ਪਾਕਿਸਤਾਨ 'ਚ ਇਕ ਹੋਰ ਹਿੰਦੂ ਨਾਬਾਲਗਾ ਅਗਵਾ, ਕਰਾਇਆ ਗਿਆ ਧਰਮ ਪਰਿਵਰਤਨ
Wednesday, Feb 22, 2023 - 02:42 PM (IST)
ਸਿੰਧ (ਏਐਨਆਈ): ਪਾਕਿਸਤਾਨ ਵਿਚ ਘੱਟ ਗਿਣਤੀ ਹਿੰਦੂ ਭਾਈਚਾਰੇ ਦੀਆਂ ਕੁੜੀਆਂ ਸੁਰੱਖਿਅਤ ਨਹੀਂ ਹਨ। ਆਏ ਦਿਨ ਉਹਨਾਂ ਨੂੰ ਅਗਵਾ ਕਰਨ ਅਤੇ ਜ਼ਬਰੀ ਧਰਮ ਪਰਿਵਰਤਨ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ। ਤਾਜ਼ਾ ਮਾਮਲੇ ਵਿਚ ਸਿੰਧ ਵਿੱਚ ਇੱਕ 17 ਸਾਲਾ ਹਿੰਦੂ ਕੁੜੀ ਨੂੰ ਅਗਵਾ ਕਰਕੇ ਇਸਲਾਮ ਕਬੂਲ ਕਰਵਾ ਦਿੱਤਾ ਗਿਆ। ਨਾਬਾਲਗਾ ਪਾਕਿਸਤਾਨ ਦੇ ਸਿੰਧ ਸੂਬੇ ਦੇ ਮੀਰਪੁਰ ਖਾਸ ਜ਼ਿਲ੍ਹੇ ਦੇ ਨੌਕੋਟ ਦੀ ਵਸਨੀਕ ਹੈ। ਉਸ ਦੇ ਪਰਿਵਾਰ ਵਾਲਿਆਂ ਅਨੁਸਾਰ ਕੁੜੀ ਨੂੰ 15 ਫਰਵਰੀ ਨੂੰ ਨੌਕੋਟ ਬਾਜ਼ਾਰ ਤੋਂ ਅਗਵਾ ਕਰ ਲਿਆ ਗਿਆ ਸੀ, ਜਿੱਥੇ ਉਹ ਆਪਣੇ ਛੋਟੇ ਭਰਾ ਨਾਲ ਸਬਜ਼ੀ ਖਰੀਦਣ ਗਈ ਸੀ।
ਉਸ ਦੇ ਛੋਟੇ ਭਰਾ ਨੇ ਦੱਸਿਆ ਕਿ ਉਮਰਕੋਟ ਦੇ ਰਹਿਣ ਵਾਲੇ ਰਊਫ ਅਤੇ ਉਸ ਦੇ ਦੋ ਦੋਸਤਾਂ ਵੱਲੋਂ ਕੁੜੀ ਨੂੰ ਤਾਅਨੇ ਦਿੱਤੇ ਜਾ ਰਹੇ ਸੀ। 15 ਫਰਵਰੀ ਨੂੰ ਜਦੋਂ ਭੈਣ-ਭਰਾ ਨੌਕੋਟ ਬਾਜ਼ਾਰ ਪਹੁੰਚੇ ਤਾਂ ਰਊਫ ਆਪਣੇ ਦੋਸਤਾਂ ਨਾਲ ਮਿਲ ਕੇ ਕੁੜੀ ਨੂੰ ਜ਼ਬਰਦਸਤੀ ਆਪਣੇ ਨਾਲ ਲੈ ਗਿਆ। ਨਾਬਾਲਗਾ ਦੇ ਪਿਤਾ ਰਮੇਸ਼ ਭੀਲ ਨੇ ਕਿਹਾ ਕਿ ਨੋਕਕੋਟ ਪੁਲਸ ਨੇ ਸਿਰਫ ਲਾਪਤਾ ਵਿਅਕਤੀਆਂ ਦੇ ਰਿਕਾਰਡ ਵਿੱਚ ਹੀ ਐਂਟਰੀ ਕੀਤੀ ਹੈ ਅਤੇ ਰਊਫ ਅਤੇ ਉਸਦੇ ਦੋਸਤਾਂ ਖ਼ਿਲਾਫ਼ ਐਫ.ਆਈ.ਆਰ ਦਰਜ ਨਹੀਂ ਕੀਤੀ ਹੈ। ਭੀਲ ਨੇ ਕਿਹਾ ਕਿ ਪੁਲਸ ਮੁਲਾਜ਼ਮਾਂ ਨੇ ਜ਼ੋਰ ਦੇ ਕੇ ਕਿਹਾ ਕਿ ਕੁੜੀ ਆਪਣੀ ਮਰਜ਼ੀ ਨਾਲ ਰਊਫ਼ ਨਾਲ ਚਲੀ ਗਈ ਹੋਵੇਗੀ ਅਤੇ ਦੋਸ਼ੀ ਵਿਰੁੱਧ ਅਗਵਾ ਦਾ ਕੇਸ ਦਰਜ ਹੋਣ ਤੋਂ ਪਹਿਲਾਂ ਉਸ ਨੂੰ ਹੋਰ ਹਫ਼ਤੇ ਉਡੀਕ ਕਰਨੀ ਚਾਹੀਦੀ ਹੈ।
