ਇਟਲੀ ’ਚ ਵਾਪਰੀ ਦਿਲ-ਕੰਬਾਊ ਘਟਨਾ, ਜ਼ਿੰਦਾ ਸੜਿਆ ਪੰਜਾਬੀ ਵਿਅਕਤੀ

Saturday, Mar 19, 2022 - 09:29 PM (IST)

ਇਟਲੀ ’ਚ ਵਾਪਰੀ ਦਿਲ-ਕੰਬਾਊ ਘਟਨਾ, ਜ਼ਿੰਦਾ ਸੜਿਆ ਪੰਜਾਬੀ ਵਿਅਕਤੀ

ਰੋਮ (ਕੈਂਥ)-ਇਹ ਗੱਲ ਸੋਲਾਂ ਆਨੇ ਸੱਚ ਹੈ ਕਿ ਮੌਤ ਦਾ ਕੋਈ ਪਤਾ ਨਹੀਂ ਕਦੋਂ ਬੰਦੇ ਨੂੰ ਦਬੋਚ ਲਵੇ। ਕਈ ਵਾਰ ਤਾਂ ਪ੍ਰਦੇਸਾਂ ’ਚ ਜਿਹੜਾ ਬੰਦਾ ਸਾਰਾ ਦਿਨ ਮਿੱਟੀ ਨਾਲ ਮਿੱਟੀ ਹੋ ਕੇ ਰਾਤ ਘਰ ਆ ਕੇ ਖੁਦ ਹੀ ਤਵੇ ਉੱਤੇ ਹੱਥ ਜਾਲ਼ੇ, ਉਸ ਨੂੰ ਵੀ ਰੋਟੀ ਖਾਣ ਦਾ ਹੁਕਮ ਨਹੀਂ ਹੁੰਦਾ ਤੇ ਮੌਤ ਦਾ ਦੈਂਤ ਉਸ ਨੂੰ ਖਾ ਲੈਂਦਾ ਹੈ। ਅਜਿਹਾ ਹੀ ਦਿਲ-ਕੰਬਾਊ ਹਾਦਸਾ ਇਟਲੀ ਦੇ ਜ਼ਿਲ੍ਹੇ ਲਾਤੀਨਾ ਸ਼ਹਿਰ ਸਨ ਫਲੀਚੇ ਦੇ ਖੇਤੀਬਾੜੀ ਵਾਲੇ ਇਲਾਕੇ ’ਚ ਉਦੋਂ ਦੇਖਣ ਨੂੰ ਮਿਲਿਆ, ਜਦੋਂ ਦੋ ਪੰਜਾਬੀ ਸਾਰਾ ਦਿਨ ਖੇਤਾਂ ’ਚ ਕੰਮ ਕਰਨ ਉਪੰਰਤ ਘਰ ਆ ਕੇ ਰੋਟੀ ਬਣਾਉਣ ਲੱਗੇ ਤਾਂ ਉਨ੍ਹਾਂ ਦੇ ਘਰ ’ਚ ਠੰਡ ਤੋਂ ਬਚਣ ਲਈ ਕਮਰੇ ਨੂੰ ਨਿੱਘਾ ਕਰਨ ਲਈ ਲੱਗੇ ਹੀਟਰ ਨਾਲ ਕਮਰੇ ਨੂੰ ਅੱਗ ਲੱਗ ਗਈ, ਜਿਸ ’ਚ ਇਕ ਪੰਜਾਬੀ ਨੌਜਵਾਨ ਦੀ ਮੌਤ ਤੇ ਦੂਜੇ ਦੇ ਗੰਭੀਰ ਜ਼ਖ਼ਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।

ਇਹ ਵੀ ਪੜ੍ਹੋ : ਹੋਲੀ ਵਾਲੇ ਦਿਨ ਧੂਰੀ ’ਚ ਵਾਪਰਿਆ ਦਰਦਨਾਕ ਹਾਦਸਾ, ਪਿਓ-ਧੀ ਦੀ ਹੋਈ ਮੌਤ

ਮਿਲੀ ਜਾਣਕਾਰੀ ਅਨੁਸਾਰ ਲਛਮਣ ਦਾਸ ਲਾਡੀ (40) ਵਾਸੀ ਲੱਧੇਵਾਲੀ (ਜਲੰਧਰ), ਜਿਹੜਾ ਤਕਰੀਬਨ 15-16 ਸਾਲ ਪਹਿਲਾਂ ਭਵਿੱਖ ਬਿਹਤਰ ਬਣਾਉਣ ਲਈ ਉਧਾਰੇ ਪੈਸੇ ਫੜ ਕੇ ਇਟਲੀ ਆਇਆ ਸੀ ਤੇ ਇਟਲੀ ਆਪਣੇ ਪਰਿਵਾਰ ਤੋਂ ਪੇਪਰ ਨਾ ਬਣਨ ਕਾਰਨ 14 ਸਾਲ ਦੂਰ ਰਿਹਾ ਤੇ 14 ਸਾਲਾਂ ਬਾਅਦ ਘਰ ਬਹੁੜਿਆ ਸੀ। ਲਛਮਣ ਦਾਸ ਇਟਲੀ ’ਚ ਖੇਤੀਬਾੜੀ ਦਾ ਕੰਮ ਕਰਦਾ ਸੀ ਤੇ ਆਪਣੇ ਇਟਾਲੀਅਨ ਮਾਲਕ ਦੇ ਘਰ ਦੇ ਬਾਹਰ ਇਕ ਕੰਮ-ਚਲਾਊ ਚੱਕਵੇਂ ਕਮਰੇ ’ਚ ਜ਼ਿੰਦਗੀ ਦੇ ਦਰਦ ਹੰਢਾ ਰਿਹਾ ਸੀ। ਕੱਲ੍ਹ ਸ਼ਾਮ 6 ਵਜੇ ਤੋਂ ਬਾਅਦ ਜਦੋਂ ਲਛਮਣ ਦਾਸ ਤੇ ਉਸ ਦਾ ਸਾਥੀ ਕੰਮ ਤੋਂ ਘਰ ਆ ਕੇ ਆਪਣੇ ਲਈ ਰੋਟੀ ਤਿਆਰ ਕਰਨ ਲੱਗੇ ਤਾਂ ਆਪਣੇ ਕਮਰੇ ਨੂੰ ਨਿੱਘਾ ਕਰਨ ਲਈ ਹੀਟਰ ਚਲਾ ਲਿਆ ਤੇ ਖੁਦ ਰਸੋਈ ’ਚ ਖਾਣਾ ਬਣਾਉਣ ਲੱਗੇ। ਇਸ ਦੌਰਾਨ ਹੀ ਹੀਟਰ ਦਾ ਸੇਕ ਇੰਨਾ ਹੋ ਗਿਆ ਕਿ ਕਮਰੇ ’ਚ ਅੱਗ ਲੱਗ ਗਈ ਤੇ ਜਦੋਂ ਖਾਣਾ ਤਿਆਰ ਕਰ ਕੇ ਲਛਮਣ ਦਾਸ ਆਪਣੇ ਕਮਰੇ ਅੰਦਰ ਗਿਆ ਤਾਂ ਅੱਗ ਦੀਆਂ ਤੇਜ਼ ਲਪਟਾਂ ਨਾਲ ਕਮਰੇ ਅੰਦਰ ਭਾਂਬੜ ਮਚੇ ਹੋਏ ਸਨ।

ਇਹ ਵੀ ਪੜ੍ਹੋ : ਹੋਲੇ ਮਹੱਲੇ ਤੋਂ ਪਰਤ ਰਹੇ 2 ਵਿਅਕਤੀ ਸਤਲੁਜ ਦਰਿਆ ’ਚ ਡੁੱਬੇ, ਮੌਤ

ਇਹ ਦੇਖ ਕਾਲ ਦਾ ਘੇਰਿਆ ਲਛਮਣ ਦਾਸ ਆਪਣੇ ਪੇਪਰ ਤੇ ਹੋਰ ਜ਼ਰੂਰੀ ਸਾਮਾਨ ਅੱਗ ਤੋਂ ਬਚਾਉਣ ਲਈ ਕਮਰੇ ਅੰਦਰ ਜਾ ਵੜਿਆ ਤੇ ਜਦੋਂ ਕਮਰੇ ’ਚ ਗਿਆ ਤਾਂ ਅਚਾਨਕ ਕਮਰੇ ਦੀ ਛੱਤ ਉਸ ਦੇ ਉੱਪਰ ਆ ਡਿੱਗੀ, ਜਿਸ ਦੇ ਥੱਲਿਓਂ ਨਿਕਲਣ ਲਈ ਉਸ ਨੇ ਆਪਣੇ ਆਖਰੀ ਸਾਹਾਂ ਤੱਕ ਕੋਸ਼ਿਸ਼ ਕੀਤੀ ਪਰ ਅਫ਼ਸੋਸ ਅੱਗ ਦੀਆਂ ਤੇਜ਼ ਲਪਟਾਂ ਨੇ ਉਸ ਦੀ ਜਾਨ ਲੈ ਲਈ। ਮ੍ਰਿਤਕ ਲਛਮਣ ਦਾਸ ਦੇ ਦੂਜੇ ਸਾਥੀ ਨੇ ਉਸ ਨੂੰ ਅੱਗ ’ਚੋਂ ਬਾਹਰ ਕੱਢਣ ਦੀ ਬਹੁਤ ਕੋਸ਼ਿਸ਼ ਕੀਤੀ। ਇਸ ਜੱਦੋ-ਜਹਿਦ ’ਚ ਉਹ ਵੀ ਗੰਭੀਰ ਜ਼ਖ਼ਮੀ ਹੋ ਗਿਆ ਪਰ ਉਸ ਦੀ ਕੋਈ ਪੇਸ਼ ਨਾ ਚੱਲ ਸਕੀ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਪੁਲਸ ਘਟਨਾ ਸਥਾਨ ਉੱਪਰ ਪਹੁੰਚ ਗਈ ਸੀ, ਜੋ ਘਟਨਾ ਦੇ ਕਾਰਨਾਂ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ। ਮ੍ਰਿਤਕ ਲਛਮਣ ਦਾਸ ਆਪਣੇ ਪਿੱਛੇ ਵਿਧਵਾ ਪਤਨੀ ਤੋਂ ਇਲਾਵਾ ਇਕ 3 ਸਾਲ ਦੀ ਧੀ ਨੂੰ ਰੋਂਦੇ ਛੱਡ ਗਿਆ, ਜਦਕਿ ਉਸ ਦੇ ਮਾਪੇ ਪਹਿਲਾਂ ਹੀ ਸਵਰਗ ਸਿਧਾਰ ਚੁੱਕੇ ਹਨ।


author

Manoj

Content Editor

Related News