ਪਾਕਿ ’ਚ ਹਿੰਦੂ ਦਲਿਤ ਮਹਿਲਾ ਸੈਨੇਟਰ ਨੇ ਕੀਤੀ ਸੈਨੇਟ ਦੇ ਸੈਸ਼ਨ ਦੀ ਪ੍ਰਧਾਨਗੀ
Saturday, Mar 09, 2019 - 08:44 AM (IST)

ਇਸਲਾਮਾਬਾਦ,(ਭਾਸ਼ਾ)- ਪਾਕਿਸਤਾਨ ਵਿਚ ਹਿੰਦੂ ਦਲਿਤ ਭਾਈਚਾਰੇ ਵਿਚੋਂ ਪਹਿਲੀ ਮਹਿਲਾ ਸੰਸਦ ਮੈਂਬਰ ਕ੍ਰਿਸ਼ਨਾ ਕੁਮਾਰੀ ਕੋਹਲੀ (40) ਨੇ ਕੌਮਾਂਤਰੀ ਮਹਿਲਾ ਦਿਵਸ ਦੇ ਮੌਕੇ ’ਤੇ ਸ਼ੁੱਕਰਵਾਰ ਨੂੰ ਸੰਸਦ ਵਿਚ ਉੱਚ ਸਦਨ ਦੇ ਸੈਸ਼ਨ ਦੀ ਪ੍ਰਧਾਨਗੀ ਕੀਤੀ। ਸੈਨੇਟਰ ਫੈਸਲ ਜਾਵੇਦ ਨੇ ਟਵੀਟ ਕੀਤਾ, ‘‘ਪਾਕਿਸਤਾਨ ਦੀ ਸੈਨੇਟ ਦੇ ਮੁਖੀ ਨੇ ਸਾਡੀ ਸਾਥੀ ਕ੍ਰਿਸ਼ਨਾ ਕੁਮਾਰੀ ਕੋਹਲੀ ਉਰਫ ਕਿਸ਼ੂ ਬਾਈ ਨੂੰ ਅੱਜ ਮਹਿਲਾ ਦਿਵਸ ’ਤੇ ਸੈਨੇਟ ਦੀ ਮੁਖੀ ਬਣਾਉਣ ਦਾ ਫੈਸਲਾ ਲਿਆ।’’
ਕ੍ਰਿਸ਼ਨਾ ਮੁਸਲਿਮ ਬਹੁ-ਗਿਣਤੀ ਪਾਕਿਸਤਾਨ ਵਿਚ ਬੰਧੂਆ ਮਜ਼ਦੂਰਾਂ ਦੇ ਹੱਕਾਂ ਲਈ ਕਈ ਸਾਲ ਕੰਮ ਕਰਨ ਮਗਰੋਂ ਮਾਰਚ 2018 ਵਿਚ ਸੈਨੇਟਰ ਚੁਣੀ ਗਈ ਸੀ। ਉਹ ਪਾਕਿਸਤਾਨੀ ਸੈਨੇਟ ਲਈ ਚੁਣੀ ਗਈ ਪਹਿਲੀ ਹਿੰਦੂ ਮਹਿਲਾ ਹਨ। ਉਹ ਸਿੰਧ ਸੂਬੇ ਦੇ ਨਗਰ ਪਾਰਕਰ ਇਲਾਕੇ ਵਿਚ ਧਨਾਗਾਮ ’ਚ ਕੋਹਲੀ ਭਾਈਚਾਰੇ ਵਿਚੋਂ ਹਨ ਜਿਥੇ ਵੱਡੀ ਗਿਣਤੀ ਵਿਚ ਹਿੰਦੂ ਰਹਿੰਦੇ ਹਨ। ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਸੈਨੇਟਰ ਕ੍ਰਿਸ਼ਨਾ ਨੇ ਕਿਹਾ, ‘‘ਮੈਂ ਅੱਜ ਇਸ ਸੀਟ ’ਤੇ ਬੈਠਣ ਲਈ ਖੁਦ ਨੂੰ ਬੜੀ ਕਿਸਮਤ ਵਾਲੀ ਮੰਨਦੀ ਹਾਂ।’’