ਥੈਚਰ ਸਰਕਾਰ ਵੱਲੋਂ ਦਰਬਾਰ ਸਾਹਿਬ ਦੇ ਹਮਲੇ ''ਚ ਇੰਦਰਾ ਦੀ ਸਹਾਇਤਾ ਕਰਨੀ ਸਭ ਤੋ ਵੱਡੀ ਗਲਤੀ: ਰਿਫੌਮ ਪਾਰਟੀ ਯੂ.ਕੇ.
Tuesday, Oct 08, 2024 - 12:44 AM (IST)
ਲੰਡਨ (ਸਰਬਜੀਤ ਸਿੰਘ ਬਨੂੜ) - ਯੂ.ਕੇ. ਦੀ ਨੈਸ਼ਨਲ ਪਾਰਟੀ ਵੱਲੋਂ ਪ੍ਰਭਦੀਪ ਸਿੰਘ ਨੂੰ ਹੰਸਲੋ ਦਾ ਚੈਅਰਮੈਨ ਬਣਾਇਆ ਗਿਆ ਹੈ। ਰਿਫੌਮ ਯੂ.ਕੇ. ਪਾਰਟੀ ਦੀ ਮੇਲ-ਗੇਲ ਹਾਲ ਨੋਰਵੁੱਡ ਗ੍ਰੀਨ ਵਿੱਚ ਮੀਟਿੰਗ ਹੋਈ। ਇਸ ਮੀਟਿੰਗ ਵਿੱਚ ਰਿਫੌਮ ਪਾਰਟੀ ਦੇ ਮੁੱਖ ਆਗੂਆਂ ਨੇ ਸ਼ਿਰਕਤ ਕੀਤੀ ਜ੍ਹਿਨਾਂ ਵਿੱਚ ਮਿਸਟਰ ਰੋਜ਼ਰ ਗਰੈਵਿਟ, ਕੌਂਸਲਰ ਐਲਕਸ ਵਿਲਸਨ ਅਤੇ ਦੇਵ ਕਾਰ (ਸਾਬਕਾ ਐਮ.ਪੀ ਕੈਂਡੀਡੇਟ ਆਈਜ਼ਲਵਰਥ) ਵਿਸੇਸ਼ ਰੂਪ ਚ' ਹਾਜ਼ਰ ਸਨ। ਇਨ੍ਹਾਂ ਵੱਲੋਂ ਸਾਂਝੇ ਤੌਰ 'ਤੇ ਪ੍ਰਭਦੀਪ ਸਿੰਘ ਨੂੰ ਹੰਸਲੋ ਬ੍ਰਾਂਚ ਦਾ ਚੇਅਰਮੈਨ ਐਲਾਨਿਆ ਗਿਆ। ਪ੍ਰਭਦੀਪ ਸਿੰਘ ਦੀ ਇਸ ਇਲਾਕੇ ਦੀਆਂ 22 ਵਾਰਡ ਅੰਦਰ 62 ਕੌਂਸਲਰ ਦੀ ਨਿਯੁਕਤੀ ਕਰਨ ਦੀ ਮੁੱਖ ਜਿੰਮੇਵਾਰੀ ਲਾਈ ਗਈ।
ਜ਼ਿਕਰਯੋਗ ਹੈ ਕਿ ਪ੍ਰਭਦੀਪ ਸਿੰਘ ਫੈਲਥਮ ਅਤੇ ਹੈਸਟਨ ਦੇ ਇਲਾਕੇ ਦੇ MP ਕੈਂਡੀਡੇਟ ਵੀ ਰਹਿ ਚੁੱਕੇ ਹਨ। ਇਸ ਮੀਟਿੰਗ ਅੰਦਰ ਸਿੱਖ ਫੈਡਰੇਸ਼ਨ ਸਾਊਥਾਲ ਦੇ ਆਗੂ ਗੁਰਪ੍ਰਤਾਪ ਸਿੰਘ ਢਿੱਲੋਂ ਅਤੇ ਅੰਮ੍ਰਿਤਪਾਲ ਸਿੰਘ ਬਰਾੜ ਵੱਲੋਂ ਵਿਸ਼ੇਸ਼ ਸ਼ਮੂਲੀਅਤ ਕੀਤੀ ਗਈ। ਗੁਰਪ੍ਰਤਾਪ ਸਿੰਘ ਢਿੱਲੋਂ ਵੱਲੋਂ ਰਿਫੌਮ ਦੇ ਲੰਡਨ ਟੀਮ ਦੇ ਹੈੱਡ ਨਾਲ ਸਿੱਖ ਮਸਲਿਆਂ ਸੰਬੰਧੀ ਗੱਲਬਾਤ ਕੀਤੀ ਅਤੇ ਸਾਬਕਾ ਟੋਰੀ ਪ੍ਰਧਾਨ ਮੰਤਰੀ ਥੈਚਰ ਵੱਲੋਂ ਸਿੱਖਾਂ ਦੇ ਧਾਰਮਿਕ ਸਥਾਨ ਦਰਬਾਰ ਸਾਹਿਬ 'ਤੇ ਹਮਲਾ ਕਰਨ ਨੂੰ ਲੈ ਕੇ ਇੰਦਰਾ ਗਾਂਧੀ ਦੀ ਸਹਾਇਤਾ ਕਰਨ ਸੰਬੰਧੀ ਸਵਾਲ ਕੀਤੇ ਗਏ।
ਆਈਜ਼ਲਵਰਥ ਐਮ.ਪੀ ਕੈਂਡੀਡੇਟ ਦੇਵ ਨੇ ਸਪਸ਼ੱਟ ਕੀਤਾ ਕਿ ਇਹ ਟੋਰੀ ਪਾਰਟੀ ਦੀ ਪ੍ਰਧਾਨ ਮੰਤਰੀ ਦੀ ਇੱਕ ਵੱਡੀ ਗਲਤੀ ਸੀ ਅਤੇ ਇਹੀ ਕਾਰਣ ਹੈ ਕਿ ਅੱਜ ਟੋਰੀ ਪਾਰਟੀ ਦਾ ਯੂ.ਕੇ. ਦੀ ਸਿਆਸਤ ਅੰਦਰੋਂ ਨਾਮੋ ਨਿਸ਼ਾਨ ਮਿਟਣ ਵਾਲਾ ਹੈ। ਇਸ ਮੀਟਿੰਗ ਅੰਦਰ ਮਿਸਟਰ ਰੋਜ਼ਰ ਗਰੇਵਿਟ ਵੱਲੋਂ ਸਿੱਖਾਂ ਦੇ ਬ੍ਰਿਟੇਨ ਲਈ ਪਾਏ ਯੋਗਦਾਨ ਦੀ ਵੀ ਖੂਬ ਸਲਾਘਾ ਕੀਤੀ। ਮੀਟਿਗ ਅੰਦਰ ਵਿਸ਼ੇਸ਼ ਤੌਰ 'ਤੇ ਸਿੰਘ ਸਭਾ ਸਾਊਥਾਲ ਗੁਰਦੁਆਰਾ ਕਮੇਟੀ ਦੇ ਮੈਂਬਰ ਬਿੰਦੀ ਸੋਹੀ ਵੀ ਹਾਜ਼ਿਰ ਸਨ। ਉਨ੍ਹਾਂ ਵੱਲੋਂ ਵੀ ਰਿਫੌਮ ਦੇ ਆਗੂਆਂ ਨੂੰ ਸਾਊਥਾਲ ਗੁਰਦੁਆਰੇ ਦੇ ਬਹੁ-ਵਿਸਥਾਰੀ ਕਾਰਜਾਂ ਅਤੇ ਸਿੱਖਾਂ ਦੇ ਸਥਾਨਕ ਮਸਲਿਆਂ ਸੰਬੰਧੀ ਜਾਣੂ ਕਰਵਾਇਆ ਗਿਆ।