ਸੁਡਾਨ ''ਚ ਹੜ੍ਹ ਨੇ ਮਚਾਈ ਤਬਾਹੀ, 86 ਲੋਕਾਂ ਦੀ ਮੌਤ ਤੇ ਹਜ਼ਾਰਾਂ ਘਰ ਬਰਬਾਦ
Thursday, Aug 27, 2020 - 08:42 AM (IST)
ਖਾਰਤੂਨ- ਤਬਾਹੀ ਬਣ ਕੇ ਆਇਆ ਹੜ੍ਹ ਸੁਡਾਨ ਦੇ ਹਜ਼ਾਰਾਂ ਘਰਾਂ ਨੂੰ ਬਰਬਾਦ ਕਰ ਚੁੱਕਾ ਹੈ ਤੇ ਇਸ ਦੌਰਾਨ ਹੁਣ ਤੱਕ 86 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਸੁਡਾਨ ਦੇ ਅਲ-ਮਸ਼ਦ ਅਖਬਾਰ ਵਿਚ ਵੀਰਾਵਰ ਨੂੰ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ। ਅਖਬਾਰ ਮੁਤਾਬਕ ਇਸ ਕੁਦਰਤੀ ਆਫਤ ਵਿਚ 44 ਲੋਕ ਜ਼ਖਮੀ ਹੋ ਚੁੱਕੇ ਹਨ ਅਤੇ 32,000 ਘਰਾਂ ਨੂੰ ਨੁਕਸਾਨ ਪੁੱਜਾ ਹੈ।
ਇਸ ਤੋਂ ਪਹਿਲਾਂ ਸਥਾਨਕ ਮੀਡੀਆ ਦੀ ਰਿਪੋਰਟ ਵਿਚ ਮੀਂਹ ਅਤੇ ਹੜ੍ਹ ਕਾਰਨ 74 ਲੋਕਾਂ ਦੀ ਮੌਤ ਹੋਣ ਦੀ ਸੂਚਨਾ ਦਿੱਤੀ ਗਈ ਸੀ। ਸੁਡਾਨ ਵਿਚ ਲਗਭਗ ਪ੍ਰਤੀ ਸਾਲ ਜੂਨ ਤੋਂ ਅਕਤੂਬਰ ਦੇ ਆਖਰ ਤੱਕ ਮੀਂਹ ਕਾਰਨ ਬੁਰਾ ਹਾਲ ਹੁੰਦਾ ਹੈ। ਲੋਕਾਂ ਨੂੰ ਜਾਨ ਦਾ ਖਤਰਾ ਬਣਿਆ ਰਹਿੰਦਾ ਹੈ। ਅਜੇ ਅਗਸਤ ਮਹੀਨਾ ਚੱਲ ਰਿਹਾ ਹੈ ਤੇ ਅਗਲੇ ਦੋ ਮਹੀਨਿਆਂ ਵਿਚ ਇਨ੍ਹਾਂ ਲੋਕਾਂ ਨੇ ਅਜੇ ਹੋਰ ਤਬਾਹੀ ਦੇਖਣੀ ਹੈ, ਜਿਸ ਬਾਰੇ ਸੋਚ ਕੇ ਹੀ ਇਨ੍ਹਾਂ ਲੋਕਾਂ ਦੀ ਰੂਹ ਕੰਬ ਰਹੀ ਹੈ।