਜ਼ ਨੂੰ ਸੁੱਟਣ ਦੀ ਥਾਂ ਉਸ ਦਾ ਅਜਿਹਾ ਇਸਤੇਮਾਲ ਕੀਤਾ ਕਿ ਸਾਰੇ ਲੋਕ ਉਸ ਦੀ ਬਹੁਤ ਤਾਰੀਫ ਕਰ ਰਹੇ ਹਨ। ਵਿਅਕਤੀ ਨੇ ਬੇਕਾਰ ਹੋਏ ਨੂਡਲਜ਼ ਨਾਲ ਆਪਣੇ ਬੱਚੇ ਲਈ ਘਰ ਬਣਾ ਦਿੱਤਾ ਹੈ। ਜੀ ਹਾਂ, ਇਹ ਸੱਚ ਹੈ। ਝਾਂਗ ਨਾਂ ਦੇ ਵਿਅਕਤੀ ਨੇ ਇਸ ਅਨੋਖੇ ਘਰ ਨੂੰ ਤਿਆਰ ਕੀਤਾ ਹੈ। ਇਸ ਪਲੇਅਹਾਊਸ ਨੂੰ ਬਣਾਉਣ ਤੋਂ ਬਾਅਦ ਝਾਂਗ ਨੇ ਇਸ ਦੀਆਂ ਫੋਟੋਆਂ ਸੋਸ਼ਲ ਮੀਡੀਆ ’ਤੇ ਸ਼ੇਅਰ ਕੀਤੀਆਂ ਹਨ।
ਝਾਂਗ ਨੇ ਦੱਸਿਆ ਕਿ ਉਸ ਨੇ ਐਕਸਪਾਇਰ ਹੋ ਚੁੱਕੇ 2000 ਨੂਡਲਜ਼ ਦੇ ਪੈਕੇਟਾਂ ਦੀ ਮਦਦ ਨਾਲ ਇਸ ਘਰ ਨੂੰ ਬਣਾਇਆ ਹੈ। ਆਮ ਤੌਰ ’ਤੇ ਕਿਸੇ ਘਰ ਨੂੰ ਬਣਾਉਣ ’ਚ ਇੱਟਾਂ ਦੀ ਵਰਤੋਂ ਕੀਤੀ ਜਾਂਦੀ ਹੈ ਪਰ ਝਾਂਗ ਨੇ ਨੂਡਲਜ਼ ਨੂੰ ਹੀ ਇੱਟ ਵਾਂਗ ਇਸਤੇਮਾਲ ਕਰਦਿਆਂ ਇਸ ਘਰ ਨੂੰ ਬਣਾ ਦਿੱਤਾ। ਉਸ ਨੇ ਦੱਸਿਆ ਕਿ ਮੇਰਾ ਦੋਸਤ ਨੂਡਲਜ਼ ਦਾ ਹੋਲਸੇਲਰ ਹੈ। ਉਸ ਦੇ ਕੋਲ ਐਕਸਪਾਇਰ ਹੋ ਚੁੱਕੇ ਨੂਡਲਜ਼ ਦਾ ਇਕ ਬੈਗ ਪਿਆ ਹੋਇਆ ਸੀ, ਜੋ ਖਰਾਬ ਹੋ ਚੁੱਕਾ ਸੀ। ਚਾਰ ਸਕੁਆਇਰ ਮੀਟਰ ਦੇ ਖੇਤਰ ’ਚ ਬਣੇ ਇਸ ਘਰ ਅੰਦਰ ਇਕ ਬੈੱਡ ਵੀ ਲੱਗਾ ਹੋਇਆ ਹੈ।