ਪੜ੍ਹੋ ਇਹ ਅਹਿਮ ਖ਼ਬਰ- ਅਮਰੀਕੀ ਸ਼ਹਿਰ ਸਿਆਟਲ ਦਾ ਵੱਡਾ ਕਦਮ, ਨਸਲੀ ਵਿਤਕਰੇ 'ਤੇ ਲਗਾਈ ਪਾਬੰਦੀ
19 ਫਰਵਰੀ ਨੂੰ ਨੋਕਕੋਟ ਪੁਲਸ ਨੇ ਪਿਤਾ ਨੂੰ ਬੁਲਾਇਆ ਅਤੇ ਉਸਨੂੰ 18 ਫਰਵਰੀ ਦੇ ਸਰਟੀਫਿਕੇਟ ਦੀ ਕਾਪੀ ਦਿੱਤੀ, ਜਿਸ ਵਿੱਚ ਦੱਸਿਆ ਗਿਆ ਸੀ ਕਿ ਕੁੜੀ ਨੇ ਆਪਣੀ ਮਰਜ਼ੀ ਨਾਲ ਇਸਲਾਮ ਕਬੂਲ ਕੀਤਾ ਹੈ। ਪੁਲਸ ਨੇ ਦੱਸਿਆ ਕਿ ਧਰਮ ਪਰਿਵਰਤਨ ਤੋਂ ਬਾਅਦ ਕੁੜੀ ਦਾ ਨਾਂ ਵੀ ਬਦਲ ਦਿੱਤਾ ਗਿਆ ਹੈ। ਨੌਕੋਟ ਪੁਲਸ ਸਟੇਸ਼ਨ ਦੇ ਇੰਸਪੈਕਟਰ ਅਨੁਸਾਰ, "ਕੁੜੀ ਨੇ ਇੱਕ ਟੈਲੀਫੋਨ ਕਾਲ ਵਿੱਚ ਆਪਣੇ ਇਸਲਾਮ ਕਬੂਲ ਕਰਨ ਦੀ ਪੁਸ਼ਟੀ ਕੀਤੀ ਅਤੇ ਕਿਹਾ ਕਿ ਉਹ ਉਮਰਕੋਟ ਦੇ ਸਮੰਦਖਾਲਾ ਵਿੱਚ ਰਊਫ ਦੇ ਪਰਿਵਾਰ ਨਾਲ ਰਹਿਣਾ ਚਾਹੁੰਦੀ ਹੈ।" ਕੁੜੀ ਦੇ ਪਿਤਾ ਨੂੰ ਹੁਣ ਡਰ ਹੈ ਕਿ ਉਹ ਹੁਣ ਆਪਣੀ ਧੀ ਨੂੰ ਮਿਲ ਨਹੀਂ ਸਕੇਗਾ ਕਿਉਂਕਿ ਜਦੋਂ ਉਹ ਤਿੰਨ ਮਹੀਨਿਆਂ ਵਿੱਚ ਬਾਲਗ ਹੋ ਜਾਵੇਗੀ ਤਾਂ ਉਸਦਾ ਵਿਆਹ ਉਸ ਦੇ ਅਗਵਾਕਾਰ ਨਾਲ ਕਰ ਦਿੱਤਾ ਜਾਵੇਗਾ।
ਗੌਰਤਲਬ ਹੈ ਕਿ ਪਾਕਿਸਤਾਨ ਦੇ ਵੱਖ-ਵੱਖ ਖੇਤਰਾਂ, ਖਾਸ ਕਰਕੇ ਸਿੰਧ ਵਿੱਚ ਪ੍ਰਸ਼ਾਸਨ, ਮਨੁੱਖੀ ਅਧਿਕਾਰ ਸੰਗਠਨਾਂ, ਮੁੱਖ ਧਾਰਾ ਮੀਡੀਆ ਅਤੇ ਸੋਸ਼ਲ ਮੀਡੀਆ ਪਲੇਟਫਾਰਮਾਂ ਦੀ ਕੋਈ ਚਿੰਤਾ ਅਤੇ ਧਿਆਨ ਦਿੱਤੇ ਬਿਨਾਂ, ਅਗਵਾ, ਜ਼ਬਰਦਸਤੀ ਇਸਲਾਮ ਵਿੱਚ ਪਰਿਵਰਤਨ ਅਤੇ ਹਿੰਦੂ ਕੁੜੀਆਂ ਦੇ ਵਿਆਹ, ਜ਼ਿਆਦਾਤਰ ਨਾਬਾਲਗਾਂ ਦਾ ਮੁਸਲਮਾਨਾਂ ਨਾਲ ਵਿਆਹ ਸਬੰਧੀ ਘਟਨਾਵਾਂ ਬੇਰੋਕ ਜਾਰੀ ਹਨ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।