ਇਟਲੀ ''ਚ ਹੋਈ ਬਰਫ਼ਬਾਰੀ ਨੇ ਠਾਰੇ ਲੋਕ, ਦੇਖੋ ਧਰਤੀ ''ਤੇ ਚਿੱਟੇ ਰੰਗ ਦੀ ਵਿਛੀ ਚਾਦਰ ਦੀਆਂ ਤਸਵੀਰਾਂ
Thursday, Jan 19, 2023 - 09:35 PM (IST)
ਰੋਮ (ਕੈਂਥ) : ਇਟਲੀ ਦੇ ਉੱਤਰੀ ਅਤੇ ਮੱਧ ਹਿੱਸੇ ਵਿੱਚ ਇਸ ਸਾਲ ਦੀ ਪਹਿਲੀ ਬਰਫਬਾਰੀ ਹੋਈ ਹੈ। ਬਰਫਬਾਰੀ ਦੇ ਨਾਲ ਧਰਤੀ ਉੱਤੇ ਚਿੱਟੇ ਰੰਗ ਦੀ ਚਾਦਰ ਵਿੱਛ ਗਈ ਹੈ। ਉੱਤਰੀ ਇਟਲੀ ਦੇ ਮੈਦਾਨੀ ਤੇ ਵੱਖ-ਵੱਖ ਇਲਾਕਿਆਂ ਵਿੱਚ ਬਰਫ਼ਬਾਰੀ ਦੇ ਸਮਾਚਾਰ ਪ੍ਰਾਪਤ ਹੋਏ ਹਨ। ਤਾਜ਼ਾ ਜਾਣਕਾਰੀ ਅਨੁਸਾਰ ਸਵੇਰ ਤੋਂ ਇਹ ਬਰਫ਼ਬਾਰੀ ਹੋ ਰਹੀ ਹੈ। ਬਰਫ਼ ਪੈਣ ਨਾਲ ਲੋਕਾਂ ਨੂੰ ਦੰਦ ਕੰਬਣੀ ਛਿੜ ਗਈ ਹੈ। ਲੋਕਾਂ ਨੂੰ ਕੰਮਾਂ-ਕਾਰਾਂ ਆਦਿ 'ਤੇ ਜਾਣ ਲਈ ਵੀ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪਾ ਰਿਹਾ ਹੈ। ਬਰਫ਼ ਪੈਣ ਨਾਲ ਸੜਕਾਂ 'ਤੇ ਤਿਲਕਣ ਹੋਣ ਕਾਰਨ ਆਵਾਜਾਈ ਵੀ ਕਾਫੀ ਪ੍ਰਭਾਵਿਤ ਹੋਈ ਹੈ।
ਸਰਦ ਮੌਸਮ ਦੀ ਇਸ ਪਹਿਲੀ ਬਰਫ਼ਬਾਰੀ ਵਿੱਚ ਬਰਫ਼ ਦੇਖਣ ਦੇ ਚਾਹਵਾਨਾਂ ਦੇ ਚਿਹਰੇ 'ਤੇ ਖੁਸ਼ੀ ਦੇਖਣ ਨੂੰ ਮਿਲੀ ਹੈ। ਲੋਕ ਬਰਫ਼ਬਾਰੀ ਵਿਚਕਾਰ ਸੈਲਫੀ ਅਤੇ ਵੀਡੀਓ ਬਣਾਉਂਦੇ ਵੀ ਨਜ਼ਰ ਆਏ। ਬਹੁਤ ਸਾਰੇ ਲੋਕਾਂ ਨੇ ਸ਼ੋਸ਼ਲ ਮੀਡੀਆ 'ਤੇ ਲਾਇਵ ਹੋ ਕੇ ਇਸ ਸਾਲ ਦੀ ਪਹਿਲੀ ਬਰਫਬਾਰੀ ਦਾ ਆਨੰਦ ਮਾਣਿਆ। ਇਟਲੀ ਦੇ ਉੱਤਰੀ ਇਲਾਕੇ 'ਚ ਪਈ ਇਸ ਬਰਫਬਾਰੀ ਕਾਰਨ ਆਉਣ ਵਾਲੇ ਦਿਨਾਂ ਵਿੱਚ ਮੌਸਮ ਦਾ ਤਾਪਮਾਨ ਹੋਰ ਡਿੱਗਣ ਦੇ ਆਸਾਰ ਹਨ,ਜਿਥੇ ਪ੍ਰਸ਼ਾਸ਼ਨ ਵੱਲੋਂ ਲੋਕਾਂ ਨੂੰ ਸੁਚੇਤ ਰਹਿਣ ਦੀ ਅਪੀਲ ਕੀਤੀ ਗਈ ਤਾਂ ਜੋ ਕਿਸੇ ਅਣਸੁਖਾਵੀਂ ਘਟਨਾ ਤੋਂ ਬਚਿਆ ਜਾ ਸਕੇ। ਪ੍ਰਸ਼ਾਸਨ ਨੇ ਦੱਖਣੀ ਪੀਮੋਨਤੇ ਦੇ ਮੈਦਾਨੀ ਇਲਾਕਿਆਂ ਵਿੱਚ ਭਾਰੀ ਬਰਫਬਾਰੀ ਦੀ ਚਿਤਾਵਨੀ ਦਿੱਤੀ ਹੈ।