ਕੈਨੇਡਾ ਦੀ ਰਾਸ਼ਟਰੀ ਖੇਡ ਨੂੰ ਇਨ੍ਹਾਂ ਨੌਜਵਾਨਾਂ ਨੇ ਲਾਇਆ ਪੰਜਾਬੀ ਤੜਕਾ, ਹਰ ਪਾਸੇ ਹੁੰਦੀ ਹੈ ਬੱਲੇ-ਬੱਲੇ (ਤਸਵੀਰਾਂ)

12/06/2016 4:22:52 PM

ਟੋਰਾਂਟੋ— ਬੀਤੇ ਦਿਨੀਂ ਨੈਸ਼ਨਲ ਹਾਕੀ ਲੀਗ ਦਾ ਪ੍ਰਸਾਰਣ ਅੰਗਰੇਜੀ ਭਾਸ਼ਾ ਵਿਚ ਕਰਕੇ ਇਤਿਹਾਸ ਰਚਣ ਅਤੇ ਵਾਹ-ਵਾਹ ਖੱਟਣ ਵਾਲੇ ਹਰਨਰਾਇਣ ਸਿੰਘ ਕੈਨੇਡਾ ਦਾ ਜਾਣਿਆ-ਪਛਾਣਿਆ ਨਾਂ ਹੈ। ਹਰਨਰਾਇਣ ਸਿੰਘ ਨੇ ਕੈਨੇਡਾ ਦੀ ਰਾਸ਼ਟਰੀ ਖੇਡ ਹਾਕੀ ਨੂੰ ਪੰਜਾਬੀ ਤੜਕਾ ਲਗਾ ਕੇ ਇਸ ਖੇਡ ਦਾ ਸੁਆਦ ਹੋਰ ਵਧਾ ਦਿੱਤਾ ਸੀ ਅਤੇ ਪੰਜਾਬੀਆਂ ਅਤੇ ਪੰਜਾਬੀ ਨੂੰ ਕੈਨੇਡਾ ਵਾਸੀਆਂ ਦੇ ਦਿਲਾਂ ਦੇ ਹੋਰ ਨੇੜੇ ਲਿਆ ਕੇ ਖੜ੍ਹੇ ਕਰ ਦਿੱਤਾ। ਹਰਨਰਾਇਣ ਸਿੰਘ ਬੀਤੇ 9 ਸਾਲਾਂ ਤੋਂ ਹਾਕੀ ਨਾਈਟ ਕੈਨੇਡਾ ਦੀ ਕੁਮੈਂਟਰੀ ਪੰਜਾਬੀ ਭਾਸ਼ਾ ਕਰ ਰਿਹਾ ਹੈ। ਸਿੰਘ ਦਾ ਗੋਲ ਲਈ ਕਾਲ ਕਰਨ ਦਾ ਵਿਲੱਖਣ ਤਰੀਕਾ ਅਤੇ ਕੁਮੈਂਟਰੀ ਦਾ ਵਿਲੱਖਣ ਅੰਦਾਜ ਲੋਕਾਂ ਨੂੰ ਬਹੁਤ ਪਸੰਦ ਹੈ। ਉਸ ਦੇ ਨਾਲ ਉਸ ਦੀ ਟੀਮ ਵਿਚ ਭੁਪਿੰਦਰ ਹੁੰਦਲ, ਹਰਪ੍ਰੀਤ ਪੰਧੇਰ ਅਤੇ ਅੰਮ੍ਰਿਤ ਗਿਲ ਸ਼ਾਮਲ ਹਨ। ਇਹ ਨੌਜਵਾਨ ਜਦੋਂ ਪੰਜਾਬੀ ਭਾਸ਼ਾ ਵਿਚ ਹਾਕੀ ਦੀ ਕੁਮੈਂਟਰੀ ਕਰਦੇ ਹਨ ਦੇਖਣ ਵਾਲੇ ਝੂਮ ਉੱਠਦੇ ਹਨ ਅਤੇ ਹਰ ਪਾਸੇ ਬੱਲੇ-ਬੱਲੇ ਹੋ ਜਾਂਦੀ ਹੈ। ਸਿਰਫ ਪੰਜਾਬੀ ਹੀ ਨਹੀਂ ਸਗੋਂ ਗੋਰੇ ਵੀ ਉਨ੍ਹਾਂ ਦੇ ਇਸ ਅੰਦਾਜ ਦੇ ਦੀਵਾਨੇ ਹਨ। ਦੱਖਣੀ ਭਾਈਚਾਰੇ ਦੇ ਬਹੁਤ ਸਾਰੇ ਲੋਕ ਜੋ ਭਾਸ਼ਾ ਦੇ ਬੰਧਨਾਂ ਕਾਰਨ ਖੇਡਾਂ ਦੇਖਣ ਤੋਂ ਦੂਰ ਹੋ ਗਏ ਸਨ, ਉਹ ਵੀ ਹੁਣ ਹਾਕੀ ਦੀ ਇਸ ਖੇਡ ਨਾਲ ਜੁੜ ਰਹੇ ਹਨ।
