ਪੰਜਾਬੀ ਮੀਡੀਆ ਜਗਤ ਦੀ ਉੱਘੀ ਸ਼ਖ਼ਸੀਅਤ ਹਰਵਿੰਦਰ ਰਿਆੜ ਦੀ ਬੇਵਕਤੀ ਮੌਤ ‘ਤੇ ਦੁੱਖ ਦਾ ਪ੍ਰਗਟਾਵਾ

Sunday, Mar 28, 2021 - 10:02 AM (IST)

ਪੰਜਾਬੀ ਮੀਡੀਆ ਜਗਤ ਦੀ ਉੱਘੀ ਸ਼ਖ਼ਸੀਅਤ ਹਰਵਿੰਦਰ ਰਿਆੜ ਦੀ ਬੇਵਕਤੀ ਮੌਤ ‘ਤੇ ਦੁੱਖ ਦਾ ਪ੍ਰਗਟਾਵਾ

ਫਰਿਜ਼ਨੋ,ਕੈਲੀਫੋਰਨੀਆ (ਕੁਲਵੰਤ ਧਾਲੀਆਂ/ਨੀਟਾ ਮਾਛੀਕੇ/ਰਾਜ ਗੋਗਨਾ): ਆਪਣੀ ਚੜ੍ਹਦੀ ਉਮਰੇ ਪੰਜਾਬੀਅਤ ਵਿੱਚ ਪਹਿਚਾਣ ਬਣਾਉਣ ਵਾਲੀ ਸਖਸ਼ੀਅਤ ਉੱਘੇ ਟੀ.ਵੀ. ਐਂਕਰ ਤੇ ਮੰਚ ਸੰਚਾਲਕ ਅਮਰੀਕਾ ਵਸਦੇ ਹਰਵਿੰਦਰ ਰਿਆੜ ਨੂੰ ਬੇਵਕਤ ਆਈ ਮੌਤ ਨੇ ਸਾਡੇ ਤੋਂ ਹਮੇਸ਼ਾ ਲਈ ਖੋਹ ਲਿਆ। ਹਰਵਿੰਦਰ ਰਿਆੜ ਪੰਜਾਬੀ ਮਾਂ ਬੋਲੀ ਦਾ ਲਾਡਲਾ ਸਪੂਤ ਸੀ ਅਤੇ ਉਹ ਪੰਜਾਬੀ ਸਾਹਿੱਤ ਦਾ ਗੰਭੀਰ ਵਿਦਿਆਰਥੀ ਰਿਹਾ ਸੀ। ਇਸ ਤੋਂ ਇਲਾਵਾ ਉਸ ਦੀ ਰਾਜਨੀਤਿਕ ਖੇਤਰ ਵਿੱਚ ਵੀ ਬਹੁਤ ਪਕੜ ਸੀ। ਜਿਸ ਦੀ ਉਦਾਹਰਣ ਉਸ ਦੇ ਲਾਈਵ ਟੀ.ਵੀ. ਸ਼ੋਆਂ ਵਿੱਚ ਆਮ ਝਲਕਦੀ ਸੀ। 

ਰਿਆੜ ਨੇ ਦੇਸ਼-ਵਿਦੇਸ਼ ਵਿਚ ਮਾਂ ਬੋਲੀ ਦੇ ਪ੍ਰਚਾਰ ਤੇ ਪ੍ਰਸਾਰ ਵਿਚ ਅਹਿਮ ਯੋਗਦਾਨ ਪਾਇਆ। ਜਿਸ ਸਮੇਂ ਪੰਜਾਬ ਵਿੱਚ ਸਟੇਜ਼ ਕਰਨ ਤੋਂ ਲੋਕ ਝਿਜਕਦੇ ਸਨ, ਉਸ ਸਮੇਂ ਰਿਆੜ ਨੇ ਨਿਰਧੜਕ ਆਪਣੀ ਪਹਿਚਾਣ ਬਣਾਈ। ਮਿਲਾਪੜਾ ਸੁਭਾਅ ਹੋਣ ਕਰਕੇ ਸੱਭਿਆਚਾਰਕ ਅਤੇ ਰਾਜਨੀਤਿਕ ਸਖਸੀਅਤਾਂ ਦਾ ਥਾਪੜਾਂ ਵੀ ਉਨਾਂ ‘ਤੇ ਹਮੇਸ਼ਾ ਰਿਹਾ। ਨਜ਼ਦੀਕੀਆਂ ਅਨੁਸਾਰ ਰਿਆੜ ਨੇ ਗੁਰੂ ਗੋਬਿੰਦ ਸਿੰਘ ਰੀਪਬਲਿਕ ਕਾਲਜ਼ ਜੰਡਿਆਲਾ ਅਤੇ ਸਪੋਰਟਸ ਕਾਲਜ਼ ਜਲੰਧਰ ਤੋਂ ਗਰੈਜੂਏਸ਼ਨ ਕਰਕੇ ਲਾਇਲਪੁਰ ਖਾਲਸਾ ਕਾਲਿਜ 'ਚੋਂ ਐੱਮ. ਏ. ਪੰਜਾਬੀ ਕਰਨ ਦੌਰਾਨ ਉਹ ਦੂਰਦਰਸ਼ਨ ਦਾ ਸਫ਼ਲ ਪੇਸ਼ਕਾਰ ਬਣ ਗਿਆ। ਉਹ ਸੱਭਿਆਚਾਰ ਗਤੀਵਿਧੀਆਂ ਅਤੇ ਸ. ਜਗਦੇਵ ਸਿੰਘ ਜੱਸੋਵਾਲ ਦੇ ਸਹਿਯੋਗ ਕਰਕੇ ਪ੍ਰੋ. ਮੋਹਨ ਸਿੰਘ ਫਾਉਂਡੇਸ਼ਨ ਲੁਧਿਆਣਾ ਦਾ ਵੀ ਅਹਿਮ ਹਿੱਸਾ ਰਿਹਾ।

PunjabKesari

ਰਿਆੜ ਹੁਣ ਕਾਫੀ ਸਮੇਂ ਤੋਂ ਅਮਰੀਕਾ ਦੇ ਨਿਊਜਰਸੀ ਸੂਬੇ ਦੇ ਸ਼ਹਿਰ ਕਾਰਟਰੇਟ 'ਚ ਮਾਪਿਆਂ ਤੋਂ ਇਲਾਵਾ ਜੀਵਨ ਸਾਥਣ ਅਮਰਜੀਤ ਕੌਰ ਅਤੇ ਪੁੱਤਰ-ਧੀ ਸਮੇਤ ਰਹਿ ਰਹੇ ਸੀ। ਉਹਨਾਂ ਨੇ ਪਿਛਲੇ ਉੱਨੀ ਸਾਲ ਤੋਂ ਪੱਤਰਕਾਰੀ, ਸਾਹਿੱਤ ਸਿਰਜਣਾ ਤੇ ਮੰਚ ਪੇਸ਼ਕਾਰੀਆਂ ਕਰਕੇ ਪੂਰੇ ਉੱਤਰੀ ਅਮਰੀਕਾ 'ਚ ਆਪਣੀ ਲਿਆਕਤ ਦਾ ਲੋਹਾ ਮੰਨਵਾਇਆ। ‘ਪੰਜਾਬੀ ਰਾਈਟਰ ਵੀਕਲੀ’ ਅਖ਼ਬਾਰ ਅਤੇ ਪੰਜਾਬੀ ਟੀ. ਵੀ. ਚੈਨਲ ‘ਬਾਜ਼’ ਉਸ ਦੇ ਲੰਮੇ ਮੀਡੀਆ ਸਫ਼ਰ ਤੇ ਪਰਿਵਾਰਕ ਘਾਲਣਾ ਸਮੇਤ ਦੂਰ ਦ੍ਰਿਸ਼ਟੀ ਦਾ ਹੀ ਨਤੀਜਾ ਹੈ। ਆਪਣੇ ਚੰਗੇ ਸੁਭਾਅ ਅਤੇ ਉੱਚੀ ਸੋਚ ਕਾਰਨ ਉਹ ਅਮਰੀਕਾ ਦੀ ਸਭ ਤੋਂ ਵੱਡੀ ਪੰਜਾਬੀ ਮੀਡੀਆ ਹਸਤੀ ਵਜੋਂ ਉੱਭਰਿਆ ਸੀ।

ਪੜ੍ਹੋ ਇਹ ਅਹਿਮ ਖਬਰ-  ਕੈਨੇਡਾ : ਲਾਇਬ੍ਰੇਰੀ ਨੇੜੇ ਚਾਕੂ ਨਾਲ ਹਮਲਾ, 1 ਔਰਤ ਦੀ ਮੌਤ ਤੇ ਕਈ ਜ਼ਖਮੀ

ਪਰ ਅਚਾਨਕ ਆਪਣੀ ਭਰ ਉਮਰੇ ਵਿਛੋੜਾ ਦੇਣ ਵਾਲੇ ਹਰਵਿੰਦਰ ਰਿਆੜ ਦੇ ਵਿਯੋਗ ਵਿੱਚ ਜਿੱਥੇ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ, ਉੱਥੇ ਮੀਡੀਆ ਜਗਤ ਵੀ ਇਕ ਨਿੱਡਰ ਅਤੇ ਨਿਰਪੱਖ ਪੱਤਰਕਾਰ ਤੋਂ ਹਮੇਸ਼ਾ ਲਈ ਵਾਂਝਾ ਹੋ ਗਿਆ। ਇਸ ਸਮੇਂ ਪੰਜਾਬੀ ਮੀਡੀਆ ਅਤੇ ਸਾਹਿੱਤਕ ਸ਼ਖਸੀਅਤਾਂ ਵੱਲੋਂ ਸ਼ੋਕ ਸੁਨੇਹੇ ਭੇਜੇ ਜਾ ਰਹੇ ਹਨ। ਕੈਲੀਫੋਰਨੀਆ ਦੀਆਂ ਵੱਖ-ਵੱਖ ਅਖ਼ਬਾਰਾਂ ਦੇ ਪ੍ਰਤੀਨਿਧੀਆਂ, ਰੇਡੀਓ ਸੰਚਾਲਨਾਂ ਅਤੇ ਟੀ.ਵੀ. ਪੱਤਰਕਾਰਤਾ ਵੱਲੋਂ ਦੁੱਖ ਦਾ ਪ੍ਰਗਟਾ ਕੀਤਾ ਗਿਆ। ਸਭ ਨੇ ਹਰਵਿੰਦਰ ਰਿਆੜ ਦੀ ਮੌਤ ਉੱਤੇ ਡੂੰਘੇ ਦੁੱਖ  ਦਾ ਪ੍ਰਗਟਾਵਾ ਕਰਦਿਆਂ ਪਰਿਵਾਰ ਨਾਲ ਹਮਦਰਦੀ ਪ੍ਰਗਟਾਈ ਹੈ।


author

Vandana

Content Editor

Related News