RNC ਦੇ ਪ੍ਰਧਾਨ ਦੇ ਅਹੁਦੇ ਦੀਆਂ ਚੋਣਾਂ ''ਚ ਰੋਨਾ ਮੈਕਡੈਨੀਅਲ ਤੋਂ ਹਾਰੀ ਹਰਮੀਤ ਢਿੱਲੋਂ

Saturday, Jan 28, 2023 - 01:48 PM (IST)

RNC ਦੇ ਪ੍ਰਧਾਨ ਦੇ ਅਹੁਦੇ ਦੀਆਂ ਚੋਣਾਂ ''ਚ ਰੋਨਾ ਮੈਕਡੈਨੀਅਲ ਤੋਂ ਹਾਰੀ ਹਰਮੀਤ ਢਿੱਲੋਂ

ਡਾਨਾ ਪੁਆਇੰਟ/ਅਮਰੀਕਾ (ਭਾਸ਼ਾ) : ਪ੍ਰਸਿੱਧ ਭਾਰਤੀ-ਅਮਰੀਕੀ ਅਟਾਰਨੀ ਹਰਮੀਤ ਢਿੱਲੋਂ 'ਰਿਪਬਲਿਕਨ ਨੈਸ਼ਨਲ ਕਮੇਟੀ' (ਆਰ.ਐੱਨ.ਸੀ.) ਦੇ ਪ੍ਰਧਾਨ ਦੇ ਅਹੁਦੇ ਦੀ ਚੋਣ ਨਹੀਂ ਜਿੱਤ ਸਕੀ। ਸ਼ੁੱਕਰਵਾਰ ਨੂੰ ਹੋਈਆਂ ਇਨ੍ਹਾਂ ਹਾਈ-ਪ੍ਰੋਫਾਈਲ ਚੋਣਾਂ ਵਿੱਚ ਰੋਨਾ ਮੈਕਡੈਨੀਅਲ ਨੂੰ ਇਕ ਵਾਰ ਫਿਰ ਆਰ.ਐੱਨ.ਸੀ. ਦੀ ਪ੍ਰਧਾਨ ਵਜੋਂ ਚੁਣਿਆ ਗਿਆ। ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਕਰੀਬੀ ਮੰਨੀ ਜਾਂਦੀ ਮੈਕਡਨੀਅਲ ਦਾ ਕਾਰਜਕਾਲ ਦੋ ਸਾਲ ਦਾ ਹੋਵੇਗਾ। ਗੁਪਤ ਮਤਦਾਨ ਰਾਹੀਂ ਹੋਈਆਂ ਚੋਣਾਂ ਵਿੱਚ ਉਨ੍ਹਾਂ ਨੂੰ 111 ਵੋਟਾਂ ਮਿਲੀਆਂ, ਜਦੋਂ ਕਿ ਢਿੱਲੋਂ ਨੂੰ 51 ਵੋਟਾਂ ਮਿਲੀਆਂ।

ਇਨ੍ਹਾਂ ਚੋਣਾ ਨੇ ਰਿਪਬਲਿਕਨ ਪਾਰਟੀ ਵਿੱਚ ਵਧ ਰਹੀ ਅੰਦਰੂਨੀ ਵੰਡ ਦਾ ਪਰਦਾਫਾਸ਼ ਕਰ ਦਿੱਤਾ ਹੈ, ਜੋ 2024 ਦੀਆਂ ਅਮਰੀਕੀ ਰਾਸ਼ਟਰਪਤੀ ਚੋਣਾਂ ਵਿੱਚ ਉਸਦੀ ਸੰਭਾਵਨਾ ਨੂੰ ਪ੍ਰਭਾਵਿਤ ਕਰ ਸਕਦਾ ਹੈ। RNC ਪ੍ਰਧਾਨ ਦੇ ਅਹੁਦੇ ਦੀ ਚੋਣ ਦੱਖਣੀ ਕੈਲੀਫੋਰਨੀਆ ਦੇ ਇੱਕ ਰਿਜ਼ੋਰਟ ਵਿੱਚ ਆਯੋਜਿਤ ਕੀਤੀ ਗਈ ਸੀ, ਜਿੱਥੇ ਸਾਰੇ 50 ਰਾਜਾਂ ਤੋਂ RNC ਵੋਟਰ ਸਮੂਹ ਦੇ 168 ਮੈਂਬਰ (ਕਾਰਕੁਨ ਅਤੇ ਚੁਣੇ ਗਏ ਅਧਿਕਾਰੀ) ਇਕੱਠੇ ਹੋਏ ਸਨ। ਨਤੀਜਿਆਂ ਦਾ ਐਲਾਨ ਹੋਣ ਤੋਂ ਤੁਰੰਤ ਬਾਅਦ, ਮੈਕਡੈਨੀਅਲ ਨੇ ਆਪਣੇ ਵਿਰੋਧੀਆਂ ਨੂੰ ਸਟੇਜ 'ਤੇ ਬੁਲਾਇਆ। ਉਨ੍ਹਾਂ ਕਿਹਾ, “ਸਾਡੇ ਸਾਰਿਆਂ ਦੇ ਇਕਜੁੱਟ ਹੋ ਕੇ ਕੰਮ ਕਰਨ 'ਤੇ 2024 ਦੀਆਂ ਚੋਣਾਂ ਵਿੱਚ ਡੈਮੋਕਰੇਟਸ (ਪਾਰਟੀ) ਨੂੰ  ਸਾਡੀ ਆਵਾਜ਼ ਸੁਣਾਈ ਦੇਵੇਗੀ।”

