ਹੈਲਥ ਕੈਨੇਡਾ ਵੱਲੋਂ ਗਰਭਪਾਤ ਵਾਲੀ ਗੋਲੀ ਨਾਲ ਸਬੰਧਤ ਬੰਦਿਸ਼ਾਂ ''ਚ ਢਿੱਲ

Thursday, Nov 09, 2017 - 03:35 AM (IST)

ਹੈਲਥ ਕੈਨੇਡਾ ਵੱਲੋਂ ਗਰਭਪਾਤ ਵਾਲੀ ਗੋਲੀ ਨਾਲ ਸਬੰਧਤ ਬੰਦਿਸ਼ਾਂ ''ਚ ਢਿੱਲ

ਓਟਾਵਾ — ਹੈਲਥ ਕੈਨੇਡਾ ਨੇ ਗਰਭਪਾਤ ਵਾਲੀ ਗੋਲੀ ਦੀ ਵਰਤੋਂ ਨਾਲ ਸਬੰਧਤ ਰੁਕਾਵਟਾਂ 'ਚ ਢਿੱਲ ਦੇ ਦਿੱਤੀ ਹੈ ਅਤੇ ਹੁਣ 9 ਹਫਤੇ ਦੀਆਂ ਗਰਭਵਤੀ ਔਰਤਾਂ ਵੀ ਗੋਲੀ ਨੂੰ ਲੈ ਸਕਣਗੀਆਂ। ਜਦਕਿ ਪਹਿਲਾ 7 ਹਫਤੇ ਦੀਆਂ ਗਰਭਵਤੀ ਔਰਤਾਂ ਨੂੰ ਹੀ ਗੋਲੀ ਲੈਣ ਦੀ ਇਜਾਜ਼ਤ ਸੀ। 'ਮਿਫਜਿਮੀਸੋ' ਜਿਸ ਨੂੰ ਆਰ. ਯੂ.-486 ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਹੁਣ ਸਿੱਧੇ ਤੌਰ 'ਤੇ ਫਾਰਮਾਸਿਸਟ ਜਾਂ ਡਾਕਟਰ ਵੱਲੋਂ ਮਰੀਜ਼ ਨੂੰ ਦਿੱਤੀ ਜਾ ਸਕੇਗੀ। 
ਹੈਲਥ ਕੈਨੇਡਾ ਦੀ ਚੀਫ ਮੈਡੀਕਲ ਸਲਾਹਕਾਰ ਡਾ. ਸੁਪ੍ਰੀਆ ਸ਼ਰਮਾ ਨੇ ਕਿਹਾ ਕਿ ਦਵਾਈ 'ਚ ਕਿਸੇ ਤਰ੍ਹਾਂ ਦੀ ਤਬਦੀਲੀ ਨਹੀਂ ਕੀਤੀ ਗਈ। ਅਸਲ 'ਚ 'ਮਿਫਜਿਮੀਸੋ' 2 ਵੱਖ-ਵੱਖ ਦਵਾਈਆਂ ਮਿਫਪ੍ਰਿਸਟੋਨ ਅਤੇ ਮਿਸੋਪ੍ਰੌਸਟੋਲ ਦਾ ਸੁਮੇਲ ਹੈ ਜਿਨ੍ਹਾਂ ਨੂੰ 24 ਤੋਂ 48 ਘੰਟੇ ਦੇ ਵਕਫੇ ਦੌਰਾਨ ਵੱਖਰੇ ਤੌਰ 'ਤੇ ਲਿਆ ਜਾਂਦਾ ਹੈ। ਐਕਸ਼ਨ ਕੈਨੇਡਾ ਦੇ ਕਾਰਜਕਾਰੀ ਡਾਇਰੈਕਟਰ ਸੰਦੀਪ ਪ੍ਰਸਾਦ ਨੇ ਕਿਹਾ ਕਿ 'ਮਿਫਜਿਮੀਸੋ' ਨਾਲ ਔਰਤਾਂ ਨੂੰ ਅਣਚਾਹਿਆ ਗਰਭ ਖਤਮ ਕਰਨ 'ਚ ਮਦਦ ਮਿਲਦੀ ਹੈ ਅਤੇ ਹੁਣ ਰੁਕਾਵਟਾਂ 'ਚ ਢਿੱਲ ਦਿੱਤੇ ਜਾਣ ਨਾਲ ਹੋਰ ਵੀ ਸੌਖ ਹੋ ਜਾਵੇਗੀ। 
ਸੂਬਾ ਸਰਕਾਰਾਂ ਵੱਲੋਂ ਇਹ ਗੋਲੀ ਮੁਫਤ ਮੁਹੱਈਆ ਕਰਵਾਈ ਜਾ ਰਹੀ ਹੈ। ਓਨਟਾਰੀਓ 'ਚ ਔਰਤਾਂ ਨੂੰ ਅਣਚਾਹਿਆ ਗਰਭ ਖਤਮ ਕਰਨ ਲਈ ਅਗਸਤ ਤੋਂ ਮੁਫਤ 'ਚ ਗੋਲੀ ਮਿਲਣੀ ਸ਼ੁਰੂ ਹੋ ਗਈ ਸੀ ਪਰ ਰੁਕਾਵਟਾਂ ਰਾਹ 'ਚ ਅੜਿਕਾ ਬਣ ਰਹੀਆਂ ਸਨ। ਸੂਬਾ ਸਰਕਾਰ ਨੇ ਕਿਹਾ ਕਿ ਔਰਤਾਂ ਦੀ ਸਿਹਤ ਨੂੰ ਧਿਆਨ 'ਚ ਰਖਦਿਆਂ ਅਤੇ ਉਨ੍ਹਾਂ ਨੂੰ ਬਿਹਤਰ ਸਹੂਲਤਾਂ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਗਰਭਪਾਤ ਲਈ ਵਰਤੀ ਜਾਣ ਵਾਲੀ ਗੋਲੀ 'ਮਿਫਜਿਮੀਸੋ' ਮੁਫਤ ਦੇਣ ਦੀ ਯੋਜਨਾ ਤਿਆਰ ਕੀਤੀ ਗਈ ਹੈ। 'ਮਿਫਜਿਮੀਸੋ' ਰਾਹੀਂ 49 ਦਿਨ ਤੱਕ ਦਾ ਗਰਭ ਖਤਮ ਕੀਤਾ ਜਾ ਸਕਦਾ ਹੈ। 
ਜ਼ਿਕਰਯੋਗ ਹੈ ਕਿ ਦੁਨੀਆ ਦੇ ਲਗਭਗ 60 ਮੁਲਕਾਂ 'ਚ ਪਿਛਲੇ 30 ਸਾਲਾਂ ਤੋਂ 'ਮਿਫਜਿਮੀਸੋ' ਦੀ ਵਰਤੋਂ ਕੀਤੀ ਜਾ ਰਹੀ ਹੈ ਅਤੇ ਔਰਤਾਂ ਦੀ ਸਿਹਤ ਨਾਲ ਸਬੰਧਤ ਕੋਈ ਸਮੱਸਿਆ ਨਹੀਂ ਆਈ।


Related News