ਹਾਥਰਸ ਕਾਂਡ ਦੀ ਅੱਗ ਦਾ ਸੇਕ ਪਹੁੰਚਿਆ ਅਮਰੀਕਾ, ਅਪ੍ਰਵਾਸੀ ਭਾਰਤੀਆਂ ਨੇ ਪ੍ਰਗਟਾਇਆ ਰੋਸ
Sunday, Oct 04, 2020 - 07:53 AM (IST)
![ਹਾਥਰਸ ਕਾਂਡ ਦੀ ਅੱਗ ਦਾ ਸੇਕ ਪਹੁੰਚਿਆ ਅਮਰੀਕਾ, ਅਪ੍ਰਵਾਸੀ ਭਾਰਤੀਆਂ ਨੇ ਪ੍ਰਗਟਾਇਆ ਰੋਸ](https://static.jagbani.com/multimedia/2020_10image_07_52_58152266211.jpg)
ਵਾਸ਼ਿੰਗਟਨ, (ਨਰਿੰਦਰ ਜੋਸ਼ੀ)-ਹਾਥਰਸ ਕਾਂਡ ਦੀ ਅੱਗ ਦਾ ਸੇਕ ਅਮਰੀਕਾ ਤਕ ਪਹੁੰਚ ਗਿਆ ਹੈ। ਬੀਤੇ ਦਿਨ ਇਥੇ ਅਪ੍ਰਵਾਸੀ ਭਾਰਤੀਆਂ ਨੇ ਹਾਥਰਸ ਕਾਂਡ ਸਬੰਧੀ ਰੋਸ ਪ੍ਰਗਟਾਇਆ।
ਅਪ੍ਰਵਾਸੀ ਭਾਰਤੀ ਇਕ-ਦੂਸਰੇ ਨੂੰ ਫੋਨ ਕਰ ਕੇ ਹਾਲਾਤਾਂ ਦੀ ਜਾਣਕਾਰੀ ਲੈਂਦੇ ਹੋਏ ਨਜ਼ਰ ਆਏ। ਅਮਰੀਕਾ ’ਚ ਰਹਿਣ ਵਾਲੇ ਅਪ੍ਰਵਾਸੀ ਭਾਰਤੀਆਂ ਦਾ ਕਹਿਣਾ ਹੈ ਕਿ ਭਾਰਤ ਹੀ ਇਕ ਅਜਿਹਾ ਦੇਸ਼ ਜਿੱਥੇ ਜ਼ਬਰ-ਜ਼ਿਨਾਹ ਕਰਨ ਵਾਲਿਆਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਬਚਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਦਕਿ ਦੂਸਰੇ ਦੇਸ਼ਾਂ ’ਚ ਅਜਿਹਾ ਨਹੀਂ ਹੁੰਦਾ। ਇਥੇ ਇਕ ਸੀਨੀਅਰ ਨਾਗਰਿਕ ਡਾ. ਸੁਰੇਸ਼ ਗੁਪਤਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਅਮਰੀਕਾ ’ਚ ਰਹਿਣ ਵਾਲੇ ਅਪ੍ਰਵਾਸੀ ਭਾਰਤੀ ਕਿਸੇ ਸਿਆਸੀ ਪਾਰਟੀ ਨਾਲ ਸਬੰਧ ਨਹੀਂ ਰੱਖਦੇ ਪਰ ਜੇਕਰ ਕਿਸੇ ਅਬਲਾ ਬੇਟੀ ਨਾਲ ਅਜਿਹੀ ਘਟਨਾ ਵਾਪਰਦੀ ਹੈ ਤਾਂ ਵੱਡੀ ਅਪਮਾਨਜਨਕ ਗੱਲ ਹੈ। ਧੀਆਂ ਦੀ ਰੱਖਿਆ ਨਾ ਕਰਨ ਅਤੇ ਦੋਸ਼ੀਆਂ ਨੂੰ ਸਜ਼ਾ ਨਾ ਦੇਣ ਵਾਲੀ ਸਰਕਾਰ ਵੀ ਦੋਸ਼ੀ ਹੈ।
ਬੋਸਟਨ ’ਚ ਅਪ੍ਰਵਾਸੀ ਭਾਰਤੀ ਜਸਬੀਰ ਸੈਣੀ ਜੋ ਵੱਖ-ਵੱਖ ਸਮਾਜਿਕ ਸੰਗਠਨਾਂ ਨਾਲ ਜੁੜੇ ਹਨ ਉਨ੍ਹਾਂ ਦਾ ਕਹਿਣਾ ਸੀ ਕਿ ਅਸਲੀਅਤ ਤਕ ਪਹੁੰਚਣਾ ਚਾਹੀਦਾ ਹੈ ਅਤੇ ਜਾਂਚ ਏਜੰਸੀਆਂ ਨੂੰ ਕੰਮ ਕਰਨ ਦੇਣਾ ਚਾਹੀਦਾ ਹੈ। ਬਲਟੀਮੋਰ ਦੇ ਅਪ੍ਰਵਾਸੀ ਭਾਰਤੀ ਰਾਜੂ ਅਤੇ ਪੁਨੀਤ ਸ਼ਰਮਾ ਨੇ ਕਿਹਾ ਕਿ ਅਜਿਹੇ ਘਿਨੌਣੇ ਅਪਰਾਧ ਦੇ ਦੋਸ਼ੀਆਂ ਨੂੰ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਹੈ।