ਨੇਪਾਲ ''ਚ ਹੈਲੀਕਾਪਟਰ ਹੋਇਆ ਕਰੈਸ਼, ਪਾਇਲਟ ਸਮੇਤ 3 ਲੋਕ ਜ਼ਖ਼ਮੀ
Friday, May 05, 2023 - 04:38 PM (IST)
ਕਾਠਮੰਡੂ (ਭਾਸ਼ਾ)- ਪੂਰਬੀ ਨੇਪਾਲ ਵਿਚ ਸ਼ੁੱਕਰਵਾਰ ਨੂੰ ਇਕ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ, ਜਿਸ ਵਿਚ ਪਾਇਲਟ ਸਮੇਤ 3 ਲੋਕ ਜ਼ਖ਼ਮੀ ਹੋ ਗਏ। ਨੇਪਾਲੀ ਫ਼ੌਜ ਦੇ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਹਾਦਸਾਗ੍ਰਸਤ ਹੈਲੀਕਾਪਟਰ ਨੇਪਾਲ ਦੀ ਇੱਕ ਨਿੱਜੀ ਹੈਲੀਕਾਪਟਰ ਸੇਵਾ ਪ੍ਰਦਾਤਾ ਕੰਪਨੀ ਦਾ ਸੀ। ਇਹ ਹਾਦਸਾ ਸੰਖੂਵਾਸਭਾ ਜ਼ਿਲ੍ਹੇ ਵਿੱਚ ਭੋਤੇਖੋਲਾ ਨਦੀ ਨੇੜੇ ਵਾਪਰਿਆ, ਜਿੱਥੇ ਨਿਰਮਾਣ ਸਮੱਗਰੀ ਲੈ ਕੇ ਜਾ ਰਿਹਾ ਹੈਲੀਕਾਪਟਰ ਇੱਕ ਦਰੱਖਤ ਨਾਲ ਟਕਰਾ ਗਿਆ।
ਸੂਤਰਾਂ ਨੇ ਦੱਸਿਆ ਕਿ ਹਾਦਸੇ 'ਚ ਹੈਲੀਕਾਪਟਰ 'ਚ ਸਵਾਰ 'ਸਿਮਰਿਕ ਏਅਰ ਹੈਲੀਕਾਪਟਰ' ਦੇ ਪਾਇਲਟ ਸੁਰਿੰਦਰ ਪਾਂਡੇ ਸਮੇਤ 3 ਲੋਕ ਜ਼ਖ਼ਮੀ ਹੋ ਗਏ। ਹੈਲੀਕਾਪਟਰ ਵਿੱਚ ਕੁੱਲ 5 ਲੋਕ ਸਵਾਰ ਸਨ। ਸੂਤਰਾਂ ਨੇ ਦੱਸਿਆ ਕਿ ਪਾਇਲਟ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ, ਜਦਕਿ 2 ਹੋਰ ਜ਼ਖ਼ਮੀਆਂ ਨੂੰ ਇਲਾਜ ਲਈ ਹਵਾਈ ਜਹਾਜ਼ ਰਾਹੀਂ ਕਾਠਮੰਡੂ ਭੇਜਿਆ ਗਿਆ ਹੈ। ਹੈਲੀਕਾਪਟਰ ਅਰੁਣ ਪਣਬੀਜਲੀ ਪ੍ਰਾਜੈਕਟ ਨਾਲ ਸਬੰਧਤ ਨਿਰਮਾਣ ਸਮੱਗਰੀ ਲੈ ਕੇ ਕਾਠਮੰਡੂ ਤੋਂ ਸੰਖੁਵਾਸਭਾ ਜਾ ਰਿਹਾ ਸੀ, ਜਿੱਥੇ ਪ੍ਰੋਜੈਕਟ ਸਾਈਟ ਸਥਿਤ ਹੈ। 900 ਮੈਗਾਵਾਟ ਦੀ ਇਸ ਪ੍ਰੋਜੈਕਟ ਨੂੰ ਭਾਰਤ ਦੇ ਸਤਲੁਜ ਜਲ ਬਿਜਲੀ ਨਿਗਮ ਵੱਲੋਂ ਤਿਆਰ ਕੀਤਾ ਜਾ ਰਿਹਾ ਹੈ।