ਪਾਕਿਸਤਾਨ ’ਚ ਹਰ ਸਾਲ 1000 ਹਿੰਦੂ ਲੜਕੀਆਂ ਦਾ ਹੁੰਦਾ ਹੈ ਧਰਮ ਪਰਿਵਰਤਨ

03/25/2019 9:43:38 AM

ਇਸਲਾਮਾਬਾਦ- ਪਾਕਿਸਤਾਨ ਵਿਚ ਆਏ ਦਿਨ ਹਿੰਦੂ ਲੜਕੀਆਂ ਨੂੰ ਅਗਵਾ ਕਰਨ ਅਤੇ ਫਿਰ ਜਬਰੀ ਉਨ੍ਹਾਂ ਤੋਂ ਇਸਲਾਮ ਕਬੂਲ ਕਰਵਾ ਕੇ ਉਨ੍ਹਾਂ ਨਾਲ ਨਿਕਾਹ ਕਰਾਉਣ ਦੀਆਂ ਸੂਚਨਾਵਾਂ ਆਉਂਦੀਆਂ ਰਹਿੰਦੀਆਂ ਹਨ। ਉਥੋਂ ਦੀਆਂ ਸਾਰੀਆਂ ਪ੍ਰਮੁੱਖ ਸਿਆਸੀ ਪਾਰਟੀਆਂ ਇਸ ਨੂੰ ਇਕ ਵੱਡੀ ਸਮੱਸਿਆ ਮੰਨਦੀਆਂ ਹਨ ਪਰ ਕੱਟੜ ਇਸਲਾਮਿਕ ਸੰਗਠਨਾਂ ਦੇ ਸਾਹਮਣੇ ਕੋਈ ਕਦਮ ਨਹੀਂ ਚੁੱਕ ਸਕਦੀਆਂ। ਇਕ ਅੰਦਾਜ਼ੇ ਅਨੁਸਾਰ ਇਕ ਹਜ਼ਾਰ ਹਿੰਦੂ ਲੜਕੀਆਂ ਨੂੰ ਅਗਵਾ ਕਰ ਕੇ ਉਨ੍ਹਾਂ ਦਾ ਜਬਰੀ ਧਰਮ ਪਰਿਵਰਤਨ ਕਰਵਾ ਕੇ ਨਿਕਾਹ ਕਰਵਾ ਦਿੱਤਾ ਜਾਂਦਾ ਹੈ।

ਪਾਕਿਸਤਾਨ ਦੇ ਮਨੁੱਖੀ ਅਧਿਕਾਰ ਕਮਿਸ਼ਨ ਦੇ ਸਾਬਕਾ ਉਪ ਚੇਅਰਮੈਨ ਅਮਰਨਾਥ ਮੋਤੂਵਲ ਨੇ ਕੁਝ ਦਿਨ ਪਹਿਲਾਂ ਕਿਹਾ ਸੀ ਕਿ ਸਿਰਫ ਸਿੰਧ ਸੂਬੇ ਵਿਚ ਹਰ ਮਹੀਨੇ 20 ਤੋਂ 25 ਲੜਕੀਆਂ ਦਾ ਇਥੇ ਜਬਰੀ ਧਰਮ ਪਰਿਵਰਤਨ ਕਰ ਕੇ ਵਿਆਹ ਕਰਨ ਦੀਆਂ ਸੂਚਨਾਵਾਂ ਮਿਲਦੀਆਂ ਹਨ। ਵਧੇਰੇ ਮਾਮਲਿਆਂ ਵਿਚ ਕੋਈ ਰਿਪੋਰਟ ਨਹੀਂ ਲਿਖੀ ਜਾਂਦੀ। ਪਾਕਿਸਤਾਨ ਦੀ ਮੂਵਮੈਂਟ ਫਾਰ ਪੀਸ ਐਂਡ ਸੋਲੀਡਿਰਿਟੀ ਨਾਂ ਦੀ ਇਕ ਏਜੰਸੀ ਨੇ ਆਪਣੀ ਰਿਪੋਰਟ ਵਿਚ ਕਿਹਾ ਕਿ ਹਰ ਸਾਲ ਇਕ ਹਜ਼ਾਰ ਘੱਟ ਗਿਣਤੀ ਭਾਈਚਾਰੇ ਦੀਆਂ ਲੜਕੀਆਂ ਨੂੰ ਅਗਵਾ ਕਰ ਕੇ ਜਬਰੀ ਵਿਆਹ ਕੀਤੇ ਜਾ ਰਹੇ ਹਨ।

ਪਾਕਿਸਤਾਨੀ ਮੀਡੀਆ ਨੇ ਵੀ ਇਹ ਖੁਲਾਸਾ ਕੀਤਾ ਕਿ ਉਮਰਕੋਟ ਸਥਿਤ ਸਰਹੰਦੀ ਅਤੇ ਮੀਰਪੁਰ ਖਾਸ ਦੀ ਬਾਰਚੁੰਦੀ ਸ਼ਰੀਫ ਨਾਂ ਦੇ ਧਾਰਮਿਕ ਸਥਾਨਾਂ ਤੋਂ ਹੀ ਦੂਸਰੇ ਧਰਮ ਦੀਆਂ ਲੜਕੀਆਂ ਨੂੰ ਜਬਰੀ ਮੁਸਲਿਮ ਬਣਾਉਣ ਦਾ ਕੰਮ ਹੁੰਦਾ ਹੈ। ਮਿਨਹਾਜ ਅਲ ਕੁਰਾਨ ਨਾਂ ਦੀ ਉਥੋਂ ਦੀ ਸੰਸਥਾ ਸ਼ਰੇਆਮ ਦੂਸਰੇ ਧਰਮ ਦੀਆਂ ਲੜਕੀਆਂ ਦਾ ਇਸਲਾਮ ਦੇ ਤਹਿਤ ਨਿਕਾਹ ਕਰਾਉਣ ਦਾ ਕੰਮ ਕਰਦੀ ਹੈ। ਅਜਿਹੀਆਂ ਸਭ ਤੋਂ ਵੱਧ ਘਟਨਾਵਾਂ ਸਿੰਧ ਸੂਬੇ ਵਿਚ ਹੁੰਦੀਆਂ ਹਨ, ਜਿਥੇ ਸਾਲ 2016 ਵਿਚ ਇਸ ਦੇ ਵਿਰੁੱਧ ਇਕ ਕਾਨੂੰਨ ਬਣਾਉਣ ਦੀ ਕੋਸ਼ਿਸ਼ ਵੀ ਹੋਈ ਸੀ। ਸਿੰਧ ਵਿਧਾਨ ਸਭਾ ਵਿਚ ਇਸ ਕਾਨੂੰਨ ਦੇ ਪਾਸ ਹੋਣ ਦੇ ਬਾਵਜੂਦ ਉਥੋਂ ਦੇ ਗਵਰਨਰ ਨੇ ਉਸ ਨੂੰ ਮਨਜ਼ੂਰੀ ਨਹੀਂ ਦਿੱਤੀ। ਬਾਅਦ ਵਿਚ ਜਮਾਤ-ਏ-ਇਸਲਾਮੀ ਵਰਗੇ ਕੱਟੜਪੰਥੀ ਸੰਗਠਨਾਂ ਨੇ ਇਸ ਦੇ ਵਿਰੁੱਧ ਲਾਮਬੰਦੀ ਕੀਤੀ ਅਤੇ ਇਸ ਨੂੰ ਮੁਲਤਵੀ ਕਰ ਦਿੱਤਾ ਗਿਆ।


Related News