ਹਾਂਗਕਾਂਗ ਮਨੁੱਖੀ ਅਧਿਕਾਰ ਬਿੱਲ US ਸੰਸਦ ''ਚ ਪਾਸ

11/21/2019 10:32:01 AM

ਵਾਸ਼ਿੰਗਟਨ— ਅਮਰੀਕੀ ਸੰਸਦ ਮੈਂਬਰਾਂ ਨੇ ਹਾਂਗਕਾਂਗ 'ਚ ਲੋਕਤੰਤਰ ਅਤੇ ਮਨੁੱਖੀ ਅਧਿਕਾਰ ਦੇ ਸਮਰਥਨ 'ਚ ਇਕ ਬਿੱਲ ਨੂੰ ਮਨਜ਼ੂਰੀ ਦੇ ਦਿੱਤੀ ਹੈ। ਚੀਨ ਨੇ ਇਸ ਬਿੱਲ 'ਤੇ ਸਖਤ ਇਤਰਾਜ਼ ਪ੍ਰਗਟਾਇਆ ਹੈ। 'ਹਾਊਸ ਆਫ ਰੀਪ੍ਰੈਂਜ਼ਟੇਟਿਵ' ਨੇ 'ਹਾਂਗਕਾਂਗ ਹਿਊਮਨ ਰਾਈਟਸ ਐਂਡ ਡੈਮੋਕ੍ਰੇਸੀ ਨਿਯਮ' ਪਾਸ ਕਰ ਦਿੱਤਾ। ਇਸ ਬਿੱਲ ਦੇ ਸਮਰਥਨ 'ਚ 417 ਵੋਟਾਂ ਪਈਆਂ ਜਦਕਿ ਵਿਰੋਧ 'ਚ ਸਿਰਫ ਇਕ। ਬੀਜਿੰਗ ਨੇ ਇਸ 'ਤੇ ਡੂੰਘੀ ਨਾਰਾਜ਼ਗੀ ਪ੍ਰਗਟ ਕੀਤੀ ਹੈ। ਇਸ ਬਿੱਲ ਤਹਿਤ ਅਮਰੀਕਾ ਦੇ ਰਾਸ਼ਟਰਪਤੀ ਨੂੰ ਹਾਂਗਕਾਂਗ ਨੂੰ ਮਿਲਣ ਵਾਲੇ ਪਸੰਦੀਦਾ ਵਪਾਰ ਦਰਜੇ 'ਤੇ ਹਰ ਸਾਲ ਵਿਚਾਰ ਕਰਨਾ ਹੋਵੇਗਾ। ਇਸ ਦੇ ਇਲਾਵਾ ਇਸ ਬਿੱਲ 'ਚ ਇਹ ਵੀ ਕਿਹਾ ਗਿਆ ਹੈ ਕਿ ਜੇਕਰ ਹਾਂਗਕਾਂਗ 'ਚ ਸੁਤੰਤਰਤਾ ਨੂੰ ਕੁਚਲਿਆ ਜਾਂਦਾ ਹੈ ਤਾਂ ਉਸ ਨੂੰ ਅਮਰੀਕਾ ਵਲੋਂ ਜੋ ਦਰਜਾ ਹਾਸਲ ਹੈ, ਉਸ ਨੂੰ ਵੀ ਖਤਮ ਕੀਤਾ ਜਾ ਸਕਦਾ ਹੈ।

ਇਸ ਬਿੱਲ ਨੂੰ ਹੁਣ ਰਾਸ਼ਟਰਪਤੀ ਟਰੰਪ ਦੇ ਕੋਲ ਭੇਜਿਆ ਗਿਆ ਹੈ। ਹਾਊਸ ਨੇ ਸੈਨੇਟ ਵਲੋਂ ਇਕ ਦਿਨ ਪਹਿਲਾਂ ਪਾਸ ਬਿੱਲ ਨੂੰ ਵੀ ਮਨਜ਼ੂਰੀ ਦੇ ਦਿੱਤੀ ਹੈ। ਇਸ ਤਹਿਤ ਹਾਂਗਕਾਂਗ ਦੇ ਸੁਰੱਖਿਆ ਬਲਾਂ ਨੂੰ ਰਬੜ ਬੁਲੇਟ, ਟੀਅਰ ਗੈਸ ਸਣੇ ਹੋਰ ਯੰਤਰਾਂ ਦੀ ਸਪਲਾਈ 'ਤੇ ਵੀ ਰੋਕ ਲਗਾਉਣ ਦੀ ਸਹਿਮਤੀ ਦਿੱਤੀ ਗਈ ਹੈ। ਇਸ ਬਿੱਲ ਨੂੰ ਲੈ ਕੇ ਬੀਜਿੰਗ ਨੇ ਬੁੱਧਵਾਰ ਨੂੰ ਗੁੱਸਾ ਪ੍ਰਗਟ ਕਰਦੇ ਹੋਏ ਕਿਹਾ ਕਿ ਜੇਕਰ ਇਹ ਬਿੱਲ ਕਾਨੂੰਨ ਬਣਿਆ ਤਾਂ ਅਮਰੀਕਾ ਨੂੰ ਜਵਾਬਦੇਹ ਕਦਮਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।


Related News