ਪੂਰੇ ਖਾਲਸਾਈ ਜਾਹੋ-ਜਲਾਲ ਤੇ ਸ਼ਾਨੋ-ਸ਼ੌਕਤ ਨਾਲ ਕੱਢਿਆ ਗਿਆ "ਹੋਲਾ-ਮਹੱਲਾ” (ਤਸਵੀਰਾਂ)
Wednesday, Mar 19, 2025 - 02:40 PM (IST)

ਬਾਰੀ (ਦਲਵੀਰ ਸਿੰਘ ਕੈਂਥ)- ਦਸਮ ਪਾਤਸ਼ਾਹ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਓ ਦਾ ਖਾਲਸਾ ਦੁਨੀਆ ਜਿਸ ਵੀ ਕੋਨੇ ਰਹਿਣ ਬਸੇਰਾ ਕਰਦਾ ਹੈ ਉੱਥੇ ਹੀ ਸ੍ਰੀ ਆਨੰਦਪੁਰ ਸਾਹਿਬ ਵਰਗਾ ਨਜ਼ਾਰਾ ਸਿੱਖ ਸੰਗਤ ਲਈ ਤਿਆਰ ਕਰ ਦਿੰਦਾ ਹੈ। ਅਜਿਹਾ ਹੀ ਮਾਹੌਲ ਇਨ੍ਹਾਂ ਦਿਨਾਂ ਵਿੱਚ ਇਟਲੀ ਦੀ ਧਰਤੀ 'ਤੇ ਦੇਖਣ ਨੂੰ ਮਿਲ ਰਿਹਾ ਹੈ। ਦੱਖਣੀ ਇਟਲੀ ਦੇ ਪੂਲੀਆ ਸੂਬੇ ਵਿੱਚ ਪੈਂਦੇ ਗੁਰਦੁਆਰਾ ਸਿੰਘ ਸਭਾ, ਸਾਨੀਕਾਂਦਰੋ ਦੀ ਬਾਰੀ ਵਿਖੇ ਪਹਿਲੀ ਵਾਰ ਗੁਰਦੁਆਰਾ ਪ੍ਰਬੰਧਕ ਕਮੇਟੀ, ਇਲਾਕਾ ਨਿਵਾਸੀ ਸਾਧ ਸੰਗਤ ਅਤੇ ਸ੍ਰੀ ਮੀਰੀ ਪੀਰੀ ਮਿਸਲ ਸ਼ਹੀਦਾਂ ਬੁੱਢਾ ਦਲ ਨਿਹੰਗ ਸਿੰਘ ਫੌਜ, ਰੋਮ ਵੱਲੋਂ ਗੁਰਦੁਆਰਾ ਸਾਹਿਬ ਵਿਖੇ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੱਲੋਂ ਖਾਲਸੇ ਪੰਥ ਨੂੰ ਬਖਸ਼ੇ ਹੋਲੇ ਮਹੱਲੇ ਦਾ ਪੁਰਬ ਬਹੁਤ ਹੀ ਸ਼ਾਨੋ ਸ਼ੌਕਤ ਨਾਲ ਮਨਾਇਆ ਗਿਆ।
ਗੁਰਦੁਆਰਾ ਪ੍ਰਬੰਧਕ ਕਮੇਟੀ ਆਗੂਆਂ ਦੱਸਿਆ ਕਿ ਇਸ ਮੌਕੇ ਸ੍ਰੀ ਨਿਸ਼ਾਨ ਸਾਹਿਬ ਜੀ ਦਾ ਚੋਲਾ ਬਦਲਣ ਦੀ ਸੇਵਾ ਕੀਤੀ ਗਈ। 10:30 ਵਜੇ ਸ੍ਰੀ ਸਹਿਜ ਪਾਠ ਦੇ ਭੋਗ ਪਾਏ ਗਏ। ਉਪਰੰਤ 11 ਵਜੇ ਨਿਹੰਗ ਸਿੰਘਾਂ ਵੱਲੋਂ ਆਰਤੀ ਤੇ ਆਰਤਾ ਨਗਾਰਿਆਂ ਦੀ ਗੂੰਜ ਵਿੱਚ ਹੋਇਆ। ਜੋ ਕਿ ਖਾਲਸੇ ਦੇ ਜਾਹੋ-ਜਲਾਲ ਦਾ ਅਲੌਕਿਕ ਦ੍ਰਿਸ਼ ਪੇਸ਼ ਕਰ ਰਿਹਾ ਸੀ। 11 ਵਜੇ ਤੋਂ 12:30 ਵਜੇ ਤੱਕ ਕਥਾ ਅਤੇ ਕੀਰਤਨ ਦਰਬਾਰ ਸਜਾਏ ਗਏ। 12:30 ਵਜੇ ਤੋਂ ਗੁਰੂ ਕੀ ਲਾਡਲੀ ਫ਼ੌਜ ਨਿਹੰਗ ਸਿੰਘ ਜਥੇਬੰਦੀ ਸ੍ਰੀ ਮਿਸਲ ਸ਼ਹੀਦਾਂ ਮੀਰੀ ਪੀਰੀ ਬੁੱਢਾ ਦਲ, ਰੋਮ, ਇਟਲੀ ਵੱਲੋਂ ਪੁਰਾਤਨ ਮਰਯਾਦਾ ਅਨੁਸਾਰ ਮਹੱਲਾ ਕੱਢਿਆ ਗਿਆ ਅਤੇ ਨਿਹੰਗ ਸਿੰਘ ਫ਼ੌਜਾਂ ਵੱਲੋਂ ਸ਼ਸਤਰ ਵਿੱਦਿਆ ਦੇ ਅਦਭੁਤ ਜੌਹਰ ਦਿਖਾਏ ਗਏ।
ਪੜ੍ਹੋ ਇਹ ਅਹਿਮ ਖ਼ਬਰ- ਇਟਲੀ : ਹੋਲੇ ਮੁਹੱਲੇ ਦੇ ਸਬੰਧ 'ਚ ਕਰਵਾਏ ਗਏ ਤਿੰਨ ਰੋਜ਼ਾ ਸਮਾਗਮ
ਇਸ ਮੌਕੇ ਦਾ ਨਜ਼ਾਰਾ ਕਾਬਲੇ ਤਾਰੀਫ਼ ਸੀ। ਇਸ ਮੌਕੇ ਨਿਹੰਗ ਸਿੰਘ ਫ਼ੌਜਾਂ ਵੱਲੋਂ ਸਮੁੱਚੀਆਂ ਸੰਗਤਾਂ ਦੇ ਛਕਣ ਲਈ ਸ਼ਰਦਾਈ ਵੀ ਵਰਤਾਈ ਗਈ। ਇਸ ਮੌਕੇ ਸ੍ਰੀ ਸਹਿਜ ਪਾਠ ਸਾਹਿਬ ਦੀ ਸੇਵਾ ਇਲਾਕਾ ਨਿਵਾਸੀ ਸੰਗਤਾਂ ਵੱਲੋਂ ਕਰਵਾਈ ਗਈ। ਇਸ ਵਿਸ਼ੇਸ਼ ਦਿਹਾੜੇ ਮੌਕੇ ਇਲਾਕਾ ਨਿਵਾਸੀ ਸੰਗਤਾਂ ਵੱਲੋਂ ਵੱਖ-ਵੱਖ ਪ੍ਰਕਾਰ ਦੇ ਲੰਗਰ ਤਿਆਰ ਕੀਤੇ ਗਏ ਸਨ। ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਲਾਕਾ ਨਿਵਾਸੀ ਅਤੇ ਦੂਰੋਂ ਨੇੜਿਓਂ ਪਹੁੰਚੀਆਂ ਸਾਰੀਆਂ ਸੰਗਤਾਂ ਨੂੰ ਜੀਉ ਆਖਿਆ ਗਿਆ ਅਤੇ ਉਨ੍ਹਾਂ ਦਾ ਧੰਨਵਾਦ ਕੀਤਾ ਗਿਆ। ਗੁਰੂ ਸਾਹਿਬ ਜੀ ਦੇ ਬਖਸ਼ਿਸ਼ ਕੀਤੇ ਭੰਡਾਰਿਆਂ ਵਿੱਚੋਂ ਗੁਰੂ ਕਾ ਲੰਗਰ ਅਤੁੱਟ ਵਰਤਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।