ਇਸ ਜਿੱਤ ਦੇ ਨਾਲ, ਮੈਕਡਨੀਅਲ ਸਿਵਲ ਯੁੱਧ ਤੋਂ ਬਾਅਦ ਸਭ ਤੋਂ ਲੰਬੇ ਸਮੇਂ ਤੱਕ RNC ਪ੍ਰਧਾਨ ਦੇ ਅਹੁਤੇ 'ਤੇ ਸੇਵਾਵਾਂ ਦੇਣ ਵਾਲੀ ਸ਼ਖ਼ਸ ਬਣ ਗਈ ਹੈ। ਉਸ ਨੂੰ ਟਰੰਪ ਵੱਲੋ 2016 ਵਿੱਚ RNC ਦੀ ਅਗਵਾਈ ਕਰਨ ਲਈ ਚੁਣਿਆ ਗਿਆ ਸੀ। ਮੈਕਡਨੀਅਲ ਦੇ ਮੁੱਖ ਵਿਰੋਧੀ ਅਤੇ ਟਰੰਪ ਦੀ ਵਕੀਲ ਢਿੱਲੋਂ ਨੇ ਪੱਤਰਕਾਰਾਂ ਨੂੰ ਕਿਹਾ, ''ਪਾਰਟੀ ਇਕਜੁੱਟ ਨਹੀਂ ਹੈ। ਪਾਰਟੀ ਵਿੱਚ ਹੁਣ ਜਿਸ ਤਰ੍ਹਾਂ ਦੀਆਂ ਸਰਗਰਮੀਆਂ ਚੱਲ ਰਹੀਆਂ ਹਨ, ਉਸ ਨਾਲ ਕੋਈ ਵੀ ਇਕਜੁੱਟ ਨਹੀਂ ਰਹਿਣ ਵਾਲਾ ਹੈ। ਅਜਿਹਾ ਲੱਗਦਾ ਹੈ ਕਿ ਜ਼ਮੀਨੀ ਪੱਧਰ ਦੇ ਨੇਤਾਵਾਂ ਅਤੇ ਵਰਕਰਾਂ ਦੀ ਅਣਦੇਖੀ ਕੀਤੀ ਜਾ ਰਹੀ ਹੈ।' ਟਰੰਪ ਨੇ ਨਿੱਜੀ ਤੌਰ 'ਤੇ ਮੈਕਡਨੀਅਲ ਦਾ ਸਮਰਥਨ ਕੀਤਾ ਸੀ। ਸਾਬਕਾ ਰਾਸ਼ਟਰਪਤੀ ਨੇ ਸੋਸ਼ਲ ਮੀਡੀਆ 'ਤੇ ਮੈਕਡੈਨੀਅਲ ਨੂੰ RNC ਪ੍ਰਧਾਨ ਦੇ ਅਹੁਦੇ  ਦੀਆਂ ਚੋਣਾਂ ਵਿੱਚ ਉਨ੍ਹਾ ਦੀ ਜਿੱਤ 'ਤੇ ਵਧਾਈ ਵੀ ਦਿੱਤੀ।


author

cherry

Content Editor

Related News