ਸ਼ੁੱਕਰਵਾਰ ਨੂੰ ਲਾਸ ਏਂਜਲਸ ਮੈਥਸਨ ਸੈਕੰਡਰੀ ਸਕੂਲ ਵਿਚ ਵਿਚ ਪਹੁੰਚੇ ਹਰਨਰਾਇਣ ਸਿੰਘ ਅਤੇ ਉਸ ਦੀ ਟੀਮ ਨੇ ਵਿਦਿਆਰਥੀਆਂ ਨਾਲ ਆਪਣੇ ਸੰਘਰਸ਼ ਦੇ ਦਿਨਾਂ ਦੀਆਂ ਗੱਲਾਂ ਸਾਂਝੀਆਂ ਕੀਤੀਆਂ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਆਪਣੇ ਕੈਨੇਡਾ ਦੇ ਇਸ ਸੁਪਨੇ ਨੂੰ ਪੂਰੇ ਕਰਨ ਲਈ ਕੀਤੀ ਮਿਹਨਤ ਬਾਰੇ ਵੀ ਦੱਸਿਆ। ਹਰਨਰਾਇਣ ਸਿੰਘ ਨੇ ਦੱਸਿਆ ਕਿ ਉਸ ਦੇ ਮਾਤਾ-ਪਿਤਾ 60ਵੇਂ ਦਹਾਕੇ ਵਿਚ ਕੈਨੇਡਾ ਦੇ ਐਲਬਰਟਾ ਆਏ ਸਨ। ਉਹ ਉੱਥੇ ਸਕੂਲ ਵਿਚ ਪੜ੍ਹਨ ਵਾਲਾ ਇਕੱਲਾ ਭਾਰਤੀ ਲੜਕਾ ਸੀ। ਉਸ ਦੱਸਿਆ ਕਿ ਪਹਿਲੀ ਵਾਰ ਉਸ ਦੇ ਪਿਤਾ ਨੂੰ ਕੈਨੇਡਾ ਵਿਚ ਸਿਰਫ ਇਸੇ ਕਰਕੇ ਵੋਟ ਵੀ ਨਹੀਂ ਪਾਉਣ ਦਿੱਤੀ ਗਈ ਸੀ ਕਿਉਂਕਿ ਉਹ ਪੱਗ ਬੰਨ੍ਹਦੇ ਸਨ ਪਰ ਅੱਜ ਕੈਨੇਡਾ ਵਿਚ ਜੋ ਮੁਕਾਮ ਹਰਨਰਾਇਣ ਦਾ ਹੈ, ਉਹ ਦੱਸਦਾ ਹੈ ਕਿ ਕਿਸ ਤਰ੍ਹਾਂ ਇਸ ਦੇਸ਼ ਦੀ ਸੋਚ ਸਿੱਖਾਂ ਪ੍ਰਤੀ ਸਮੇਂ ਦੇ ਨਾਲ-ਨਾਲ ਬਦਲੀ ਹੈ। ਹਰਨਰਾਇਣ ਦੇ ਸਾਥੀ ਹੁੰਦਲ ਨੇ ਇਸ ਮੌਕੇ ਵਿਦਿਆਰਥੀਆਂ ਨੂੰ ਕਿਹਾ ਕਿ ਉਨ੍ਹਾਂ ਦੇ ਹਾਕੀ ਨੂੰ ਲੈ ਕੇ ਜਨੂੰਨ ਨੇ ਹੀ ਉਨ੍ਹਾਂ ਲਈ ਕੰਮ ਕੀਤਾ, ਜਿਸ ਕਰਕੇ ਉਹ ਸਫਲਤਾ ਦੇ ਆਸਮਾਨ ਨੂੰ ਛੂਹ ਸਕੇ। ਉਨ੍ਹਾਂ ਵਿਦਿਆਰਥੀਆਂ ਨੂੰ ਕਿਹਾ ਕਿ ਉਨ੍ਹਾਂ ਨੂੰ ਆਪਣੇ ਜਨੂੰਨ ਨੂੰ ਲੱਭਣਾ ਚਾਹੀਦਾ ਹੈ ਅਤੇ ਆਪਣੇ ਸੁਪਨਿਆਂ ਨੂੰ ਪੂਰੇ ਕਰਨ ਵਿਚ ਉਸ ਜਨੂੰਨ ਤੋਂ ਹੀ ਕੰਮ ਲੈਣਾ ਚਾਹੀਦਾ ਹੈ।

Kulvinder Mahi

News Editor

Related News